ਪਹਿਰੇਦਾਰ ਅਦਾਰੇ ਦੇ ਦੋਵੇ ਪੁਰਾਣੇ ਸਹਿਯੋਗੀ ਸ. ਜਸਪਾਲ ਸਿੰਘ ਹੇਰਾ ਅਤੇ ਸ. ਬਲਵਿੰਦਰ ਸਿੰਘ ਬੋਪਰਾਏ ਪੰਥ, ਕੌਮ ਅਤੇ ਪੰਜਾਬ ਦੇ ਵੱਡੇਰੇ ਹਿੱਤਾ ਲਈ ਸੂਝਵਾਨ, ਸਾਲਸ ਰਾਹੀ ਆਪਣੇ ਮੱਤਭੇਦ ਦੂਰ ਕਰਨ : ਟਿਵਾਣਾ, ਕਾਹਨ ਸਿੰਘ ਵਾਲਾ
ਫ਼ਤਹਿਗੜ੍ਹ ਸਾਹਿਬ, 27 ਜੁਲਾਈ ( ) “ਕਿਉਂਕਿ ਪਹਿਰੇਦਾਰ ਅਦਾਰੇ ਨਾਲ ਸੰਬੰਧਤ ਦੋਵੇ ਸਖਸ਼ੀਅਤਾਂ ਸ. ਜਸਪਾਲ ਸਿੰਘ ਹੇਰਾ ਅਤੇ ਸ. ਬਲਵਿੰਦਰ ਸਿੰਘ ਬੋਪਾਰਾਏ ਪੰਥ ਅਤੇ ਪੰਜਾਬ ਪ੍ਰਤੀ ਅਥਾਂਹ ਪਿਆਰ, ਸਤਿਕਾਰ ਅਤੇ ਕੌਮ ਲਈ ਡੂੰਘਾਂ ਦਰਦ ਰੱਖਦੇ ਹਨ ਅਤੇ ਦੋਵਾਂ ਵੱਲੋਂ ਆਪੋ-ਆਪਣੇ ਅਖਬਾਰਾਂ ਤੇ ਲਿਖਤਾਂ ਰਾਹੀ ਬਹੁਤ ਹੀ ਦ੍ਰਿੜਤਾ ਅਤੇ ਦੂਰਅੰਦੇਸ਼ੀ ਨਾਲ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੀ ਇਮਾਨਦਾਰੀ ਨਾਲ ਵੱਡੀ ਅਣਥੱਕ ਸੇਵਾ ਕੀਤੀ ਜਾ ਰਹੀ ਹੈ । ਭਾਵੇਂਕਿ ਹੋਰ ਦੂਸਰੇ ਪੰਜਾਬੀ ਦੇ ਅਖ਼ਬਾਰ ਵੀ ਸਮੇਂ-ਸਮੇਂ ਤੇ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਹਨ, ਲੇਕਿਨ ਪਹਿਰੇਦਾਰ ਅਦਾਰਾ ਵੱਲੋਂ ਉਚੇਚੇ ਤੌਰ ਤੇ ਜੋ ਸੇਵਾ ਨਿਭਾਈ ਜਾ ਰਹੀ ਹੈ, ਸ. ਬੋਪਾਰਾਏ ਅਤੇ ਹੇਰਾ ਸਾਹਿਬ ਵੱਲੋਂ ਸੰਪਾਦਕੀ ਨੋਟ ਅਤੇ ਆਰਟੀਕਲ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਹਰ ਔਖੀ ਘੜੀ ਵਿਚ ਅਗਵਾਈ ਵੀ ਦਿੰਦੇ ਹਨ ਅਤੇ ਬਲਬੁੱਧੀ ਦੀ ਤਾਕਤ ਵੀ ਬਖਸਿ਼ਸ਼ ਕਰਦੇ ਹਨ । ਲੇਕਿਨ ਕੁਝ ਸਮੇਂ ਤੋਂ ਸ. ਜਸਪਾਲ ਸਿੰਘ ਹੇਰਾ ਅਤੇ ਸ. ਬਲਵਿੰਦਰ ਸਿੰਘ ਬੋਪਾਰਾਏ ਦੋਵੇ ਸਖਸ਼ੀਅਤਾਂ ਵਿਚ ਕੁਝ ਵਿਚਾਰਾਂ ਦਾ ਵਖਰੇਵਾ ਹੋਣ ਦੀ ਬਦੌਲਤ ਦੂਰੀ ਬਣ ਗਈ ਸੀ । ਜਿਸਦਾ ਪੰਜਾਬ ਸੂਬੇ ਅਤੇ ਸਿੱਖ ਕੌਮ ਨੂੰ ਬਹੁਤ ਵੱਡਾ ਨੁਕਸਾਨ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤਹਿ ਦਿਲੋਂ ਸੁਹਿਰਦਤਾ ਅਤੇ ਆਪਣੇਪਨ ਦੀ ਭਾਵਨਾ ਨਾਲ ਦੋਵਾਂ ਸਤਿਕਾਰਯੋਗ ਸਖਸ਼ੀਅਤਾਂ ਨੂੰ ਹੀ ਅਤਿ ਸੰਜ਼ੀਦਾ ਅਪੀਲ ਕਰਨੀ ਚਾਹੇਗਾ ਕਿ ਉਨ੍ਹਾਂ ਵਰਗੀਆਂ ਸੂਝਵਾਨ, ਦੂਰਅੰਦੇਸ਼ੀ ਅਤੇ ਦ੍ਰਿੜਤਾ ਰੱਖਣ ਵਾਲੀਆ ਸਖਸ਼ੀਅਤਾਂ ਦੀ ਅੱਜ ਖ਼ਾਲਸਾ ਪੰਥ ਅਤੇ ਪੰਜਾਬੀਆਂ ਨੂੰ ਅੱਜ ਸਖ਼ਤ ਜ਼ਰੂਰਤ ਹੈ । ਇਸ ਲਈ ਸਾਡੀ ਉਨ੍ਹਾਂ ਨੂੰ ਇਹ ਜੋਰਦਾਰ ਅਪੀਲ ਹੈ ਕਿ ਉਹ ਆਪਣੇ ਮਨ-ਆਤਮਾ ਵਿਚ ਆਪਸੀ ਉੱਠ ਰਹੇ ਕੋਈ ਸਿਕਵਿਆ, ਗਿੱਲਿਆ ਨੂੰ ਜਿੰਨੀ ਜਲਦੀ ਹੋ ਸਕੇ, ਕਿਸੇ ਬਹੁਤ ਹੀ ਇਮਾਨਦਾਰ ਅਤੇ ਸੁਹਿਰਦ ਸਖਸ਼ੀਅਤ ਦੀ ਸਾਲਸੀ ਰਾਹੀ ਆਪਸ ਵਿਚ ਬੈਠਕੇ ਹੱਲ ਕਰ ਲੈਣ ਤਾਂ ਇਹ ਪੰਥ ਦੇ ਵੱਡੇਰੇ ਹਿੱਤਾ ਲਈ ਬਹੁਤ ਹੀ ਕਾਰਗਰ, ਸਿੱਖ ਕੌਮ ਦੀ ਲੀਡਰਸਿ਼ਪ ਵਿਚ ਅਮਲੀ ਏਕਤਾ ਕਰਵਾਉਣ ਅਤੇ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਲਈ ਬਹੁਤ ਵੱਡਾ ਉਦਮ ਹੋਵੇਗਾ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਾਂਝੇ ਤੌਰ ਤੇ ਪਾਰਟੀ ਦੀ ਕੌਮੀ ਪਾਲਸੀ, ਸਮੁੱਚੇ ਪੰਥ ਦੇ ਵੱਡੇਰੇ ਹਿੱਤਾ ਨੂੰ ਮੁੱਖ ਰੱਖਦੇ ਹੋਏ ਉਪਰੋਕਤ ਦੋਵਾਂ ਸ. ਜਸਪਾਲ ਸਿੰਘ ਹੇਰਾ ਅਤੇ ਸ. ਬਲਵਿੰਦਰ ਸਿੰਘ ਬੋਪਾਰਾਏ ਨੂੰ ਅਪੀਲ ਕਰਦੇ ਹੋਏ ਪ੍ਰਗਟ ਕੀਤੇ ਗਏ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਦੋਵੇ ਪੰਥਕ ਸਖਸ਼ੀਅਤਾਂ ਅਤੇ ਕਲਮ ਦੇ ਧਨੀ, ਲੇਖਕ, ਸਾਡੇ ਅਤੇ ਕੌਮ ਵੱਲੋਂ ਕੀਤੀ ਜਾ ਰਹੀ ਇਸ ਅਪੀਲ ਨੂੰ ਪ੍ਰਵਾਨ ਕਰਦੇ ਹੋਏ ਜਿਸ ਨੂੰ ਵੀ ਉਹ ਦੋਵੇ ਸਖਸ਼ੀਅਤਾਂ ਸਾਲਸ ਪ੍ਰਵਾਨ ਕਰਨ, ਉਨ੍ਹਾਂ ਦੀ ਮਦਦ ਲੈਕੇ ਇਸ ਵਿਚਾਰਾਂ ਦੇ ਵਖਰੇਵੇ ਨੂੰ ਦੂਰ ਕਰ ਦੇਣਗੇ ਅਤੇ ਪੰਥ ਦੀ ਇਸੇ ਤਰ੍ਹਾਂ ਦ੍ਰਿੜਤਾ ਤੇ ਸੁਹਿਰਦਤਾ ਨਾਲ ਸੇਵਾ ਕਰਦੇ ਰਹਿਣਗੇ। ਇਸ ਨੇਕ ਉਦਮ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਜਾਂ ਦੂਸਰੀ ਲੀਡਰਸਿ਼ਪ ਵਿਚੋਂ ਕਿਸੇ ਦੀਆਂ ਇਹ ਸੇਵਾਵਾਂ ਪ੍ਰਾਪਤ ਕਰਨ ਦੇ ਚਾਹਵਾਨ ਹੋਣ, ਤਾਂ ਸਾਡੀ ਸਮੁੱਚੀ ਪਾਰਟੀ ਤੇ ਅਹੁਦੇਦਾਰ ਸਾਹਿਬਾਨ ਪਹਿਲ ਦੇ ਆਧਾਰ ਤੇ ਇਹ ਸੇਵਾ ਕਰਨ ਵਿਚ ਫਖ਼ਰ ਮਹਿਸੂਸ ਕਰਨਗੇ । ਕਿਉਂਕਿ ਖਾਨਾਜੰਗੀ ਦਾ ਪਾਰਟੀ ਨੇ ਹਮੇਸ਼ਾਂ ਹੀ ਬਾਦਲੀਲ ਢੰਗ ਨਾਲ ਵਿਰੋਧ ਵੀ ਕੀਤਾ ਹੈ ਅਤੇ ਇਸ ਨੂੰ ਪਣਪਨ ਤੋਂ ਰੋਕਣ ਲਈ ਮੋਹਰੀ ਭੂਮਿਕਾ ਨਿਭਾਉਦੇ ਰਹੇ ਹਨ ਤਾਂ ਜੋ ਸਾਡੀ ਕੌਮੀ ਸ਼ਕਤੀ ਨੂੰ ਵੀ ਇਹ ਸੋਚ ਨੁਕਸਾਨ ਪਹੁੰਚਾਉਦੀ ਹੈ ।
Webmaster
Lakhvir Singh
Shiromani Akali Dal (Amritsar)
9781-222-567