Select your Top Menu from wp menus
Header
Header
ਤਾਜਾ ਖਬਰਾਂ

ਨੋ ਡਿਊ ਸਰਟੀਫਿਕੇਟ ਪੇਸ਼ ਨਾ ਕਰਨ ਦੀ ਬਦੌਲਤ ਬਾਦਲਾਂ ਦੇ ਬਹੁਤੇ ਉਮੀਦਵਾਰ ਕਾਗਜ ਨਹੀਂ ਭਰ ਸਕੇ, ਪਰ ਇਸ ਮੁੱਦੇ ‘ਤੇ ਆਵਾਜਾਈ ਰੋਕ ਕੇ ਲੋਕਾਂ ਦੀ ਹਮਦਰਦੀ ਨਹੀਂ ਲੈ ਸਕਦੇ : ਮਾਨ

ਨੋ ਡਿਊ ਸਰਟੀਫਿਕੇਟ ਪੇਸ਼ ਨਾ ਕਰਨ ਦੀ ਬਦੌਲਤ ਬਾਦਲਾਂ ਦੇ ਬਹੁਤੇ ਉਮੀਦਵਾਰ ਕਾਗਜ ਨਹੀਂ ਭਰ ਸਕੇ, ਪਰ ਇਸ ਮੁੱਦੇ ‘ਤੇ ਆਵਾਜਾਈ ਰੋਕ ਕੇ ਲੋਕਾਂ ਦੀ ਹਮਦਰਦੀ ਨਹੀਂ ਲੈ ਸਕਦੇ : ਮਾਨ

