Verify Party Member
Header
Header
ਤਾਜਾ ਖਬਰਾਂ

ਬਾਦਲ ਦਲ ਵੱਲੋਂ 1996 ਵਿਚ 1920 ਵਾਲੇ ਅਕਾਲੀ ਦਲ ਨੂੰ ‘ਪੰਜਾਬੀ ਪਾਰਟੀ’ ਬਣਾਕੇ ਜੋ ਗੁਸਤਾਖੀ ਕੀਤੀ ਸੀ, ਉਸਦੇ ਨਤੀਜੇ ਹੁਣ ਸਾਹਮਣੇ ਆ ਰਹੇ ਹਨ : ਮਾਨ

ਬਾਦਲ ਦਲ ਵੱਲੋਂ 1996 ਵਿਚ 1920 ਵਾਲੇ ਅਕਾਲੀ ਦਲ ਨੂੰ ‘ਪੰਜਾਬੀ ਪਾਰਟੀ’ ਬਣਾਕੇ ਜੋ ਗੁਸਤਾਖੀ ਕੀਤੀ ਸੀ, ਉਸਦੇ ਨਤੀਜੇ ਹੁਣ ਸਾਹਮਣੇ ਆ ਰਹੇ ਹਨ : ਮਾਨ

ਫ਼ਤਹਿਗੜ੍ਹ ਸਾਹਿਬ, 29 ਦਸੰਬਰ ( ) “ਪੰਜਾਬ ਨਿਵਾਸੀਆ ਅਤੇ ਸਿੱਖ ਕੌਮ ਦੇ ਖੂਨ ਵਿਚ ਇਹ ਦਰਜ ਹੈ ਕਿ ਜੇਕਰ ਕੋਈ ਆਗੂ ਇਖਲਾਕੀ, ਸਿੱਖੀ ਅਤੇ ਇਨਸਾਨੀ ਸਿਧਾਤਾਂ, ਨਿਯਮਾਂ ਉਤੇ ਪਹਿਰਾ ਦਿੰਦਾ ਹੋਇਆ ਆਪਣੀਆ ਸਰਗਰਮੀਆ ਕਰਦਾ ਹੈ, ਜੇਕਰ ਉਹ ਕਿਸੇ ਵਜਹ ਕਾਰਨ ਆਪਣੀ ਗਤੀ ਵਿਚ ਪਿੱਛੇ ਰਹਿ ਜਾਂਦਾ ਹੈ ਤਾਂ ਆਵਾਮ ਅਜਿਹੇ ਇਨਸਾਨ ਨੂੰ ਫਿਰ ਮੌਕਾ ਦਿੰਦੀ ਹੈ ਕਿ ਉਹ ਆਪਣੀ ਸੋਚ ਅਤੇ ਖਿਆਲਾਤਾਂ ਨੂੰ ਅਮਲੀ ਰੂਪ ਦੇਣ ਲਈ ਉੱਠੇ । ਪਰ ਜੋ ਇਨਸਾਨ ਉਪਰੋਕਤ ਸਿਧਾਤਾਂ ਤੇ ਨਿਯਮਾਂ ਨੂੰ ਆਪਣੇ ਸਵਾਰਥੀ ਹਿੱਤਾਂ ਦੀ ਪੂਰਤੀ ਲਈ ਆਵਾਮ ਵੱਲੋ ਦਿੱਤੀ ਤਾਕਤ ਦੀ ਵਾਰ-ਵਾਰ ਦੁਰਵਰਤੋਂ ਕਰੇ ਅਤੇ ਆਵਾਮ ਦਾ ਮਾਣ-ਸਨਮਾਨ ਭੁੱਲ ਜਾਵੇ ਤਾਂ ਪੰਜਾਬੀ ਅਤੇ ਸਿੱਖ ਕੌਮ ਉਸ ਨੂੰ ਅਜਿਹਾ ਪਟਕਾ ਮਾਰਦੇ ਹਨ ਕਿ ਉਸਦੀਆ ਆਉਣ ਵਾਲੀਆ ਨਸਲਾਂ ਨੂੰ ਵੀ ਤਾਪ ਨਹੀਂ ਉੱਤਰਦਾ । ਇਹੀ ਵਜਹ ਹੈ ਕਿ ਬਾਦਲ ਪਰਿਵਾਰ ਵੱਲੋਂ ਬੀਤੇ ਸਮੇਂ ਵਿਚ ਆਪਣੀ ਸਿਆਸੀ ਤਾਕਤ ਦੀ ਦੁਰਵਰਤੋਂ ਕਰਕੇ ਜੋ ਪੰਜਾਬੀਆ ਅਤੇ ਸਿੱਖਾਂ ਦੇ ਮਾਣ-ਸਨਮਾਨ, ਗੁਰੂ ਗ੍ਰੰਥ ਸਾਹਿਬ, ਸਿੱਖੀ ਸੰਸਥਾਵਾਂ, ਪੰਜਾਬ ਦੇ ਕੀਮਤੀ ਪਾਣੀਆ, ਇਲਾਕਿਆ ਅਤੇ ਹੋਰ ਗੰਭੀਰ ਮੁੱਦਿਆ ਉਤੇ ਬੇਈਮਾਨੀ ਤੇ ਧੋਖੇ ਕੀਤੇ ਹਨ, ਤਦ ਹੀ ਅੱਜ ਬਾਦਲ ਪਰਿਵਾਰ ਦੇ ਇਹ ਦੁਖਾਂਤ ਵਾਲੇ ਹਾਲਤ ਬਣੇ ਹਨ । ਜੋ ਸ. ਸੁਖਬੀਰ ਸਿੰਘ ਬਾਦਲ ਨੂੰ 1996 ਵਿਚ ਅਗਲੇ ਦਰਵਾਜੇ ਰਾਹੀ ਅਕਾਲੀ ਦਲ ਵਿਚ ਦਾਖਲ ਕੀਤਾ ਗਿਆ ਸੀ, ਉਨ੍ਹਾਂ ਨੂੰ ਪੁਲਿਸ ਵੱਲੋਂ ਪਿਛਲੇ ਦਰਵਾਜਿਓ ਕੱਢਕੇ ਸੁਰੱਖਿਅਤ ਜਗ੍ਹਾ ਤੇ ਪਹੁੰਚਾਉਣਾ ਪਿਆ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫ਼ਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ ਅਤੇ ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਜੀ ਦੇ ਦੁਨੀਆਂ ਦੇ ਸਭ ਤੋਂ ਵੱਡੇ ਅਤੇ ਮਹਾਨ ਅਸਥਾਂਨ ਉਤੇ ਨਤਮਸਤਕ ਹੋਣ ਆਏ ਸ. ਸੁਖਬੀਰ ਸਿੰਘ ਬਾਦਲ ਨਾਲ ਹੋਈ ਦੁਰਘਟਨਾ ਸੰਬੰਧੀ ਆਪਣੇ ਵਿਚਾਰ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ 1996 ਵਿਚ ਮੋਗਾ ਵਿਖੇ ਹੋਏ ਆਪਣੇ ਇਜਲਾਸ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੁੱਤਰ ਸ. ਸੁਖਬੀਰ ਸਿੰਘ ਬਾਦਲ ਨੂੰ ਬਹੁਤ ਖੁਸ਼ੀ ਨਾਲ ਅਕਾਲੀ ਦਲ ਵਿਚ ਦਾਖਲ ਕੀਤਾ ਸੀ। ਉਸ ਸਮੇਂ ਇਨ੍ਹਾਂ ਰਵਾਇਤੀ ਅਕਾਲੀਆ ਨੇ ਸਿੱਖ ਕੌਮ ਤੇ ਪੰਜਾਬੀਆਂ ਨਾਲ ਇਹ ਬਚਨ ਕੀਤਾ ਸੀ ਕਿ ਸਿੱਖ ਧਰਮ, ਸਿਆਸਤ, ਸੱਭਿਆਚਾਰ, ਇੱਜਤ-ਮਾਣ, ਵਿਰਸੇ ਅਤੇ ਵਿਰਾਸਤ ਨੂੰ ਸਾਂਭਕੇ ਰੱਖਾਂਗੇ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਅਜਿਹੇ ਕੀਤੇ ਗਏ ਬਚਨ ਨੂੰ ਪੂਰਨ ਕਰਨ ਦੀ ਬਜਾਇ ਕੁਰਬਾਨੀਆ ਨਾਲ ਹੋਂਦ ਵਿਚ ਆਏ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾਕੇ, ਆਨੰਦਪੁਰ ਸਾਹਿਬ ਦੇ ਮਤੇ ਨੂੰ ਭੁਲਾਕੇ ਆਪਣੇ-ਆਪ ਨੂੰ ਉਸ ਫਿਰਕੂ ਤੇ ਮੁਤੱਸਵੀ ਜਨਤਾ ਵਿਰੋਧੀ ਹਿੰਦੂਤਵ ਬੀਜੇਪੀ ਪਾਰਟੀ ਨਾਲ ਜੋੜ ਲਿਆ, ਜਿਸਦਾ ਅੰਤ ਵੀ ਸਭ ਨੂੰ ਸਾਹਮਣੇ ਦਿੱਸ ਰਿਹਾ ਹੈ। ਅੱਜ 24 ਸਾਲ ਦਾ ਸਮਾਂ ਹੋ ਗਿਆ ਹੈ, ਜਿਸ ਪੁੱਤਰ ਨੂੰ ਖੁਸ਼ੀ-ਖੁਸ਼ੀ ਸਾਮਿਲ ਕੀਤਾ ਸੀ, ਅੱਜ ਪੰਜਾਬੀ, ਸਿੱਖ ਆਵਾਮ, ਕਿਸਾਨ ਤੇ ਖੇਤ-ਮਜਦੂਰਾਂ ਵੱਲੋਂ ਉਨ੍ਹਾਂ ਨੂੰ ਆਪਣੇ ਘੁਰਨਿਆ ਵਿਚ ਵੜਨ ਤੇ ਸੁਰੱਖਿਅਤ ਹੋਣ ਲਈ ਮਜਬੂਰ ਕਰ ਦਿੱਤਾ ਹੈ। ਇਸ ਵਿਸ਼ੇ ਤੇ ਅਸੀਂ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਣਾ ਚਾਹਵਾਂਗੇ ਕਿ ਉਨ੍ਹਾਂ ਦਾ ਕੀ ਵਿਚਾਰ ਹੈ ? ਜਦੋਂਕਿ ਅਸੀਂ ਅਤੇ ਸਿੱਖ ਆਵਾਮ ਇਹ ਮਹਿਸੂਸ ਕਰਦਾ ਹੈ ਕਿ 1920 ਵਾਲੇ ਅਕਾਲੀ ਦਲ ਦੇ ਮਤੇ ਅਤੇ ਸੋਚ ਨੂੰ ਕੋਈ ਆਗੂ ਤਾਂ ਕੀ ਕੋਈ ਤਾਕਤ ਵੀ ਨਹੀਂ ਬਦਲ ਸਕਦੀ ।

