ਪੰਜਾਬ ਵਿਧਾਨ ਸਭਾ ਵਿਚ ਪਹੁੰਚੇ ਸਮੁੱਚੇ ਵਿਧਾਨਕਾਰ, ਪੰਜਾਬੀਆਂ ਅਤੇ ਸਿੱਖ ਕੌਮ ਦੀ ਬਿਹਤਰੀ ਲਈ ਕੱਟੜਵਾਦੀ ਸੋਚ ਦੇ ਮਾਲਕ ਸ੍ਰੀ ਕੋਵਿੰਦ ਨੂੰ ਪ੍ਰੈਜੀਡੈਟ ਦੀਆਂ ਚੋਣਾਂ ਵਿਚ ਵੋਟਾਂ ਨਾ ਪਾਉਣ : ਮਾਨ
ਚੰਡੀਗੜ੍ਹ, 28 ਜੂਨ ( ) “ਬੀਜੇਪੀ ਅਤੇ ਆਰ.ਐਸ.ਐਸ. ਦੀ ਜਮਾਤ ਨੇ ਬਹੁਤ ਹੀ ਸਾਤੁਰਤਾ ਭਰੇ ਢੰਗ ਨਾਲ ਜੁਲਾਈ ਵਿਚ ਹੋਣ ਜਾ ਰਹੀ ਭਾਰਤ ਦੇ ਪ੍ਰੈਜੀਡੈਟ ਦੀ ਚੋਣ ਵਿਚ ਇਥੋ ਦੇ ਨਿਵਾਸੀਆਂ, ਵਿਧਾਨਾਕਾਰਾਂ, ਐਮ.ਪੀਜ਼ ਆਦਿ ਨੂੰ ਗੁੰਮਰਾਹ ਕਰਨ ਹਿੱਤ ਦਲਿਤਾ ਨਾਲ ਸੰਬੰਧਤ ਸ੍ਰੀ ਰਾਮ ਨਾਥ ਕੋਵਿੰਦ ਨੂੰ ਪ੍ਰੈਜੀਡੈਟ ਦੀ ਚੋਣ ਲਈ ਉਮੀਦਵਾਰ ਬਣਾਇਆ ਹੈ, ਜਦੋਂਕਿ ਸ੍ਰੀ ਕੋਵਿੰਦ ਆਰ.ਐਸ.ਐਸ. ਦੀ ਦਲਿਤ ਵਿੰਗ ਦੀ ਸਾਖਾ ਦੇ ਮੁੱਖੀ ਰਹਿ ਚੁੱਕੇ ਹਨ । ਆਰ.ਐਸ.ਐਸ. ਦੀ ਪਾਲਸੀ ਕੱਟੜਵਾਦੀ ਮਨੂੰ ਸਮ੍ਰਿਤੀ ਵਾਲੀ ਹੈ । ਜਿਸ ਅਧੀਨ ਜੇਕਰ ਕੋਈ ਹਿੰਦੂ ਰਮਾਇਣ, ਗ੍ਰੰਥਾਂ, ਵੈਦਾ ਦਾ ਪਾਠ ਕੋਈ ਦਲਿਤ, ਰੰਘਰੇਟਾ ਸੁਣ ਲੈਦਾ ਸੀ ਤਾਂ ਉਸਦੇ ਕੰਨਾਂ ਵਿਚ ਸਿੱਕਾ ਢਾਲਕੇ ਪਾ ਦਿੱਤਾ ਜਾਂਦਾ ਸੀ ਅਤੇ ਜੇਕਰ ਇਨ੍ਹਾਂ ਦਾ ਕੋਈ ਪਾਠ ਕਰਦਾ ਸੀ ਤਾਂ ਉਸਦੀ ਜੀਭ ਕੱਟ ਦਿੱਤੀ ਜਾਂਦੀ ਸੀ । ਬੇਸ਼ੱਕ ਸ੍ਰੀ ਕੋਵਿੰਦ ਦਲਿਤਾ ਨਾਲ ਸੰਬੰਧਤ ਹਨ । ਹੋ ਸਕਦਾ ਉਹ ਅੱਛੇ ਇਨਸਾਨ ਹੋਣ, ਪਰ ਆਰ.ਐਸ.ਐਸ. ਦੀ ਕੱਟੜਵਾਦੀ ਪਾਲਸੀ, ਹਿੰਦੂਤਵ ਸੋਚ ਤੋਂ ਉਹ ਕਤਈ ਪਰ੍ਹਾ ਨਹੀਂ ਜਾ ਸਕਦੇ ਅਤੇ ਭਾਰਤ ਵਿਚ ਜਿਥੇ ਵੱਡੀ ਗਿਣਤੀ ਵਿਚ ਵੱਖ-ਵੱਖ ਕੌਮਾਂ, ਧਰਮ, ਫਿਰਕੇ ਵੱਸਦੇ ਹਨ, ਜਿਨ੍ਹਾਂ ਦੀਆਂ ਵੱਖ-ਵੱਖ ਬੋਲੀਆਂ, ਭਾਸ਼ਾਵਾਂ ਅਤੇ ਹੋਰ ਰੀਤੀ-ਰਿਵਾਜ ਹਨ, ਉਸ ਮੁਲਕ ਵਿਚ ਕੱਟੜਵਾਦੀ ਫਿਰਕੂ ਸੋਚ ਕਤਈ ਵੀ ਲਾਗੂ ਨਹੀਂ ਹੋ ਸਕਦੀ । ਇਸ ਲਈ ਆਉਣ ਵਾਲੇ ਕੱਲ੍ਹ ਸ੍ਰੀ ਕੋਵਿੰਦ ਆਪਣੀ ਚੋਣ ਜਿੱਤ ਲਈ ਚੰਡੀਗੜ੍ਹ ਵਿਖੇ ਪੰਜਾਬ ਦੇ ਵਿਧਾਨਕਾਰਾਂ ਨੂੰ ਮਿਲਣ ਆ ਰਹੇ ਹਨ । ਸਾਡੀ ਇਨ੍ਹਾਂ ਸਮੁੱਚੇ ਵਿਧਾਨਕਾਰਾਂ ਨੂੰ ਭਾਵੇ ਉਹ ਹੁਕਮਰਾਨ ਪਾਰਟੀ ਵਿਚ ਹੋਣ, ਭਾਵੇ ਵਿਰੋਧੀ ਪਾਰਟੀ ਵਿਚ, ਭਾਵੇ ਬਾਦਲ ਦਲੀਆਂ ਵਿਚ, ਉਨ੍ਹਾਂ ਨੂੰ ਦਲਿਤ ਸ਼ਬਦ ਦੇ ਭੁਲੇਖੇ ਵਿਚ ਆ ਕੇ ਕਦੀ ਵੀ ਆਰ.ਐਸ.ਐਸ. ਦੀ ਕੱਟੜਵਾਦੀ ਸੋਚ ਦੇ ਦਲਿਤ ਵਿੰਗ ਦੇ ਮੁੱਖੀ ਰਹਿ ਚੁੱਕੇ ਸ੍ਰੀ ਕੋਵਿੰਦ ਨੂੰ ਇਸ ਕਰਕੇ ਵੋਟ ਨਹੀਂ ਪਾਉਣੀ ਚਾਹੀਦੀ ਤਾਂ ਕਿ ਇਥੇ ਹਿੰਦੂਤਵ ਤੇ ਕੱਟੜਵਾਦੀ ਬੋਲਬਾਲਾ ਨਾ ਹੋ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਸਮੁੱਚੇ ਵਿਧਾਨਕਾਰਾਂ, ਐਮ.ਪੀਜ਼ ਆਦਿ ਨੂੰ ਭਾਰਤ ਵਿਚ ਜਮਹੂਰੀਅਤ, ਨਿਰਪੱਖਤਾ ਤੇ ਅਮਨ-ਚੈਨ ਨੂੰ ਕਾਇਮ ਰੱਖਣ ਦੀ ਸੋਚ ਨਾਲ ਗੰਭੀਰਤਾ ਭਰੀ ਅਪੀਲ ਕਰਦੇ ਹੋਏ ਅਤੇ ਆਪਣੇ ਫਰਜਾਂ ਤੋਂ ਸੁਚੇਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਬਿਨ੍ਹਾਂ ਕਿਸੇ ਭੇਦਭਾਵ, ਵਿਤਕਰਿਆ ਤੋਂ ਸਮੁੱਚੀ ਮਨੁੱਖਤਾ, ਇਨਸਾਨੀਅਤ ਅਤੇ ਅਮਨ-ਚੈਨ ਦਾ ਸੰਦੇਸ਼ ਦਿੰਦੇ ਹਨ ਅਤੇ ਸਿੱਖ ਕੌਮ ਉਪਰੋਕਤ ਕਦਰਾ-ਕੀਮਤਾ ਦੀ ਹਾਮੀ ਹੈ । ਇਸ ਲਈ ਅਸੀਂ ਇਨਸਾਨੀਅਤ ਤੇ ਮਨੁੱਖਤਾ ਦੇ ਨਾਤੇ ਸਮੁੱਚੇ ਨਿਵਾਸੀਆਂ ਦੀ ਬਿਹਤਰੀ ਅਤੇ ਤਰੱਕੀ ਦੀ ਭਾਵਨਾ ਰੱਖਦੇ ਹਾਂ । ਇਸ ਸੋਚ ਨੂੰ ਅਮਲੀ ਰੂਪ ਤਦ ਹੀ ਦਿੱਤਾ ਜਾ ਸਕੇਗਾ ਜੇਕਰ ਇਥੋ ਦੇ ਹੁਕਮਰਾਨ ਨਿਰਪੱਖਤਾ ਨਾਲ ਇਥੇ ਵੱਸਣ ਵਾਲੀਆਂ ਸਭ ਕੌਮਾਂ, ਧਰਮਾਂ, ਫਿਰਕਿਆ ਨੂੰ ਉਨ੍ਹਾਂ ਦੇ ਵਿਧਾਨਿਕ, ਮਾਲੀ, ਇਖ਼ਲਾਕੀ ਅਤੇ ਸਮਾਜਿਕ ਹੱਕ ਪ੍ਰਦਾਨ ਕਰਨ ਵਿਚ ਮੋਹਰੀ ਹੋਣ । ਜੇਕਰ ਹੁਕਮਰਾਨ ਹੀ ਕੱਟੜਵਾਦੀ ਸੋਚ ਦੇ ਮਾਲਕ ਹੋਣ, ਤਾਂ ਇਥੇ ਕਤਈ ਵੀ ਸਥਾਈ ਤੌਰ ਤੇ ਅਮਨ-ਚੈਨ ਤੇ ਜਮਹੂਰੀਅਤ ਨੂੰ ਕਾਇਮ ਨਹੀਂ ਰੱਖਿਆ ਜਾ ਸਕਦਾ । ਕਿਉਂਕਿ ਬੀਤੇ ਸਮੇਂ ਵਿਚ ਚਿੱਠੀ ਸਿੰਘ ਪੁਰਾ, ਹਰਿਆਣਾ, ਯੂਪੀ, ਮੁੰਬਈ, ਕਸ਼ਮੀਰ, ਪੰਜਾਬ, ਰਾਜਸਥਾਂਨ, ਮੱਧ ਪ੍ਰਦੇਸ਼, ਆਧਰਾ ਪ੍ਰਦੇਸ਼ ਆਦਿ ਸੂਬਿਆਂ ਵਿਚ ਬਹੁਗਿਣਤੀ ਕੱਟੜਵਾਦੀਆਂ ਵੱਲੋਂ ਸਿੱਖ ਸਿਕਲੀਗਰਾਂ, ਮੁਸਲਮਾਨਾਂ, ਦਲਿਤਾ, ਰੰਘਰੇਟਿਆ, ਇਸਾਈਆ ਆਦਿ ਉਤੇ ਜ਼ਬਰ-ਜੁਲਮ ਕੀਤੇ ਗਏ ਹਨ । ਜਿਸਦੀ ਉਦਾਹਰਣ 2002 ਵਿਚ ਗੁਜਰਾਤ ਵਿਚ 2 ਹਜ਼ਾਰ ਮੁਸਲਮਾਨਾਂ ਦਾ ਸਾਜ਼ਸੀ ਢੰਗ ਨਾਲ ਕਤਲੇਆਮ ਕਰਨਾ, ਉਨ੍ਹਾਂ ਦੀਆਂ ਔਰਤਾਂ ਧੀਆਂ-ਭੈਣਾਂ ਨਾਲ ਜ਼ਬਰ-ਜ਼ਨਾਹ ਕਰਦੇ ਹੋਏ ਵੀਡੀਓਜ਼ ਬਣਾਉਣਾ, 2013 ਵਿਚ 60 ਹਜ਼ਾਰ ਸਿੱਖ ਜਿੰਮੀਦਾਰਾਂ ਨੂੰ ਗੁਜਰਾਤ ਵਿਚੋਂ ਉਨ੍ਹਾਂ ਦੀਆਂ ਜ਼ਮੀਨਾਂ ਤੇ ਉਨ੍ਹਾ ਦੇ ਘਰਾਂ ਤੋਂ ਬੇਘਰ ਕਰਨ ਦੇ ਜ਼ਬਰ-ਜੁਲਮ ਕਰਨ ਦੇ ਅਮਲ ਸਾਹਮਣੇ ਹਨ । ਹੁਣ ਇਨ੍ਹਾਂ ਫਿਰਕੂਆਂ ਵੱਲੋਂ ਸ਼ਰੇਆਮ ਮੀਡੀਏ ਵਿਚ ਕਿਹਾ ਜਾ ਰਿਹਾ ਹੈ ਕਿ ਜੋ ਵੀ ਜੈ ਹਿੰਦ, ਭਾਰਤ ਮਾਤਾ ਦੀ ਜੈ, ਜੈ ਸ੍ਰੀ ਰਾਮ ਨਹੀਂ ਕਹੇਗਾ ਅਤੇ ਗਊ ਨੂੰ ਮਾਤਾ ਨਹੀਂ ਕਹੇਗਾ, ਉਸਦਾ ਸਿਰ ਕਲਮ ਕਰ ਦਿੱਤਾ ਜਾਵੇਗਾ । ਇਹ ਹੋਰ ਵੀ ਦੁੱਖ ਅਤੇ ਅਫਸੋਸ ਵਾਲੇ ਅਮਲ ਹਨ ਕਿ ਸ੍ਰੀ ਮੋਦੀ ਦੀ ਫਿਰਕੂ ਹਕੂਮਤ ਵੱਲੋਂ ਅਜਿਹੀ ਨਫ਼ਰਤਭਰੀ ਬਿਆਨਬਾਜੀ ਕਰਨ ਵਾਲੇ ਆਗੂਆਂ ਜਾਂ ਸਿਆਸਤਦਾਨਾਂ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ । ਜਿਸ ਤੋ ਸਪੱਸਟ ਹੈ ਕਿ ਇਹ ਹੁਕਮਰਾਨ ਅਤੇ ਕੱਟੜਵਾਦੀ ਲੋਕ ਇਥੇ ਸਭ ਵੱਸਣ ਵਾਲਿਆ ਨੂੰ ਹਿੰਦੂਤਵ ਦੀ ਸੋਚ ਵਿਚ ਜ਼ਬਰੀ ਲਿਪੇਟਣਾ ਚਾਹੁੰਦੇ ਹਨ ਅਤੇ ਪ੍ਰੈਜੀਡੈਟ ਦੇ ਉਮੀਦਵਾਰ ਵੀ ਉਸੇ ਕੱਟੜਵਾਦੀ ਸੋਚ ਦੇ ਮਾਲਕ ਹਨ । ਇਸ ਲਈ ਵਿਧਾਨਕਾਰਾਂ, ਐਮ.ਪੀਜ਼ ਨੂੰ ਇਥੋ ਦੇ ਮਾਹੌਲ ਨੂੰ ਸਾਜਗਰ ਰੱਖਣ ਲਈ ਜ਼ਰੂਰੀ ਹੈ ਕਿ ਉਹ ਕੱਟੜਵਾਦੀ ਸੋਚ ਵਾਲੇ ਉਮੀਦਵਾਰ ਨੂੰ ਵੋਟ ਨਾ ਪਾ ਕੇ ਇਥੇ ਅਮਨ-ਚੈਨ ਅਤੇ ਇਨਸਾਨੀਅਤ ਦਾ ਸੁਨੇਹਾ ਦੇਣ ਨਾ ਕਿ ਹਿੰਦੂਤਵ ਸੋਚ ਨੂੰ ਮਜ਼ਬੂਤ ਕਰਨ । ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਪੰਜਾਬ ਦੇ ਵਿਧਾਨਕਾਰਾਂ ਅਤੇ ਐਮ.ਪੀਜ਼ ਨੂੰ ਉਨ੍ਹਾਂ ਦੇ ਸਾਧਨਾਂ ਰਾਹੀ ਭੇਜੇ ਗਏ ਸੰਦੇਸ਼ ਵਿਚ ਪ੍ਰਗਟ ਕੀਤੇ ।