Verify Party Member
Header
Header
ਤਾਜਾ ਖਬਰਾਂ

ਬੇਸ਼ੱਕ ਸੁਪਰੀਮ ਕੋਰਟ ਕਿਸਾਨੀ ਕਾਨੂੰਨਾਂ ਉਤੇ ਹਮਦਰਦੀ ਜਾਹਰ ਕਰਦੀ ਹੈ, ਪਰ ਬਾਬਰੀ ਮਸਜਿਦ ਦੀ ਤਰ੍ਹਾਂ ਪੱਖਪਾਤੀ ਰਵੱਈਆ ਅਪਣਾਉਣ ਨੂੰ ਵੀ ਕਿਸਾਨ ਆਗੂ ਧਿਆਨ ਵਿਚ ਰੱਖਣ : ਟਿਵਾਣਾ

ਬੇਸ਼ੱਕ ਸੁਪਰੀਮ ਕੋਰਟ ਕਿਸਾਨੀ ਕਾਨੂੰਨਾਂ ਉਤੇ ਹਮਦਰਦੀ ਜਾਹਰ ਕਰਦੀ ਹੈ, ਪਰ ਬਾਬਰੀ ਮਸਜਿਦ ਦੀ ਤਰ੍ਹਾਂ ਪੱਖਪਾਤੀ ਰਵੱਈਆ ਅਪਣਾਉਣ ਨੂੰ ਵੀ ਕਿਸਾਨ ਆਗੂ ਧਿਆਨ ਵਿਚ ਰੱਖਣ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 12 ਜਨਵਰੀ ( ) “ਦਿੱਲੀ ਵਿਖੇ ਬੀਤੇ 50 ਦਿਨਾਂ ਤੋਂ ਤਿੰਨ ਕਿਸਾਨ ਮਾਰੂ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈਕੇ ਜੋ ਸਮੁੱਚੀਆ ਕਿਸਾਨ ਜਥੇਬੰਦੀਆਂ ਅਤੇ ਸਮੁੱਚੇ ਇੰਡੀਆ ਦੇ ਕਿਸਾਨਾਂ ਵੱਲੋਂ ਜਮਹੂਰੀਅਤ ਅਤੇ ਅਮਨਮਈ ਤਰੀਕੇ ਸੰਘਰਸ਼ ਚੱਲ ਰਿਹਾ ਹੈ, ਉਸ ਤੋਂ ਇੰਡੀਆ ਨਿਵਾਸੀ ਹੀ ਨਹੀਂ ਬਲਕਿ ਸੰਸਾਰ ਨਿਵਾਸੀ ਪ੍ਰਭਾਵਿਤ ਵੀ ਹਨ ਅਤੇ ਚਿੰਤਤ ਵੀ ਹਨ । ਕਿਉਂਕਿ ਐਨੇ ਲੰਮੇ ਸਮੇਂ ਤੋਂ ਚੱਲ ਰਹੇ ਇਸ ਸੰਘਰਸ਼ ਨੂੰ ਹੁਕਮਰਾਨਾਂ ਨੇ ਆਪਣੇ ਸਾਜ਼ਸੀ ਢੰਗਾਂ ਰਾਹੀ ਬਦਨਾਮ ਕਰਨ ਅਤੇ ਕਿਸਾਨਾਂ ਉਤੇ ਇਲਜਾਮ ਲਗਾਉਣ ਲਈ ਕਈ ਤਰ੍ਹਾਂ ਦੇ ਹੱਥ ਕੰਡੇ ਵਰਤਣ ਦੇ ਬਾਵਜੂਦ ਵੀ ਹੁਕਮਰਾਨ ਇਸ ਕੌਮਾਂਤਰੀ ਪੱਧਰ ਦੇ ਅੰਦੋਲਨ ਨੂੰ ਅਸਫ਼ਲ ਕਰਨ ਜਾਂ ਬਦਨਾਮ ਕਰਨ ਵਿਚ ਰਤੀਭਰ ਵੀ ਕਾਮਯਾਬ ਨਹੀਂ ਹੋਏ । ਇਸ ਅੰਦੋਲਨ ਦੀ ਸੰਸਾਰ ਪੱਧਰ ਤੇ ਆਵਾਜ਼ ਗੂੰਜਣ ਤੇ ਮੁਤੱਸਵੀ ਹੁਕਮਰਾਨਾਂ ਵਿਚ ਘਬਰਾਹਟ ਜਰੂਰ ਹੈ ਪਰ ਉਹ ਕਿਸਾਨੀ ਮੰਗਾਂ ਅਨੁਸਾਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਬਜਾਇ ਕੁਝ ਸਮੇਂ ਲਈ ਟਾਲਮੋਟਲ ਦੀ ਕਿਸਾਨ ਮਾਰੂ ਨੀਤੀ ਤੇ ਅਮਲ ਕਰਦੇ ਆ ਰਹੇ ਹਨ । ਆਪਣੇ ਇਸ ਮਕਸਦ ਨੂੰ ਪ੍ਰਾਪਤ ਕਰਨ ਲਈ ਹੁਕਮਰਾਨ ਇੰਡੀਆ ਦੀ ਸੁਪਰੀਮ ਕੋਰਟ ਵਰਗੀ ਇਨਸਾਫ਼ ਵਾਲੀ ਸੰਸਥਾਂ ਦੀ ਉਸੇ ਤਰ੍ਹਾਂ ਦੁਰਵਰਤੋਂ ਵੀ ਕਰ ਸਕਦੇ ਹਨ, ਜਿਵੇ ਬਾਬਰੀ ਮਸਜਿਦ ਦੇ ਚੱਲ ਰਹੇ ਕੇਸ ਦੌਰਾਨ ਸੁਪਰੀਮ ਕੋਰਟ ਦੇ ਮੁੱਖ ਜੱਜ ਦੀ ਭੂਮਿਕਾ ਹੁਕਮਰਾਨਾਂ ਪੱਖੀ ਰਹੀ ਉਸਦੇ ਬਦਲੇ ਵਿਚ ਉਸ ਸਮੇਂ ਦੇ ਮੁੱਖ ਜੱਜ ਸ੍ਰੀ ਰਾਜਨ ਗੰਗੋਈ ਨੂੰ ਇਨ੍ਹਾਂ ਨੇ ਰਿਟਾਇਰਮੈਟ ਤੋਂ ਬਾਅਦ ਰਾਜ ਸਭਾ ਦਾ ਮੈਬਰ ਬਣਾਕੇ ਨਿਵਾਜਿਆ ਹੈ । ਭਾਵੇ ਮੌਜੂਦਾ ਸੁਪਰੀਮ ਕੋਰਟ ਦੇ ਮੁੱਖ ਜੱਜ ਤੇ ਅਧਾਰਿਤ ਤਿੰਨ ਮੈਬਰੀ ਬੈਂਚ ਦਿੱਲੀ ਵਿਖੇ ਬੈਠੇ ਕਿਸਾਨਾਂ ਲਈ ਕਿਸੇ ਤਰ੍ਹਾਂ ਦੀ ਸਖਤੀ ਵਰਤਣ ਜਾਂ ਉਨ੍ਹਾਂ ਨੂੰ ਇਸ ਮੋਰਚੇ ਨੂੰ ਉਠਾਉਣ ਤੋਂ ਹੁਕਮਰਾਨਾਂ ਨੂੰ ਕੋਰਾ ਜੁਆਬ ਦੇ ਕੇ ਕਿਸਾਨ ਜਥੇਬੰਦੀਆਂ ਅਤੇ ਕਿਸਾਨਾਂ ਦੀ ਹਮਦਰਦੀ ਪ੍ਰਾਪਤ ਕਰਨ ਦੀ ਗੱਲ ਕਰ ਰਹੀ ਹੈ, ਪਰ ਬਾਬਰੀ ਮਸਜਿਦ ਸਮੇਂ ਸੁਪਰੀਮ ਕੋਰਟ ਦੀ ਪੱਖਪਾਤੀ ਭੂਮਿਕਾ ਨੂੰ ਨਜ਼ਰ ਅੰਦਾਜ ਨਹੀਂ ਕੀਤਾ ਜਾ ਸਕਦਾ । ਇਸ ਲਈ ਸਮੁੱਚੇ ਕਿਸਾਨ ਆਗੂ ਅਤੇ ਕਿਸਾਨ ਜਥੇਬੰਦੀਆਂ, ਪੰਜਾਬ, ਹਰਿਆਣਾ ਅਤੇ ਹੋਰ ਸੂਬਿਆ ਦੇ ਕਿਸਾਨ ਹਕੂਮਤੀ ਸਤਰੰਜੀ ਖੇਡ ਤੋਂ ਹਰ ਪਲ ਸੁਚੇਤ ਰਹਿਣ ।”