ਸ. ਮਾਨ ਨੇ ਕਾਉਮਨਿਸਟ ਪਾਰਟੀ ਦੇ ਬੀਤੇ ਸਮੇਂ ਦੇ ਕੌਮਾਂਤਰੀ ਪੱਧਰ ਦੇ ਆਗੂ ਸ੍ਰੀ ਹਰਕ੍ਰਿਸ਼ਨ ਸੁਰਜੀਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 1943 ਵਿਚ ਉਨ੍ਹਾਂ ਨੇ ਸੋਵੀਅਤ ਯੂਨੀਅਨ ਦੀ ਰਾਜਧਾਨੀ ਮਾਸਕੋ ਵਿਚ ਸੰਸਾਰ ਪੱਧਰ ਦੀ ਕਾਉਮਨਿਸਟ ਲੀਡਰਸਿ਼ਪ ਦੇ ਹੋ ਰਹੇ ਇਜਲਾਸ ਵਿਚ ਖ਼ਾਲਿਸਤਾਨ ਦਾ ਮਤਾ ਰੱਖਕੇ ਸਰਬਸੰਮਤੀ ਨਾਲ ਪਾਸ ਕਰਵਾਇਆ ਸੀ । ਜੇਕਰ ਕਾਉਮਨਿਸਟ ਪਾਰਟੀ ਗੁਰੂ ਸਾਹਿਬਾਨ ਜੀ ਦੀ ਸੋਚ ਤੇ ਅਧਾਰਿਤ ‘ਹਲੀਮੀ ਰਾਜ’ ਦੀ ਤਰਜ ਤੇ ਖ਼ਾਲਿਸਤਾਨ ਦਾ ਮਤਾ ਕੌਮਾਂਤਰੀ ਇਜਲਾਸ ਵਿਚ ਲਿਆ ਸਕਦੇ ਹਨ ਅਤੇ 1946 ਵਿਚ ਸ. ਬਲਵੰਤ ਸਿੰਘ ਕੁੱਕੜ ਸਿੱਖ ਕੌਮ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਇਸ ਮਤੇ ਨੂੰ ਰੱਖਕੇ ਪਾਸ ਕਰਵਾ ਸਕਦੇ ਹਨ, ਤਾਂ ਫਿਰ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲ ਸ੍ਰੀ ਆਨੰਦਪੁਰ ਦੇ ਮਤੇ ਉਤੇ ਦਸਤਖਤ ਕਰਕੇ, ਫਿਰ 22 ਅਪ੍ਰੈਲ 1992 ਨੂੰ ਯੂ.ਐਨ. ਦੇ ਸਕੱਤਰ ਜਰਨਲ ਬੁਟਰੋਸ-ਬੁਟਰੋਸ ਘਾਲੀ ਨੂੰ ਦਿੱਤੇ ਗਏ ਖ਼ਾਲਿਸਤਾਨ ਸੰਬੰਧੀ ਯਾਦ-ਪੱਤਰ ਉਤੇ ਦਸਤਖਤ ਕਰਕੇ ਸਿੱਖ ਕੌਮ ਨੂੰ ਪਿੱਠ ਦੇ ਕੇ ਮੁਨਕਰ ਕਿਉਂ ਹੋ ਗਏ ਹਨ ? ਉਹ ਖ਼ਾਲਿਸਤਾਨ ਦੇ ਸਰਬਸਾਂਝੇ ਮਨੁੱਖਤਾ ਪੱਖੀ ਬਰਾਬਰਤਾ ਦੇ ਹੱਕ ਅਧਿਕਾਰ ਪ੍ਰਦਾਨ ਕਰਨ ਵਾਲੇ ਰਾਜ ਪ੍ਰਬੰਧ ਨੂੰ ਕਾਇਮ ਕਿਉਂ ਨਹੀਂ ਕਰਵਾ ਸਕਦੇ ? ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਖ਼ਾਲਸਾ ਪੰਥ ਇਸ ਬਾਦਲ ਪਰਿਵਾਰ ਤੋਂ ਜਨਤਕ ਤੌਰ ਤੇ ਜਿਥੇ ਜੁਆਬ ਮੰਗਦਾ ਹੈ, ਉਥੇ ਉਹ ਆਪਣੀ ਆਤਮਾ ਤੋਂ ਵੀ ਪੁੱਛਣ ਕਿ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਹੋਈ ਘਟਨਾ ਕਿਉਂ ਹੋਈ ਹੈ ?

About The Author

Related posts

Leave a Reply

Your email address will not be published. Required fields are marked *