Verify Party Member
Header
Header
ਤਾਜਾ ਖਬਰਾਂ

ਬਰਤਾਨੀਆ ਦੇ 100 ਐਮ.ਪੀਜ ਵੱਲੋਂ ਕਿਸਾਨੀ ਬਿੱਲਾਂ ਦੇ ਵਿਰੋਧ ਅਤੇ ਕਿਸਾਨ ਸੰਘਰਸ਼ ਦੇ ਹੱਕ ਵਿਚ ਉਠਾਈ ਆਵਾਜ਼ ਸਵਾਗਤਯੋਗ : ਮਾਨ

ਬਰਤਾਨੀਆ ਦੇ 100 ਐਮ.ਪੀਜ ਵੱਲੋਂ ਕਿਸਾਨੀ ਬਿੱਲਾਂ ਦੇ ਵਿਰੋਧ ਅਤੇ ਕਿਸਾਨ ਸੰਘਰਸ਼ ਦੇ ਹੱਕ ਵਿਚ ਉਠਾਈ ਆਵਾਜ਼ ਸਵਾਗਤਯੋਗ : ਮਾਨ

ਰਵਨੀਤ ਬਿੱਟੂ ਦੇ ਪਰਿਵਾਰ ਵੱਲੋਂ ਸ. ਰਾਜੋਆਣਾ ਤੇ ਸ. ਹਵਾਰਾ ਦੀ ਰਿਹਾਈ ਲਈ ਹਰੀ ਝੰਡੀ ਦੇਣ ਦਾ ਫੈਸਲਾ ਪ੍ਰਸ਼ੰਸ਼ਾਯੋਗ

ਫ਼ਤਹਿਗੜ੍ਹ ਸਾਹਿਬ, 12 ਜਨਵਰੀ ( ) “ਪੰਜਾਬ-ਹਰਿਆਣਾ, ਰਾਜਸਥਾਂਨ, ਯੂ.ਪੀ, ਵੈਸਟ ਬੰਗਾਲ, ਬਿਹਾਰ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਹੋਰਨਾਂ ਸੂਬਿਆਂ ਤੋਂ ਵੱਡੀ ਗਿਣਤੀ ਵਿਚ ਕਿਸਾਨ ਵਰਗ ਆਪਣੀਆ ਟਰੈਕਟਰ, ਟਰਾਲੀਆ ਸਮੇਤ ਦਿੱਲੀ ਵਿਖੇ ਤਿੰਨ ਕਿਸਾਨ ਮਾਰੂ ਕਾਨੂੰਨਾਂ ਨੂੰ ਰੱਦ ਕਰਵਾਉਣ ਹਿੱਤ ਚੱਲ ਰਹੇ ਜਮਹੂਰੀਅਤ ਅਤੇ ਅਮਨਮਈ ਢੰਗ ਵਾਲੇ ਸੰਘਰਸ਼ ਤੋਂ ਕੇਵਲ ਉਪਰੋਕਤ ਸੂਬਿਆਂ ਅਤੇ ਸਮੁੱਚੇ ਇੰਡੀਆ ਦੇ ਨਿਵਾਸੀ ਹੀ ਪ੍ਰਭਾਵਿਤ ਨਹੀਂ ਹਨ, ਬਲਕਿ ਬਰਤਾਨੀਆ, ਕੈਨੇਡਾ, ਅਮਰੀਕਾ, ਜਰਮਨ, ਆਸਟ੍ਰੇਲੀਆ ਅਤੇ ਹੋਰ ਯੂਰਪਿੰਨ ਮੁਲਕਾਂ ਦੀਆਂ ਹਕੂਮਤਾਂ ਤੇ ਉਥੋਂ ਦੇ ਨਿਵਾਸੀ ਵੀ ਅਤਿ ਚਿੰਤਤ ਅਤੇ ਹਮਦਰਦੀ ਰੱਖਦੇ ਹਨ । ਕਿਉਂਕਿ ਇਨ੍ਹਾਂ ਕਾਨੂੰਨਾਂ ਦੀ ਬਦੌਲਤ ਅੱਜ ਇੰਡੀਆ ਦੇ ਹਰ ਸੂਬੇ ਦੇ ਕਿਸਾਨ, ਮਜਦੂਰ, ਆੜਤੀਏ, ਟਰਾਸਪੋਰਟਰ, ਦੁਕਾਨਦਾਰ, ਨੌਜ਼ਵਾਨ ਅਤੇ ਆਮ ਜਨਤਾ ਬੁਰੀ ਤਰ੍ਹਾਂ ਪ੍ਰਭਾਵਿਤ ਵੀ ਹੋਈ ਹੈ ਅਤੇ ਇਨ੍ਹਾਂ ਕਾਨੂੰਨਾਂ ਦੇ ਮਾਰੂ ਨਤੀਜਿਆ ਨੂੰ ਵੇਖਦੇ ਹੋਏ ਸਭ ਵਰਗ ਇਕੱਤਰ ਹੋਏ ਹਨ । ਇਥੋਂ ਤੱਕ ਕਿ ਬਰਤਾਨੀਆ, ਕੈਨੇਡਾ ਦੀਆਂ ਹਕੂਮਤਾਂ ਨੇ ਕਿਸਾਨ ਮੋਰਚੇ ਨਾਲ ਪੂਰਨ ਹਮਦਰਦੀ ਪ੍ਰਗਟਾਉਦੇ ਹੋਏ ਇੰਡੀਆ ਦੀ ਮੋਦੀ ਹਕੂਮਤ ਨੂੰ ਇਨ੍ਹਾਂ ਜ਼ਾਬਰ ਕਾਨੂੰਨਾਂ ਨੂੰ ਲਾਗੂ ਕਰਨ ਤੋਂ ਵਰਜਿਆ ਵੀ ਹੈ ਅਤੇ ਠੰਡ ਦੇ ਦਿਨਾਂ ਵਿਚ ਲੱਖਾਂ ਦੀ ਗਿਣਤੀ ਵਿਚ ਦਿੱਲੀ ਦੀਆਂ ਸੜਕਾਂ ਤੇ ਬੈਠੇ ਕਿਸਾਨਾਂ, ਬਜੁਰਗਾਂ, ਬੱਚਿਆਂ, ਬੀਬੀਆਂ ਅਤੇ ਨੌਜ਼ਵਾਨਾਂ ਦੀ ਜਿ਼ੰਦਗੀ ਪ੍ਰਤੀ ਗਹਿਰੀ ਚਿੰਤਾ ਵੀ ਜਾਹਰ ਕੀਤੀ ਹੈ । ਸ. ਤਨਮਨਜੀਤ ਸਿੰਘ ਢੇਸੀ ਐਮ.ਪੀ. ਬਰਤਾਨੀਆ ਅਤੇ ਉਥੋਂ ਦੇ ਉੱਘੇ ਸਿੱਖਾਂ ਵੱਲੋਂ ਜੋ ਵਜ਼ੀਰ-ਏ-ਆਜ਼ਮ ਬੋਰਿਸ ਜੋਹਨਸਨ ਨੂੰ ਇੰਡੀਆ ਦੀ ਮੌਜੂਦਾ ਸਥਿਤੀ ਬਾਰੇ ਡੂੰਘੀ ਜਾਣਕਾਰੀ ਦੇਣ ਦੀ ਬਦੌਲਤ ਹੀ ਉਨ੍ਹਾਂ ਨੇ ਆਪਣੇ 26 ਜਨਵਰੀ ਦੇ ਇੰਡੀਆ ਦੌਰੇ ਨੂੰ ਰੱਦ ਕੀਤਾ ਹੈ । ਇਥੋਂ ਵੀ ਅੱਗੇ ਜਾ ਕੇ ਬਰਤਾਨੀਆ ਦੇ ਜੋ 100 ਐਮ.ਪੀਜ ਨੇ ਕਿਸਾਨ ਮਾਰੂ ਕਾਨੂੰਨਾਂ ਨੂੰ ਤੁਰੰਤ ਰੱਦ ਕਰਨ ਲਈ ਇੰਡੀਆ ਦੇ ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਨੂੰ ਚਿੱਠੀ ਲਿੱਖਕੇ ਇਸ ਗੰਭੀਰ ਮਸਲੇ ਦਾ ਹੱਲ ਕਰਨ ਲਈ ਆਵਾਜ਼ ਉਠਾਈ ਹੈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਮੁੱਚੀ ਸਿੱਖ ਕੌਮ ਇਨ੍ਹਾਂ ਮਨੁੱਖਤਾ ਪੱਖੀ ਉਦਮਾਂ ਦਾ ਭਰਪੂਰ ਸਵਾਗਤ ਕਰਦੇ ਹੋਏ ਸਮੁੱਚੇ ਐਮ.