ਪੰਜਾਬ ਪੁਲਿਸ ਨੇ ਜੋ ‘ਮੈਂ ਹਾਂ ਹਰਜੀਤ ਸਿੰਘ’ ਦਾ ਨਾਅਰਾ ਦਿੱਤਾ ਸੀ, ਉਸਦਾ ਅਸਲ ਚਿਹਰਾ ਮਨੁੱਖਤਾ ਦਾ ਕਾਤਲ ਸੁਮੇਧ ਸੈਣੀ ਤੇ ਉਸਦੀ ਜ਼ਾਬਰ ਟੀਮ ਹੈ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 14 ਸਤੰਬਰ ( ) “ਕਾਨੂੰਨ ਨੂੰ ਆਪਣੇ ਹੱਥ ਵਿਚ ਲੈਕੇ ਸਿੱਖ ਨੌਜ਼ਵਾਨੀ ਅਤੇ ਮਾਸੂਮ ਪਰਿਵਾਰਾਂ ਨਾਲ ਅਤਿ ਸ਼ਰਮਨਾਕ ਮਨੁੱਖਤਾ ਵਿਰੋਧੀ ਕਾਰਵਾਈਆ ਕਰਨ ਵਾਲਾ ਪੁਲਿਸ ਦੀ ਵਰਦੀ ਵਿਚ ਛੁੱਪੇ ਦਰਿੰਦੇ ਸੁਮੇਧ ਸੈਣੀ ਨੂੰ ਜੱਜਾਂ, ਅਦਾਲਤਾਂ ਅਤੇ ਕਾਨੂੰਨ ਨੇ ਦੋਸ਼ੀ ਗਰਦਾਨਕੇ ਜਦੋਂ ਗ੍ਰਿਫ਼ਤਾਰ ਕਰਨ ਦੇ ਹੁਕਮ ਦੇ ਦਿੱਤੇ ਹਨ, ਤਾਂ ਉਹ ਸਰਕਾਰੀ ਸੰਗੀਨਾਂ ਦੀ ਛਾਂ ਹੇਠ ਹਥਿਆਰਾਂ ਤੇ ਮੁਲਾਜ਼ਮਾਂ ਦੇ ਸਹਿਯੋਗ ਨਾਲ ਜ਼ਬਰ-ਜੁਲਮ ਕਰਨ ਵਾਲਾ ਅੱਜ ‘ਗਿੱਦੜਾਂ ਦੀ ਤਰ੍ਹਾਂ ਲੁੱਕਿਆ ਤੇ ਭੱਜਿਆ ਕਿਉਂ ਫਿਰਦਾ ਹੈ’? ਆਪਣੀਆ ਗੈਰ-ਇਖਲਾਕੀ ਅਤੇ ਗੈਰ-ਇਨਸਾਨੀਅਤ ਤਰੀਕੇ ਮਨੁੱਖਤਾ ਦਾ ਕਤਲੇਆਮ ਕਰਨ ਵਾਲੀ, ਪੰਜਾਬੀਆਂ ਅਤੇ ਸਿੱਖਾਂ ਉਤੇ ਜ਼ਬਰ-ਜੁਲਮ ਢਾਹੁਣ ਵਾਲੀ ਪੁਲਿਸ ਦੇ ਦਾਗੋ-ਦਾਗ ਹੋਏ ਚਿਹਰੇ ਨੂੰ ਸਾਫ਼ ਕਰਨ ਅਤੇ ਇਖਲਾਕੀ ਤੌਰ ਤੇ ਪੁਲਿਸ ਦੇ ਡਿੱਗੇ ਮਿਆਰ ਨੂੰ ਠੀਕ ਕਰਨ ਲਈ ਕੁਝ ਸਮਾਂ ਪਹਿਲੇ ਪਟਿਆਲੇ ਵਿਚ ਜੋ ਨਿਹੰਗ ਸਿੰਘ ਅਤੇ ਪੁਲਿਸ ਨਾਲ ਵਾਪਰੀ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਇਹ ਨਾਅਰਾ ਦਿੱਤਾ ਗਿਆ ਸੀ ‘ਮੈਂ ਹਾਂ ਹਰਜੀਤ ਸਿੰਘ, ਮੈਂ ਹਾਂ ਪੰਜਾਬ ਪੁਲਿਸ’। ਜਦੋਂਕਿ ਉਪਰੋਕਤ ਨਾਅਰੇ ਦਾ ਅਸਲ ਚਿਹਰਾ ਸੁਮੇਧ ਸੈਣੀ ਅਤੇ ਉਸਦੀ ਜ਼ਾਬਰ ਮਨੁੱਖਤਾ ਵਿਰੋਧੀ ਪੁਲਿਸ ਅਫ਼ਸਰਾਂ ਦੀ ਟੋਲੀ ਹੈ । ਜੋ ਬੀਤੇ ਸਮੇਂ ਵਿਚ ਗੈਰ-ਇਨਸਾਨੀਅਤ, ਗੈਰ-ਕਾਨੂੰਨੀ ਅਮਲ ਕਰਕੇ ਸਿੱਖ ਅਤੇ ਪੰਜਾਬੀ ਨੌਜ਼ਵਾਨਾਂ ਦੇ ਖੂਨ ਨਾਲ ਹੋਲੀ ਖੇਡਦੀ ਰਹੀ ਹੈ । ਇਹ ਦਾਗੋ-ਦਾਗ ਹੋਇਆ ਪੰਜਾਬ ਪੁਲਿਸ ਦਾ ਚਿਹਰਾ ਉਸ ਸਮੇਂ ਤੱਕ ਸਾਫ਼ ਨਹੀਂ ਹੋ ਸਕੇਗਾ, ਜਦੋਂ ਤੱਕ ਪੰਜਾਬ ਪੁਲਿਸ ਵਿਚ ਭਰਮਾਰ ਕਾਤਲ ਪੁਲਿਸ ਅਫ਼ਸਰਾਂ ਅਤੇ ਅਧਿਕਾਰੀਆਂ ਨੂੰ ਪਾਸੇ ਕਰਕੇ ਇਸ ਵਿਚ ਇਮਾਨਦਾਰ, ਕਾਨੂੰਨ ਦੀ ਪਾਲਣਾ ਕਰਨ ਵਾਲੇ ਅਤੇ ਮਨੁੱਖੀ ਕਦਰਾ-ਕੀਮਤਾ ਨੂੰ ਕਾਇਮ ਰੱਖਣ ਵਾਲੀ ਅਫ਼ਸਰਸ਼ਾਹੀ ਅਤੇ ਅਧਿਕਾਰੀਆਂ ਨੂੰ ਉਤਸਾਹਿਤ ਨਹੀਂ ਕੀਤਾ ਜਾਂਦਾ । ਅੱਜ ਮਰਹੂਮ ਕੇ.ਪੀ.ਐਸ. ਗਿੱਲ, ਰੀਬੇਰੋ, ਇਜਾਹਰ ਆਲਮ, ਸਵਰਨ ਸਿੰਘ ਘੋਟਨਾ, ਸੁਮੇਧ ਸੈਣੀ, ਗਰੇਵਾਲ ਆਦਿ ਵਰਗੇ ਜਾਲਮ ਅਧਿਕਾਰੀਆਂ ਦੀ ਹੀ ਭਰਮਾਰ ਹੈ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਨੁੱਖਤਾ ਦੇ ਕਾਤਲ ਅਤੇ ਸਮੁੱਚੀ ਪੰਜਾਬ ਪੁਲਿਸ ਦੇ ਕਿਰਦਾਰ ਨੂੰ ਦਾਗੋ-ਦਾਗ ਕਰਨ ਵਾਲੇ ਸੁਮੇਧ ਸੈਣੀ ਵਰਗੇ ਮਨੁੱਖਤਾ ਦੇ ਕਾਤਲ ਪੁਲਿਸ ਅਫ਼ਸਰਾਂ ਅਤੇ ਅਧਿਕਾਰੀਆਂ ਨੂੰ ਸੰਜੀਦਗੀ ਨਾਲ ਕਾਨੂੰਨੀ ਪ੍ਰਕਿਰਿਆ ਅਨੁਸਾਰ ਬਣਦੀਆ ਸਜ਼ਾਵਾਂ ਦੇਣ ਅਤੇ ਸੁਮੇਧ ਸੈਣੀ ਵੱਲੋਂ ‘ਗਿੱਦੜਾ ਦੀ ਤਰ੍ਹਾਂ ਭੱਜਣ ਅਤੇ ਲੁੱਕਣ’ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੋਈ ਵੀ ਇਨਸਾਨ ਤਾਕਤ, ਧਨ-ਦੌਲਤ ਅਤੇ ਸਰਕਾਰੀ ਸਹਿ ਉਤੇ ਇਨਸਾਨੀਅਤ ਵਿਰੋਧੀ ਕੰਮ ਕਰਨ ਵਾਲਾ ਇਨਸਾਨ ਨਾ ਤਾਂ ਇਸ ਦੁਨੀਆਂ ਵਿਚ ਆਪਣੇ ਮਨ ਦੀ ਸ਼ਾਂਤੀ ਅਤੇ ਆਤਮਿਕ ਸੰਤੁਸਟੀ ਪ੍ਰਾਪਤ ਕਰ ਸਕਦਾ ਹੈ ਅਤੇ ਨਾ ਹੀ ਉਸ ਅਕਾਲ ਪੁਰਖ ਦੀ ਦਰਗਾਹ ਵਿਚ । ਇਸ ਲਈ ਮੌਜੂਦਾ ਪੰਜਾਬ ਪੁਲਿਸ ਵਿਚ ਅਜੇ ਵੀ ਜੋ ਵੱਡੀ ਗਿਣਤੀ ਵਿਚ ਮਨੁੱਖਤਾ ਦੇ ਕਾਤਲ ਅਧਿਕਾਰੀ ਹਨ, ਉਨ੍ਹਾਂ ਨੂੰ ਸੁਮੇਧ ਸੈਣੀ ਦੇ ਹੋ ਰਹੇ ਅਤਿ ਸਰਮਿੰਦਗੀ ਵਾਲੇ ਅਤੇ ਆਪਣੀ ਹੀ ਆਤਮਾ ਦੇ ਬੋਝ ਥੱਲ੍ਹੇ ਪਲ-ਪਲ ਮਰਨ ਦੇ ਵਰਤਾਰੇ ਤੋਂ ਸਬਕ ਲੈਦੇ ਹੋਏ ਆਪਣੀਆ ਡਿਊਟੀਆਂ ਦੌਰਾਨ ਕਿਸੇ ਵੀ ਪੰਜਾਬੀ ਜਾਂ ਸਿੱਖ ਪਰਿਵਾਰ ਨਾਲ ਤਰੱਕੀਆ ਪ੍ਰਾਪਤ ਕਰਨ ਜਾਂ ਕਿਸੇ ਹੋਰ ਲਾਲਚ ਵੱਸ ਜ਼ਬਰ-ਜੁਲਮ ਕਰਨ ਤੋਂ ਮੁਕੰਮਲ ਰੂਪ ਵਿਚ ਜਿਥੇ ਤੋਬਾ ਕਰ ਲੈਣੀ ਚਾਹੀਦੀ ਹੈ, ਉਥੇ ਬੀਤੇ ਸਮੇਂ ਵਿਚ ਜਿਨ੍ਹਾਂ ਪੁਲਿਸ ਅਧਿਕਾਰੀਆਂ ਨੇ ਸਿੱਖ ਅਤੇ ਪੰਜਾਬੀ ਨੌਜ਼ਵਾਨਾਂ ਨਾਲ ਗੈਰ ਇਨਸਾਨੀ ਢੰਗ ਨਾਲ ਜ਼ਬਰ-ਜੁਲਮ ਕੀਤੇ ਹਨ, ਉਨ੍ਹਾਂ ਨੂੰ ਆਪਣੇ ਕੀਤੇ ਪਾਪਾ ਦੀ ਸਜ਼ਾ ਇਥੇ ਕਾਨੂੰਨੀ ਤੌਰ ਤੇ ਜਾਂ ਉਸ ਅਕਾਲ ਪੁਰਖ ਦੀ ਦਰਗਾਹ ਵਿਚ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ ।
ਸ. ਟਿਵਾਣਾ ਨੇ ਪੰਜਾਬ ਹਰਿਆਣਾ ਹਾਈਕੋਰਟ ਦੇ ਸ. ਪ੍ਰਦੀਪ ਸਿੰਘ ਐਡਵੋਕੇਟ ਵੱਲੋਂ ਆਪਣੇ ਵਕਾਲਤ ਦੇ ਕਿੱਤੇ ਨਾਲ ਇਨਸਾਫ਼ ਕਰਦੇ ਹੋਏ ਨਿਭਾਈ ਜਾ ਰਹੀ ਇਨਸਾਨੀਅਤ, ਕਾਨੂੰਨ ਅਤੇ ਦ੍ਰਿੜਤਾ ਪੱਖੀ ਜਿ਼ੰਮੇਵਾਰੀ ਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਕਿਹਾ ਕਿ ਜੇਕਰ ਅਦਾਲਤਾਂ ਦੇ ਜੱਜ, ਐਡਵੋਕੇਟਸ, ਇਮਾਨਦਾਰੀ ਤੇ ਨਿਰਪੱਖਤਾ ਨਾਲ ਸ. ਪ੍ਰਦੀਪ ਸਿੰਘ ਦੀ ਤਰ੍ਹਾਂ ਆਪੋ-ਆਪਣੀਆ ਜਿ਼ੰਮੇਵਾਰੀਆਂ ਨੂੰ ਸਹੀ ਢੰਗ ਨਾਲ ਨਿਭਾਅ ਸਕਣ, ਤਾਂ ਪੰਜਾਬ ਹੀ ਨਹੀਂ ਬਲਕਿ ਸਮੁੱਚੇ ਇੰਡੀਆ ਵਿਚ ਕਾਨੂੰਨ ਨਾਲ ਅਤੇ ਇਨਸਾਨੀਅਤ ਕਦਰਾ-ਕੀਮਤਾ ਨਾਲ ਖਿਲਵਾੜ ਕਰਨ ਵਾਲਾ ਕੋਈ ਜ਼ਾਬਰ ਹੁਕਮਰਾਨ ਜਾਂ ਅਫ਼ਸਰ ਪੈਦਾ ਨਹੀਂ ਹੋ ਸਕੇਗਾ ਅਤੇ ਨਾ ਹੀ ਕਿਸੇ ਮਾਂ ਦੀ ਕੁੱਖ ਵਿਚੋਂ ਕੋਈ ਅੱਤਵਾਦੀ, ਵੱਖਵਾਦੀ ਪੈਦਾ ਹੋ ਸਕੇਗਾ । ਅਜਿਹੇ ਨਾਮ ਤਾਂ ਪੁਲਿਸ ਅਤੇ ਨਿਜਾਮੀ ਜ਼ਬਰ ਜੁਲਮ ਦੀ ਬਦੌਲਤ ਹੀ ਸਾਹਮਣੇ ਆਉਦੇ ਹਨ । ਜੋ ਚੰਗੇ-ਭਲੇ ਇਨਸਾਨ ਨੂੰ ਉਪਰੋਕਤ ਬਦਨਾਮਨੁਮਾ ਨਾਮਾਂ ਦੀ ਕਤਾਰ ਵਿਚ ਖੜ੍ਹਾ ਕਰ ਦਿੰਦੇ ਹਨ । ਇਹ ਤਾਂ ਮੁਤੱਸਵੀ ਇੰਡੀਆ ਦੇ ਹੁਕਮਰਾਨਾਂ, ਉਨ੍ਹਾਂ ਦੀਆਂ ਖੂਫੀਆ ਏਜੰਸੀਆ ਅਤੇ ਉਨ੍ਹਾਂ ਜਾਬਰ ਹੁਕਮਰਾਨਾਂ ਦੀ ਜੀ-ਹਜ਼ੂਰੀ ਕਰਨ ਵਾਲੀ ਸੁਮੇਧ ਸੈਣੀ ਵਰਗੀ ਜਾਲਮ ਅਫਸਰਾਂ ਦੀ ਸਾਂਝੀ ਸਾਜਿ਼ਸ ਦਾ ਨਤੀਜਾ ਹੈ । ਜੋ ਨਾ ਤਾਂ ਇਥੋਂ ਦੇ ਨਿਵਾਸੀਆ ਨੂੰ ਅਮਨ ਚੈਨ ਨਾਲ ਜਿੰਦਗੀ ਜਿਊਣ ਦਿੰਦੇ ਹਨ ਅਤੇ ਖੁਦ ਦੁਨਿਆਵੀ ਲਾਲਸਾਵਾਂ ਦੇ ਵੱਸ ਹੋ ਕੇ ਨਰਕ ਦੀ ਜਿੰਦਗੀ ਜਿਊਣ ਲਈ ਮਜਬੂਰ ਹੁੰਦੇ ਹਨ । ਜਿਨ੍ਹਾਂ ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਸੰਗਠਨਾਂ, ਰਾਜਨੀਤਿਕ, ਸਮਾਜਿਕ ਜਥੇਬੰਦੀਆਂ, ਮਨੁੱਖੀ ਕਦਰਾ-ਕੀਮਤਾ ਦੀ ਪੈਰਵੀ ਕਰਨ ਵਾਲੀਆ ਆਤਮਾਵਾਂ ਨੇ ‘ਸੁਮੇਧ ਸੈਣੀ’ ਵਰਗੀ ਜਾਲਮ ਤੇ ਖੂਖਾਰ ਆਤਮਾ ਨੂੰ ‘ਭਗੌੜਾ’ ਕਰਾਰ ਦਿੰਦੇ ਹੋਏ ਸਮੁੱਚੀ ਮਨੁੱਖਤਾ ਵਿਚ ਹਰ ਤਰ੍ਹਾਂ ਦੀ ਬੁਰਾਈ ਨੂੰ ਜੜੋ ਖਤਮ ਕਰਨ ਦਾ ਸਮਾਜ ਪੱਖੀ ਸੰਦੇਸ਼ ਦਿੱਤਾ ਹੈ ਅਤੇ ਆਪਣੀ ਇਨਸਾਨੀਅਤ ਪੱਖੀ ਜਿ਼ੰਮੇਵਾਰੀ ਸਮਝਦੇ ਹੋਏ ਅਜਿਹੇ ਇਨਸਾਨੀਅਤ ਦੇ ਕਾਤਲਾਂ ਵਿਰੁੱਧ ਸਮੁੱਚੇ ਇੰਡੀਆ ਵਿਚ ਇਕ ਵੱਡੀ ਲਹਿਰ ਖੜ੍ਹੀ ਕਰ ਦਿੱਤੀ ਹੈ, ਉਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਕਿਹਾ ਕਿ ਗੁਰੂ ਸਾਹਿਬਾਨ ਨੇ ਸਾਨੂੰ ਅਜਿਹੇ ਜ਼ਬਰ-ਜੁਲਮਾਂ ਵਿਰੁੱਧ ਦ੍ਰਿੜਤਾ ਨਾਲ ਉਦਮ ਕਰਨ ਜ਼ਬਰ ਅਤੇ ਜਾਲਮ ਦਾ ਨਾਸ਼ ਕਰਨ ਦਾ ਸੰਦੇਸ਼ ਦਿੱਤਾ ਹੈ। ਇਸ ਲਈ ਹਰ ਇਨਸਾਨ ਨੂੰ ਹਰ ਤਰ੍ਹਾਂ ਦੇ ਜ਼ਬਰ-ਜੁਲਮ ਵਿਰੁੱਧ ਦ੍ਰਿੜਤਾ ਨਾਲ ਆਵਾਜ਼ ਉਠਾਉਦੇ ਹੋਏ ਅਜਿਹੀਆ ਸਮਾਜਿਕ ਬੁਰਾਈਆ ਨੂੰ ਖ਼ਤਮ ਕਰਨ ਅਤੇ ਮਨੁੱਖਤਾ ਦੀ ਬਿਨ੍ਹਾਂ ਕਿਸੇ ਭੇਦਭਾਵ ਤੋਂ ਬਿਹਤਰੀ ਕਰਨ ਦੇ ਉਦਮ ਕਰਨ ਵਿਚ ਵਿਸਵਾਸ ਰੱਖਣਾ ਚਾਹੀਦਾ ਹੈ । ਅਜਿਹੇ ਅਮਲ ਹੀ ਸਮਾਜਿਕ ਬੁਰਾਈਆ ਨੂੰ ਖ਼ਤਮ ਕਰਨ ਅਤੇ ਅੱਛਾਈਆ ਨੂੰ ਮਜਬੂਤੀ ਬਸਖਣ ਵਿਚ ਸਹਾਈ ਸਿੱਧ ਹੋ ਸਕਦੇ ਹਨ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਿਥੇ ਸਿੱਖ ਕੌਮ ਅਤੇ ਪੰਜਾਬੀਆਂ ਨੇ ਮਨੁੱਖਤਾ ਦੇ ਕਾਤਲ ਸੁਮੇਧ ਸੈਣੀ ਵਿਰੁੱਧ ਇਕ ਮਜਬੂਤ ਲਹਿਰ ਖੜ੍ਹੀ ਕਰ ਦਿੱਤੀ ਹੈ, ਉਥੇ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆ ਬੇਅਦਬੀਆ ਦੇ ਅਤਿ ਗੰਭੀਰ ਮੁੱਦੇ ਉਤੇ 17 ਸਤੰਬਰ ਨੂੰ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਰੱਖੀ ਗਈ ਇਕੱਤਰਤਾ ਵਿਚ ਪਹੁੰਚਕੇ ਅਜਿਹੀਆ ਮਨੁੱਖਤਾ ਪੱਖੀ ਸੋਚ ਨੂੰ ਬਲ ਦੇਣ ।
Webmaster
Lakhvir Singh
Shiromani Akali Dal (Amritsar)
9781-222-567