ਬਾਦਲ ਪਰਿਵਾਰ ਨੇ ਕੀ ਬੀਜੇਪੀ-ਆਰ.ਐਸ.ਐਸ. ਹੀ ਛੱਡੀ ਹੈ ਜਾਂ ਫਿਰ ਸਿੱਖ ਕੌਮ ਨੂੰ ਨੀਵਾਂ ਦਿਖਾਉਣ ਦੇ ਅਮਲ ਵੀ ਛੱਡ ਦਿੱਤੇ ਹਨ ? : ਮਾਨ
ਫ਼ਤਹਿਗੜ੍ਹ ਸਾਹਿਬ, 06 ਜਨਵਰੀ ( ) “ਕੁਝ ਦਿਨ ਪਹਿਲੇ ਅਖ਼ਬਾਰਾਂ ਵਿਚ ਸ. ਸੁਖਬੀਰ ਸਿੰਘ ਬਾਦਲ ਦਾ ਇਹ ਬਿਆਨ ਆਇਆ ਹੈ ਕਿ ਅਸੀਂ ਬੀਜੇਪੀ-ਆਰ.ਐਸ.ਐਸ. ਛੱਡ ਦਿੱਤੀ ਹੈ, ਜੋ ਪੰਜਾਬੀ ਕਹਾਵਤ ‘ਦੇਰ ਆਏ ਦਰੁਸਤ ਆਏ’ ਨੂੰ ਪ੍ਰਤੱਖ ਕਰਦੀ ਹੈ । ਪਰ ਨਾਲ ਹੀ ਅਸੀਂ ਸ. ਸੁਖਬੀਰ ਸਿੰਘ ਬਾਦਲ ਅਤੇ ਇਨ੍ਹਾਂ ਨਾਲ ਸੰਬੰਧਤ ਸਮੁੱਚੇ ਬਾਦਲ ਦਲੀਆਂ ਤੋਂ ਇਹ ਪੁੱਛਣਾ ਚਾਹਵਾਂਗੇ ਕਿ ਜੋ ਉਨ੍ਹਾਂ ਨੇ 1996 ਦੀ ਮੋਗਾ ਕਾਨਫਰੰਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਏਜੰਡੇ ਨੂੰ ਛੱਡਕੇ ਪੰਜਾਬੀ ਪਾਰਟੀ ਬਣਾ ਦਿੱਤਾ ਸੀ, 1946 ਵਿਚ ਐਸ.ਜੀ.ਪੀ.ਸੀ. ਦੇ ਜਰਨਲ ਹਾਊਂਸ ਵਿਚ ਪਾਸ ਕੀਤੇ ਗਏ ਖ਼ਾਲਿਸਤਾਨ ਦੇ ਮਤੇ ਨੂੰ ਅਲਵਿਦਾ ਕਹਿ ਦਿੱਤੀ ਸੀ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਨੂੰ ਵੀ ਪਿੱਠ ਦੇ ਦਿੱਤੀ ਸੀ, ਕੀ ਹੁਣ ਇਨ੍ਹਾਂ ਉਪਰੋਕਤ ਕੌਮ ਪੱਖੀ ਸੋਚ ਨੂੰ ਉਨ੍ਹਾਂ ਨੇ ਪ੍ਰਵਾਨ ਕਰ ਲਿਆ ਹੈ ਜਾਂ ਫਿਰ ਬੀਜੇਪੀ-ਆਰ.ਐਸ.ਐਸ. ਦੇ ਨਾਲ-ਨਾਲ ਇਨ੍ਹਾਂ ਨੂੰ ਵੀ ਅਲਵਿਦਾ ਕਹਿ ਦਿੱਤੀ ਹੈ ? ਇਸੇ ਤਰ੍ਹਾਂ ਸ. ਪ੍ਰਕਾਸ਼ ਸਿੰਘ ਬਾਦਲ ਸਿੱਖੀ ਸੋਚ ਅਤੇ ਸਿਧਾਤਾਂ ਨੂੰ ਪਿੱਠ ਦੇ ਕੇ ਬੀਜੇਪੀ-ਆਰ.ਐਸ.ਐਸ. ਦੇ ਆਗੂਆਂ, ਹਿੰਦੂ ਸੰਤਾਂ ਕੋਲ ਪਹੁੰਚਕੇ ਹਿੰਦੂ ਮਰਿਯਾਦਾ ਅਨੁਸਾਰ ਜੋ ਹਵਨ ਕਰਵਾਉਦੇ ਸੀ, ਆਪਣੇ ਮੱਥਿਆ ਤੇ ਤਿਲਕ ਲਗਾਉਦੇ ਸੀ ਅਤੇ ਹਰ ਵਾਰ ਇਨ੍ਹਾਂ ਅੱਗੇ ਝੁਕਕੇ ਜੈ ਸ੍ਰੀ ਰਾਮ ਕਹਿੰਦੇ ਹੋਏ ਸਿੱਖੀ ਸਰੂਪ ਨੂੰ ਜਲੀਲ ਕਰਨ ਦੇ ਅਮਲ ਕਰਦੇ ਆ ਰਹੇ ਸਨ, ਕੀ ਉਨ੍ਹਾਂ ਨੂੰ ਵੀ ਇਨ੍ਹਾਂ ਨੇ ਅਲਵਿਦਾ ਕਹਿ ਦਿੱਤੀ ਹੈ ਜਾਂ ਨਹੀਂ ? ਇਸਦਾ ਸਮੁੱਚੀ ਲੀਡਰਸਿ਼ਪ ਸਿੱਖ ਕੌਮ ਦੀ ਕਚਹਿਰੀ ਵਿਚ ਜਨਤਕ ਤੌਰ ਤੇ ਜੁਆਬ ਦੇਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਦਲ ਪਰਿਵਾਰ ਵੱਲੋਂ ਬੀਜੇਪੀ-ਆਰ.ਐਸ.ਐਸ. ਨੂੰ ਜਿਨ੍ਹਾਂ ਨਾਲ ਇਨ੍ਹਾਂ ਦਾ ਨੋਹ-ਮਾਸ ਅਤੇ ਪਤੀ-ਪਤਨੀ ਵਾਲਾ ਲੰਮਾਂ ਸਮਾਂ ਰਿਸਤਾ ਰਿਹਾ ਹੈ, ਉਨ੍ਹਾਂ ਨੂੰ ਇਨ੍ਹਾਂ ਵੱਲੋਂ ਛੱਡ ਦੇਣ ਦੇ ਆਏ ਬਿਆਨਾਂ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇਨ੍ਹਾਂ ਸਮੁੱਚੀ ਲੀਡਰਸਿ਼ਪ ਨੂੰ ਸਿੱਖ ਕੌਮ ਦੀ ਕਚਹਿਰੀ ਵਿਚ ਆਪਣੀ ਸਥਿਤੀ ਸਪੱਸਟ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ 1966 ਵਿਚ ਪੰਜਾਬ ਦੀ ਵੰਡ ਸਮੇਂ, ਪੰਜਾਬ ਦੇ ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸਾਂ, ਪੰਜਾਬੀ ਬੋਲਦੇ ਇਲਾਕਿਆ ਨੂੰ ਪੰਜਾਬ ਤੋਂ ਬਾਹਰ ਰੱਖਣ ਸਮੇਂ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਉਤੇ ਆਪਣਾ ਦਾਅਵਾ ਛੱਡਣ ਸਮੇਂ, ਪੰਜਾਬ ਦੀਆਂ ਨਹਿਰਾਂ ਅਤੇ ਦਰਿਆਵਾ ਦੇ ਕੀਮਤੀ ਪਾਣੀਆਂ ਨੂੰ ਦੂਸਰੇ ਸੂਬਿਆਂ ਨੂੰ ਲੁਟਾਉਣ ਸਮੇਂ, ਐਸ.ਵਾਈ.ਐਲ. ਨਹਿਰ ਕੱਢਣ ਸਮੇਂ, ਜਥੇਦਾਰ ਸਾਹਿਬਾਨ ਨੂੰ ਹੁਕਮ ਕਰਕੇ ਸਿਰਸੇਵਾਲੇ ਸਾਧ ਨੂੰ ਗੈਰ-ਸਿਧਾਤਿਕ ਤਰੀਕੇ ਮੁਆਫ਼ੀ ਦਿਵਾਉਣ, ਫਿਰ ਇਸ ਦਿਵਾਈ ਗਈ ਮੁਆਫ਼ੀ ਨੂੰ ਸਹੀ ਸਿੱਧ ਕਰਨ ਲਈ ਐਸ.ਜੀ.ਪੀ.ਸੀ. ਦੇ ਖਾਤੇ ਵਿਚੋਂ 95 ਲੱਖ ਕੌਮੀ ਖਜਾਨੇ ਦੀ ਕੀਤੀ ਗਈ ਲੁੱਟ ਸਮੇਂ, 1984 ਵਿਚ ਹੁਕਮਰਾਨਾਂ ਨੂੰ ਬਲਿਊ ਸਟਾਰ ਦੇ ਫ਼ੌਜੀ ਹਮਲਾ ਕਰਨ ਦੀ ਪ੍ਰਵਾਨਗੀ ਦੇਣ ਸਮੇਂ, ਸਿੱਖ ਨੌਜ਼ਵਾਨੀ ਦੇ ਕਾਤਲ ਪੁਲਿਸ ਅਫ਼ਸਰਾਂ ਨੂੰ ਤਰੱਕੀਆ ਅਤੇ ਸਰਪ੍ਰਸਤੀ ਕਰਨ ਸਮੇਂ, ਐਸ.ਜੀ.ਪੀ.ਸੀ. ਦੀ ਨਿਗਰਾਨੀ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮਸੁਦਾ ਹੋਏ 328 ਸਰੂਪਾਂ ਦੀ ਭਾਲ ਅਤੇ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਨਾ ਕਰਨ, ਬਹਿਬਲ ਕਲਾਂ ਵਿਖੇ ਸ਼ਾਂਤਮਈ ਰੋਸ਼ ਧਰਨੇ ਤੇ ਬੈਠੇ ਸਿੱਖਾਂ ਉਤੇ ਗੋਲੀ ਚਲਾਉਣ ਦੇ ਹੁਕਮ ਕਰਕੇ ਸਿੱਖਾਂ ਨੂੰ ਸ਼ਹੀਦ ਕਰਨ ਅਤੇ ਜਖ਼ਮੀ ਕਰਨ ਸਮੇਂ, ਸਿੱਖ ਕੌਮ ਦੀ ਆਜ਼ਾਦੀ ਦੇ ਚੱਲ ਰਹੇ ਸੰਘਰਸ਼ ਸਮੇਂ ਇਨ੍ਹਾਂ ਵੱਲੋਂ ਨਿਭਾਏ ਗਏ ਪੰਜਾਬ ਸੂਬੇ ਵਿਰੋਧੀ ਅਤੇ ਸਿੱਖ ਕੌਮ ਵਿਰੋਧੀ ਕਾਰਵਾਈਆ ਦਾ ਜੁਆਬ ਵੀ ਅੱਜ ਸਮੁੱਚੇ ਪੰਜਾਬੀ ਅਤੇ ਸਿੱਖ ਕੌਮ ਇਨ੍ਹਾਂ ਤੋਂ ਮੰਗਦੀ ਹੈ ।
ਉਨ੍ਹਾਂ ਕਿਹਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਬੁਲੰਦ ਆਵਾਜ਼ ਵਿਚ ਇਨ੍ਹਾਂ ਨੂੰ ਬੀਜੇਪੀ-ਆਰ.ਐਸ.ਐਸ. ਅਤੇ ਸਮੁੱਚੀਆਂ ਮੁਤੱਸਵੀ ਜਮਾਤਾਂ, ਪੰਜਾਬ ਅਤੇ ਸਿੱਖ ਵਿਰੋਧੀ ਸਿਆਸਤਦਾਨਾਂ ਨਾਲ ਪਾਈ ਸਾਂਝ ਨੂੰ ਛੱਡ ਦੇਣ ਲਈ ਕੂਕ ਰਹੀ ਸੀ, ਉਸ ਸਮੇਂ ਤਾਂ ਇਨ੍ਹਾਂ ਸਵਾਰਥੀ ਅਤੇ ਰਾਜਸੀ ਹਿੱਤਾ ਦੀ ਪੂਰਤੀ ਅਧੀਨ ਕੌਮ ਪੱਖੀ ਫੈਸਲਾ ਨਹੀਂ ਕੀਤਾ । ਜਦੋਂ ਹੁਣ ਲੰਮੇ ਸਮੇਂ ਤੋਂ ਪੰਜਾਬ ਸੂਬੇ ਅਤੇ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਫਿਰਕੂਆ ਦੀਆਂ ਸਾਜਿ਼ਸਾਂ ਵਿਚ ਸਾਮਿਲ ਹੋ ਕੇ ਕਰ ਚੁੱਕੇ ਹਨ ਅਤੇ ਜਿਨ੍ਹਾਂ ਬਾਰੇ ਅਸੀਂ ਪਹਿਲੇ ਵੀ ਇਹ ਕਹਿੰਦੇ ਰਹੇ ਹਾਂ ਕਿ ਇਨ੍ਹਾਂ ਨੇ ਤੁਹਾਡੀ ਦੁਰਵਰਤੋਂ ਕਰਕੇ ਤੁਹਾਡੇ ਨੋਹ-ਮਾਸ ਦੇ ਰਿਸਤੇ ਨੂੰ ਖਤਮ ਕਰ ਦੇਣਾ ਹੈ, ਉਸ ਸਮੇਂ ਤਾਂ ਇਨ੍ਹਾਂ ਬਾਦਲ ਦਲੀਆ ਨੇ ਕੌਮ ਦੀ ਆਵਾਜ਼ ਨੂੰ ਨਹੀਂ ਸੁਣਿਆ । ਹੁਣ ਜਦੋਂ ਇਹ ਆਗੂ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦਾ ਹਰ ਖੇਤਰ ਵਿਚ ਵੱਡਾ ਨੁਕਸਾਨ ਕਰਵਾ ਚੁੱਕੇ ਹਨ ਅਤੇ ਹੁਣ ਫਿਰਕੂ ਆਗੂ ਇਨ੍ਹਾਂ ਨੂੰ ਘਾਹ ਵੀ ਨਹੀਂ ਪਾਉਦੇ ਤਾਂ ਇਨ੍ਹਾਂ ਵੱਲੋਂ ਹੁਣ ਉਨ੍ਹਾਂ ਜਾਲਮ ਜਮਾਤਾਂ ਅਤੇ ਆਗੂਆਂ ਦਾ ਸਾਥ ਛੱਡ ਦੇਣ ਦੀ ਗੱਲ ਵਿਚ ਕੀ ਬਾਕੀ ਰਹਿ ਗਿਆ ਹੈ ? ਅਜਿਹੇ ਅਮਲ ਕਰਕੇ ਇਹ ਬਾਦਲ ਦਲੀਏ ਨਾ ਤਾਂ ਪੰਜਾਬੀਆਂ ਤੇ ਸਿੱਖ ਕੌਮ ਨੂੰ ਹੁਣ ਗੁੰਮਰਾਹ ਕਰਨ ਵਿਚ ਕਾਮਯਾਬ ਹੋ ਸਕਣਗੇ ਅਤੇ ਨਾ ਹੀ ਇਨ੍ਹਾਂ ਕੋਲ ਕੋਈ ਅਜਿਹੀ ਰਾਜਸੀ, ਧਾਰਮਿਕ, ਇਖਲਾਕੀ ਸ਼ਕਤੀ ਰਹੀ ਹੈ ਜਿਸ ਰਾਹੀ ਇਹ ਆਗੂ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੀ ਕੋਈ ਬਿਹਤਰੀ ਕਰ ਸਕਣ । ਹੁਣ ਜਦੋਂ ਪੰਜਾਬ ਨਿਵਾਸੀ ਅੱਕੇ ਹੋਏ ਇਨ੍ਹਾਂ ਨੂੰ ਕਿਸੇ ਵੀ ਸਮਾਜਿਕ ਪ੍ਰੋਗਰਾਮ ਵਿਚ ਦਾਖਲ ਨਹੀਂ ਹੋਣ ਦੇ ਰਹੇ ਅਤੇ ਬਹੁਤ ਵੱਡੀ ਨਫਰਤ ਅਤੇ ਵਿਰੋਧ ਉਤਪੰਨ ਹੋ ਚੁੱਕਾ ਹੈ, ਤਾਂ ਇਨ੍ਹਾਂ ਆਗੂਆਂ ਲਈ ਇਹ ਬਿਹਤਰ ਹੋਵੇਗਾ ਕਿ ਉਹ ਉਪਰੋਕਤ ਦੁਸ਼ਮਣ ਤਾਕਤਾਂ ਜਿਨ੍ਹਾਂ ਨਾਲ ਇਨ੍ਹਾਂ ਦੀ ਸਾਂਝ ਰਹੀ ਹੈ, ਉਨ੍ਹਾਂ ਦੇ ਮਨਸੂਬਿਆ ਨੂੰ ‘ਭਰਾਮਾਰੂ ਜੰਗ’ ਰਾਹੀ ਫਿਰ ਪੂਰਨ ਕਰਨ ਦੀ ਗੁਸਤਾਖੀ ਨਾ ਕਰਨ, ਅੱਛਾ ਹੋਵੇਗਾ ਕਿ ਇਹ ਮੁਕੰਮਲ ਤੌਰ ਤੇ ਕਿਸਾਨਾਂ, ਪੰਜਾਬੀਆਂ, ਸਿੱਖਾਂ ਅਤੇ ਸਮੁੱਚੀ ਮਨੁੱਖਤਾ ਲਈ ਸਿਆਸਤ ਤੋਂ ਸਦਾ ਲਈ ਅਲਵਿਦਾ ਲੈ ਲੈਣ । ਫਿਰ ਤਾਂ ਕੋਈ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਆਪਣੀਆ ਮੁਸ਼ਕਿਲਾਂ ਨੂੰ ਹੱਲ ਕਰ ਸਕੇਗੀ । ਵਰਨਾ ਇਹ ਆਗੂ ਫਿਰ ਸਿੱਖ ਕੌਮ ਤੇ ਪੰਜਾਬ ਸੂਬੇ ਦਾ ਨੁਕਸਾਨ ਕਰਵਾਉਣ ਦੇ ਵੱਡੇ ਭਾਗੀ ਗਰਦਾਨੇ ਜਾਣਗੇ ।