ਪੀਜ ਅਤੇ ਬਰਤਾਨੀਆ ਦੇ ਵਜ਼ੀਰ-ਏ-ਆਜ਼ਮ ਦਾ ਧੰਨਵਾਦ ਕਰਦੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਰਤਾਨੀਆ ਦੇ ਵਜ਼ੀਰ-ਏ-ਆਜ਼ਮ ਦੇ ਨਾਲ-ਨਾਲ ਉਥੋਂ ਦੇ 100 ਐਮ.ਪੀਜ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿਚ ਅਤੇ ਕਿਸਾਨ ਮਾਰੂ ਕਾਨੂੰਨਾਂ ਨੂੰ ਰੱਦ ਕਰਨ ਲਈ ਇੰਡੀਆ ਸਰਕਾਰ ਨੂੰ ਲਿਖੇ ਗਏ ਸੰਜ਼ੀਦਾ ਪੱਤਰ ਦਾ ਭਰਪੂਰ ਸਵਾਗਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਇਕ ਹੋਰ ਵੀ ਪੰਜਾਬ ਦੇ ਮਾਹੌਲ ਨੂੰ ਅਮਨਮਈ ਰੱਖਣ ਵਾਲਾ ਸਲਾਘਾਯੋਗ ਅਮਲ ਹੋਇਆ ਹੈ ਕਿ ਜੋ ਮਰਹੂਮ ਬੇਅੰਤ ਸਿੰਘ ਦੇ ਪਰਿਵਾਰ ਵੱਲੋਂ ਬੀਤੇ ਕਾਫ਼ੀ ਲੰਮੇ ਸਮੇਂ ਤੋਂ ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਹੋਰ ਜ਼ਬਰੀ ਬੰਦੀ ਬਣਾਏ ਗਏ ਸਿੰਘਾਂ ਦੀ ਰਿਹਾਈ ਸੰਬੰਧੀ ਬਿਆਨਬਾਜੀ ਕਰਕੇ ਰੁਕਾਵਟ ਪਾਈ ਜਾ ਰਹੀ ਸੀ, ਉਸ ਨੂੰ ਸਹੀ ਦਿਸ਼ਾ ਵੱਲ ਲੈਦੇ ਹੋਏ ਜੋ ਸ. ਰਵਨੀਤ ਸਿੰਘ ਬਿੱਟੂ ਐਮ.ਪੀ. ਵੱਲੋਂ ਆਪਣੇ ਪਰਿਵਾਰ ਦੇ ਬਿਨ੍ਹਾਂ ਤੇ ਜੋ ਖੁੱਲ੍ਹੇ ਰੂਪ ਵਿਚ ਇਹ ਕਿਹਾ ਗਿਆ ਹੈ ਕਿ ਉਪਰੋਕਤ ਸ. ਹਵਾਰਾ, ਸ. ਰਾਜੋਆਣਾ ਅਤੇ ਹੋਰ ਸਜ਼ਾ ਪੂਰੀ ਕਰ ਚੁੱਕੇ ਸਿੰਘਾਂ ਦੀ ਰਿਹਾਈ ਕਰ ਦਿੱਤੀ ਜਾਵੇ ਤਾਂ ਸਾਡੇ ਪਰਿਵਾਰ ਨੂੰ ਇਸ ਉਤੇ ਕੋਈ ਵੀ ਗਿਲਾ-ਸਿਕਵਾ ਨਹੀਂ ਹੋਵੇਗਾ । ਲੇਕਿਨ ਇਸਦੇ ਨਾਲ ਹੀ ਇੰਡੀਆ ਸਰਕਾਰ ਵੱਲੋਂ ਜੋ ਤਿੰਨ ਕਿਸਾਨ ਮਾਰੂ ਕਾਨੂੰਨ ਬਣਾਕੇ ਜ਼ਬਰੀ ਲਾਗੂ ਕਰਨ ਦੇ ਦੁੱਖਦਾਇਕ ਅਮਲ ਹੋ ਰਹੇ ਹਨ, ਉਨ੍ਹਾਂ ਕਾਨੂੰਨਾਂ ਨੂੰ ਵੀ ਫੌਰੀ ਰੱਦ ਕਰਕੇ ਪੰਜਾਬ-ਹਰਿਆਣਾ ਤੇ ਸਮੁੱਚੇ ਮੁਲਕ ਦੇ ਰੋਹ ਭਰੇ ਮਾਹੌਲ ਨੂੰ ਸ਼ਾਂਤ ਕੀਤਾ ਜਾਵੇ, ਦਾ ਵੀ ਅਸੀਂ ਸਵਾਗਤ ਕਰਦੇ ਹਨ । ਸ. ਮਾਨ ਨੇ ਇਸ ਗੱਲ ਦੀ ਵੀ ਜੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਕਿ ਆਪਣੇ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈਕੇ ਜੋ ਕਿਸਾਨ ਵਰਗ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ, ਉਨ੍ਹਾਂ ਵੱਲੋਂ ਕੀਤੇ ਜਾ ਰਹੇ ਅਮਨਮਈ ਅੰਦੋਲਨਕਾਰੀਆ ਉਤੇ ਹਰਿਆਣੇ ਵਿਚ ਖੱਟਰ ਸਰਕਾਰ ਅਤੇ ਬਿਹਾਰ ਸਰਕਾਰ ਵੱਲੋਂ ਪਾਣੀ ਦੀਆਂ ਤੇਜ਼ ਬੁਛਾੜਾ, ਅੱਥਰੂ ਗੈਸ ਅਤੇ ਲਾਠੀਚਾਰਜ ਕਰਕੇ ਕਿਸਾਨਾਂ ਨੂੰ ਬੇਰਹਿੰਮੀ ਨਾਲ ਜਖ਼ਮੀ ਕਰਨ, ਤਸੱਦਦ ਕਰਨਾ ਅਣਮਨੁੱਖੀ ਕਾਰਵਾਈਆ ਹਨ ।