ਇਹ ਅਪੀਲ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੀਆ ਕਿਸਾਨ ਜਥੇਬੰਦੀਆ ਦੇ ਆਗੂਆਂ ਅਤੇ ਇਸ ਮੋਰਚੇ ਵਿਚ ਸਮੂਲੀਅਤ ਕਰ ਰਹੀ ਨੌਜਵਾਨੀ ਨੂੰ ਅਤਿ ਸੰਜ਼ੀਦਾ ਅਪੀਲ ਕਰਦੇ ਹੋਏ ਹੁਕਮਰਾਨਾਂ ਅਤੇ ਅਦਾਲਤਾਂ ਦੀ ਆਪਸੀ ਮਿਲੀਭੁਗਤ ਦੇ ਹੁਣ ਤੱਕ ਦੇ ਹੋਏ ਵਰਤਾਰਿਆ ਨੂੰ ਮੱਦੇਨਜਰ ਰੱਖਦੇ ਹੋਏ ਹਰ ਪੱਖੋ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹੁਣ ਤੱਕ ਜਿੰਨੇ ਵੀ ਅਤਿ ਸੰਜ਼ੀਦਾ ਕੇਸ ਪੰਜਾਬ ਸੂਬੇ, ਪੰਜਾਬੀਆ ਅਤੇ ਸਿੱਖ ਕੌਮ ਦੇ ਸੁਪਰੀਮ ਕੋਰਟ ਵਿਚ ਗਏ ਹਨ, ਉਨ੍ਹਾਂ ਉਤੇ ਸੁਪਰੀਮ ਕੋਰਟ ਇੰਡੀਆ ਨੇ ਪੰਜਾਬ ਸੂਬੇ, ਇਸਦੇ ਨਿਵਾਸੀਆ ਅਤੇ ਸਿੱਖ ਕੌਮ ਨੂੰ ਬਣਦਾ ਇਨਸਾਫ਼ ਨਾ ਦੇ ਕੇ ਇਹ ਪਹਿਲੇ ਹੀ ਸਾਬਤ ਕੀਤਾ ਹੋਇਆ ਹੈ ਕਿ ਇਸ ਮੁਲਕ ਤੇ ਇਨ੍ਹਾਂ ਅਦਾਲਤਾਂ ਤੋਂ ਪੰਜਾਬੀਆ, ਸਿੱਖ ਕੌਮ, ਕਿਸਾਨਾਂ, ਮਜਦੂਰਾਂ ਅਤੇ ਆਮ ਜਨਤਾ ਨੂੰ ਇਨਸਾਫ਼ ਮਿਲਣਾ ਅਸੰਭਵ ਹੈ । ਸ. ਟਿਵਾਣਾ ਨੇ ਆਪਣੇ ਵਿਚਾਰਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਕਿਹਾ ਕਿ ਬੇਸ਼ੱਕ ਸੁਪਰੀਮ ਕੋਰਟ ਹਾਲ ਦੀ ਘੜੀ ਕਿਸਾਨ ਮੋਰਚੇ ਅਤੇ ਕਿਸਾਨਾਂ ਦੇ ਕੁਝ ਜਮਹੂਰੀਅਤ ਪੱਖੀ ਪੱਖ, ਨਿਯਮਾਂ, ਅਸੂਲਾਂ ਦੀ ਬਦੌਲਤ ਪੂਰਦੀ ਨਜਰ ਆ ਰਹੀ ਹੈ, ਪਰ ਇਸ ਗੱਲ ਤੋ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪਹਿਲੇ ਹੁਕਮਰਾਨ ਅਤੇ ਇਹ ਅਦਾਲਤਾਂ ਕਿਸਾਨ, ਮਜਦੂਰ ਵਰਗ ਦੀ ਹਮਦਰਦੀ ਪ੍ਰਾਪਤ ਕਰਨ ਲਈ ਉਨ੍ਹਾਂ ਦੇ ਮੋਰਚੇ ਪ੍ਰਤੀ ਹਮਦਰਦੀ ਪ੍ਰਗਟਾਉਣ ਦੀ ਖੇਡ-ਖੇਡੇ ਅਤੇ ਜਦੋਂ ਫੈਸਲੇ ਦੀ ਘੜੀ ਆਈ, ਤਾਂ ਜਿਵੇਂ ਬੀਤੇ ਸਮੇਂ ਵਿਚ ਇਹ ਜੱਜ ਅਤੇ ਅਦਾਲਤਾਂ ਹੁਕਮਰਾਨਾਂ ਦੇ ਪੱਖ ਵਿਚ ਭੁਗਤਦੀਆ ਆਈਆ ਹਨ, ਇਸ ਮਸਲੇ ਤੇ ਵੀ ‘ਮਿੱਠੇ ਵਿਚ ਜਹਿਰ ਛੁਪਾਕੇ’ ਵੀ ਦੇਣ ਦੀ ਕੋਸਿ਼ਸ਼ ਹੋ ਸਕਦੀ ਹੈ । ਇਹ ਖਦਸਾ ਇਸ ਲਈ ਪ੍ਰਗਟਾਇਆ ਜਾ ਰਿਹਾ ਹੈ ਕਿਉਂਕਿ ਸੁਪਰੀਮ ਕੋਰਟ ਕਿਸਾਨਾਂ ਦੀ ਗੱਲ ਕਰਦੇ ਹੋਏ ਇਹ ਕਹਿ ਰਹੀ ਹੈ ਕਿ ਹਕੂਮਤ ਕੁਝ ਸਮੇ ਲਈ ਤਿੰਨੇ ਕਿਸਾਨ ਮਾਰੂ ਕਾਨੂੰਨਾਂ ਨੂੰ ਲਾਗੂ ਕਰਨ ਤੋਂ ਰੁਕ ਜਾਵੇ, ਸੁਪਰੀਮ ਕੋਰਟ ਇਸ ਸੰਬੰਧੀ ਦੋਵਾਂ ਧਿਰਾਂ ਦੀ ਕਮੇਟੀ ਬਣਾਕੇ ਅੱਗੇ ਵੱਧਣਾ ਚਾਹੁੰਦੀ ਹੈ, ਜੋ ਕਿ ਜਾਲਮ ਤੇ ਜਾਬਰ ਹੁਕਮਰਾਨਾਂ ਦੇ ਗੁੱਝੇ ਮਕਸਦਾਂ ਨੂੰ ਪੂਰਨ ਕਰਨ ਦੇ ਪ੍ਰਤੱਖ ਅਮਲ ਜਾਪਦੇ ਹਨ । ਇਨ੍ਹਾਂ ਦੀ ਇਹ ਸੋਚ ਹੈ ਕਿ ਕੌਮਾਂਤਰੀ ਪੱਧਰ ਤੇ ਬੁਲੰਦ ਆਵਾਜ਼ ਵਿਚ ਫੈਲ ਚੁੱਕੇ ਕਿਸਾਨੀ ਮੋਰਚੇ ਦੇ ਵੱਡੇ ਪ੍ਰਭਾਵ ਨੂੰ ਅਤੇ ਦੁਨੀਆ ਭਰ ਦੇ ਲੋਕਾਂ ਦੀ ਹਮਦਰਦੀ ਇਸ ਮੋਰਚੇ ਵੱਲ ਹੋਣ ਨੂੰ ਕੁਝ ਘੱਟ ਤੇ ਠੰਡਾ ਕਰਨ ਲਈ ਸਾਂਝੀ ਕਮੇਟੀ ਰਾਹੀ ਅੱਗੇ ਪਾ ਦਿੱਤਾ ਜਾਵੇ ਅਤੇ ਇਹ ਮੋਰਚਾ ਖਤਮ ਕਰਵਾ ਦਿੱਤਾ ਜਾਵੇ । ਜੇਕਰ ਅਸੀਂ ਸਭ ਮੋਰਚੇ ਵਿਚ ਡੱਟੀ ਹੋਈ ਜਨਤਾ ਅਤੇ ਆਗੂ ਕਿਸੇ ਟਪਲੇ ਵਿਚ ਫੱਸਕੇ ਹੁਕਮਰਾਨਾਂ ਅਤੇ ਸੁਪਰੀਮ ਕੋਰਟ ਦੀ ਸਾਜਿ਼ਸ ਵਿਚ ਉਲਝ ਗਏ, ਸਾਇਦ ਫਿਰ ਅਜਿਹੀ ਕੌਮਾਂਤਰੀ ਪੱਧਰ ਦੀ ਤਾਕਤ, ਹਮਦਰਦੀ ਜਾਂ ਨਿਸ਼ਾਨੇ ਦੀ ਫ਼ਤਹਿ ਹੋਣ ਦੀ ਗੱਲ ਤੱਕ ਨਾ ਪਹੁੰਚ ਸਕੀਏ । ਸਰਕਾਰ ਤੇ ਸੁਪਰੀਮ ਕੋਰਟ ਦੀ ਇਸ ਪਰਦੇ ਹੇਠ ਸਾਜਿਸ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਪੰਜਾਬੀਆ, ਸਿੱਖ ਕੌਮ, ਹਰਿਆਣਵੀਆ ਤੇ ਸਮੁੱਚੇ ਸੂਬਿਆ ਦੇ ਕਿਸਾਨਾਂ ਦੇ ਬਿਨ੍ਹਾਂ ਤੇ ਕਿਸਾਨੀ ਲੀਡਰਸਿ਼ਪ ਅਤੇ ਸਮੂਲੀਅਤ ਕਰ ਰਹੀ ਸੂਝਵਾਨ ਨੌਜ਼ਵਾਨੀ ਅਤੇ ਇਸ ਮੋਰਚੇ ਲਈ ਵੱਡੀ ਤਾਕਤ ਜੁਟਾ ਰਹੇ ਗਾਇਕ, ਕਲਾਕਾਰ, ਲੇਖਕ ਸਾਹਿਬਾਨ ਨੂੰ ਇਹ ਅਪੀਲ ਹੈ ਕਿ ਉਹ ਇਸ ਕੌਮਾਂਤਰੀ ਪੱਧਰ ਦੇ ਮੋਰਚੇ ਦੀ ਹਰ ਗਲੀ ਤੇ ਹਰ ਘਰ ਤੱਕ ਪਹੁੰਚ ਚੁੱਕੀ ਇਨਸਾਫ਼ ਦੀ ਆਵਾਜ਼ ਦੀ ਤਾਕਤ ਬਣਕੇ ਕਿਸਾਨ ਮਾਰੂ ਤਿੰਨੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਤੋਂ ਹੋਰ ਕੋਈ ਦੂਸਰੀ ਮੰਗ ਨਾ ਕਰਨ ਅਤੇ ਫ਼ਤਹਿ ਹੋਣ ਤੱਕ ਇਸ ਸੰਘਰਸ਼ ਨੂੰ ਸਭ ਤਰ੍ਹਾਂ ਦੀਆਂ ਔਕੜਾ, ਮੁਸਕਿਲਾਂ ਦਾ ਮੁਕਾਬਲਾ ਕਰਦੇ ਹੋਏ ਉਸ ਗੁਰੂ ਤੇ ਭਰੋਸਾ ਰੱਖਕੇ ਆਪਣੀ ਮੰਜਿਲ ਵੱਲ ਵੱਧਦੇ ਰਹਿਣ । ਤਾਨਾਸ਼ਾਹ ਹੁਕਮਰਾਨ ਜੋ ਇਸ ਸਮੇਂ ‘ਬਦੀ’ ਦੀ ਅਗਵਾਈ ਕਰ ਰਹੇ ਹਨ, ਉਨ੍ਹਾਂ ਦੀ ਹਾਰ ਨਿਸਚਿਤ ਹੋਵੇਗੀ ਅਤੇ ਜੋ ਆਪ ਸਭ ਸੂਝਵਾਨ ਅਤੇ ਦ੍ਰਿੜ ਇਰਾਦੇ ਵਾਲੇ ਆਗੂ ਅਤੇ ਨੌਜਵਾਨ ‘ਨੇਕੀ’ ਦੀ ਅਗਵਾਈ ਕਰਦੇ ਹਨ, ਉਨ੍ਹਾਂ ਦੀ ਹਰ ਕੀਮਤ ਤੇ ਜਿਥੇ ਫ਼ਤਹਿ ਹੋਵੇਗੀ, ਉਥੇ ਪੰਜਾਬੀਆ, ਸਿੱਖ ਕੌਮ ਅਤੇ ਮਨੁੱਖਤਾ ਪੱਖੀ ਹੋਰ ਰਹਿੰਦੇ ਕੰਮ ਵੀ ਆਉਣ ਵਾਲੇ ਸਮੇਂ ਵਿਚ ਇਸ ਕਿਸਾਨ ਮੋਰਚੇ ਤੋ ਤਾਕਤ ਲੈਕੇ ਉਸ ਮੰਜਿਲ ਨੂੰ ਵੀ ਪ੍ਰਾਪਤ ਕਰਨਗੇ।

About The Author

Related posts

Leave a Reply

Your email address will not be published. Required fields are marked *