ਸ. ਮਾਨ ਨੇ ਇਸ ਗੱਲ ਤੇ ਵੀ ਗਹਿਰਾ ਦੁੱਖ ਅਤੇ ਭਾਰੀ ਵਿਤਕਰੇ ਵਾਲੇ ਅਮਲ ਕਰਾਰ ਦਿੰਦੇ ਹੋਏ ਕਿਹਾ ਕਿ ਕੈਨੇਡਾ ਤੋਂ ਕਿਸਾਨਾਂ ਦੇ ਹੱਕ ਵਿਚ ਸ. ਰਮਨਦੀਪ ਸਿੰਘ ਬਰਾੜ ਐਮ.ਪੀ. ਦੀ ਆਮਦ ਉਤੇ ਇੰਡੀਆ ਹਕੂਮਤ ਵੱਲੋਂ ਨਜ਼ਰਸਾਨੀ ਕਰਨਾ ਸਿੱਖ ਕੌਮ ਦੇ ਮੌਲਿਕ ਅਧਿਕਾਰਾਂ ਦੀ ਘੋਰ ਉਲੰਘਣਾ ਹੀ ਨਹੀਂ, ਬਲਕਿ ਇਕੋ ਮੁਲਕ ਵਿਚ ਇਕੋ ਕਾਨੂੰਨ ਤਹਿਤ ਵੱਡੀ ਵਿਤਕਰੇ ਵਾਲੀ ਕਾਰਵਾਈ ਹੈ । ਉਨ੍ਹਾਂ ਕਿਹਾ ਕਿ ਜੇਕਰ ਸ੍ਰੀ ਮੋਦੀ ਅਮਰੀਕਾ ਜਾ ਕੇ ਟਰੰਪ ਦੇ ਹੱਕ ਵਿਚ ਪ੍ਰਚਾਰ ਕਰ ਸਕਦੇ ਹਨ, ਤਾਂ ਬਾਹਰਲੇ ਮੁਲਕਾਂ ਵਿਚੋਂ ਉਥੋਂ ਦੀਆਂ ਹਕੂਮਤਾਂ ਵਿਚ ਸਾਮਿਲ ਸਿੱਖ ਵਜ਼ੀਰ, ਐਮ.ਪੀ. ਜਾਂ ਹੋਰ ਸਿੱਖ ਸਖਸ਼ੀਅਤਾਂ ਜੋ ਪੰਜਾਬ ਦੀ ਮਿੱਟੀ ਨਾਲ ਧੁਰ ਤੋਂ ਜੁੜੇ ਹੋਏ ਹਨ, ਉਹ ਆਪਣੇ ਭਰਾਵਾਂ, ਕਿਸਾਨਾਂ ਅਤੇ ਪੰਜਾਬ ਸੂਬੇ ਦੇ ਵੱਡੇ ਦੁੱਖ ਵਿਚ ਸਮੂਲੀਅਤ ਕਿਉਂ ਨਹੀਂ ਕਰ ਸਕਦੇ ?

About The Author

Related posts

Leave a Reply

Your email address will not be published. Required fields are marked *