ਫ਼ਤਹਿਗੜ੍ਹ ਸਾਹਿਬ, 11 ਦਸੰਬਰ ( ) “ਬਾਦਲ ਦਲੀਆਂ ਵੱਲੋਂ ਕਾਰਪੋਰੇਸ਼ਨਾਂ ਤੇ ਮਿਊਸੀਪਲ ਕੌਸਲਾਂ ਲਈ ਖੜ੍ਹੇ ਕੀਤੇ ਜਾਣ ਵਾਲੇ ਬਹੁਤੇ ਉਮੀਦਵਾਰ ਪ੍ਰਸ਼ਾਸ਼ਨ ਨੂੰ ਆਪਣੇ ਨੋ ਡਿਊ ਸਰਟੀਫਿਕੇਟ ਪੇਸ਼ ਨਾ ਕਰਨ ਦੀ ਬਦੌਲਤ ਨਾਮਜਦਗੀਆਂ ਭਰਨ ਵਿਚ ਪੱਛੜ ਗਏ । ਲੇਕਿਨ ਬਾਦਲ ਦਲੀਆ ਵੱਲੋ ਇਸ ਮੁੱਦੇ ਉਤੇ ਗੁੰਮਰਾਹਕੁੰਨ ਪ੍ਰਚਾਰ ਕਰਕੇ ਜੋ ਆਵਾਜਾਈ ਰੋਕਣ ਦੇ ਗੈਰ-ਕਾਨੂੰਨੀ ਅਮਲ ਕਰਕੇ ਪੰਜਾਬ ਨਿਵਾਸੀਆ ਦੀ ਹਮਦਰਦੀ ਜਿੱਤਣ ਦੀ ਕੋਸਿ਼ਸ਼ ਕੀਤੀ ਗਈ ਸੀ, ਉਸ ਵਿਚ ਇਸ ਲਈ ਕਾਮਯਾਬ ਨਹੀਂ ਹੋ ਸਕੇ ਕਿਉਂਕਿ ਇਨ੍ਹਾਂ ਕੋਲ ਕੋਈ ਵੀ ਦਲੀਲ ਨਹੀਂ ਸੀ ਕਿ ਕਿਸ ਬਿਨ੍ਹਾਂ ਤੇ ਉਨ੍ਹਾਂ ਨੇ ਆਵਾਜਾਈ ਵਿਚ ਵਿਘਨ ਪਾ ਕੇ ਪਬਲਿਕ ਨੂੰ ਪ੍ਰੇਸ਼ਾਨ ਕੀਤਾ । ਜਦੋਂਕਿ ਆਵਾਜਾਈ ਰੋਕਣ ਦੀ ਬਜਾਇ ਬਾਦਲ ਦਲੀਆ ਨੂੰ ਚਾਹੀਦਾ ਸੀ ਕਿ ਉਹ ਆਪਣੀ ਭਾਈਵਾਲ ਸੈਟਰ ਦੀ ਮੋਦੀ ਹਕੂਮਤ ਅਤੇ ਸੈਟਰ ਵਿਚ ਵਜ਼ੀਰ ਬਣੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਪ੍ਰਭਾਵ ਦੀ ਵਰਤੋਂ ਕਰਕੇ ਕਾਨੂੰਨੀ ਕਾਰਵਾਈ ਕਰਦੇ ਜਾਂ ਫਿਰ ਸੁਪਰੀਮ ਕੋਰਟ ਵਿਚ ਰਿਟ ਪਟੀਸ਼ਨ ਪਾ ਕੇ ਚੁਣੋਤੀ ਦਿੰਦੇ ਜਾਂ ਫਿਰ ਸ੍ਰੀ ਮੋਦੀ ਨੂੰ ਲਿਖਕੇ ਇਨ੍ਹਾਂ ਚੋਣਾਂ ਨੂੰ ਰੱਦ ਕਰਵਾਉਦੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਦਲ ਦਲੀਆਂ ਵੱਲੋਂ ਕਾਰਪੋਰੇਸ਼ਨਾਂ ਤੇ ਮਿਊਸੀਪਲ ਕੌਸਲਾਂ ਦੀਆਂ ਚੋਣਾਂ ਵਿਚ ਆਪਣੇ ਬਹੁਤੇ ਉਮੀਦਵਾਰਾਂ ਵੱਲੋਂ ਕਾਗਜ ਦਾਖਲ ਨਾ ਹੋਣ ਨੂੰ ਗੈਰ-ਦਲੀਲ ਢੰਗ ਨਾਲ ਮੁੱਦਾ ਬਣਾਉਦੇ ਹੋਏ ਆਵਾਜਾਈ ਰੋਕ ਕੇ ਇਥੋ ਦੀ ਜਨਤਾ ਨੂੰ ਪ੍ਰੇਸ਼ਾਨ ਕਰਨ ਦੇ ਅਮਲਾਂ ਦੀ ਨਿਖੇਧੀ ਕਰਦੇ ਹੋਏ ਅਤੇ ਕਾਨੂੰਨੀ ਕਾਰਵਾਈ ਨਾ ਕਰਨ ਤੋ ਭੱਜਣ ਦਾ ਦੋਸ਼ ਲਗਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬਾਦਲ ਦਲੀਆਂ ਦੀਆਂ ਬੱਸਾਂ ਐਨੀ ਤੇਜ਼ੀ ਨਾਲ ਭਜਾਈਆ ਜਾਂਦੀਆ ਹਨ ਕਿ ਬੀਤੇ ਸਮੇਂ ਵਿਚ ਇਨ੍ਹਾਂ ਬੱਸਾਂ ਨੇ ਵੱਡੀ ਗਿਣਤੀ ਵਿਚ ਨਿਰਦੋਸ਼ ਬੱਚੇ, ਬੀਬੀਆਂ, ਬਜੁਰਗਾਂ ਨੂੰ ਕੁੱਚਲਕੇ ਮਾਰ ਦਿੱਤਾ, ਪਰ ਕਿਸੇ ਵੀ ਪੀੜਤ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ । ਕਿਉਂਕਿ ਆਪਣੀ ਰਾਜਸੀ ਤਾਕਤ ਅਤੇ ਧਨ-ਦੌਲਤਾ ਦੇ ਭੰਡਾਰਾਂ ਦੀ ਦੁਰਵਰਤੋਂ ਕਰਕੇ ਗਵਾਹਾਂ ਨੂੰ ਮੁਕਰਾ ਦਿੰਦੇ ਹਨ । ਫਿਰ ਪੰਜਾਬ ਦੀ ਪੁਲਿਸ ਨੇ ਬਾਦਲ ਪਰਿਵਾਰ ਦੀ ਹਕੂਮਤ ਸਮੇਂ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ, ਦਰਸ਼ਨ ਸਿੰਘ ਲੌਹਾਰਾ, ਕਮਲਜੀਤ ਸਿੰਘ ਸੁਨਾਮ, ਹਰਮਿੰਦਰ ਸਿੰਘ ਡੱਬਵਾਲੀ, ਬਲਕਾਰ ਸਿੰਘ ਮੁੰਬਈ ਅਤੇ ਇਥੋ ਤੱਕ ਜੰਮੂ-ਕਸ਼ਮੀਰ ਦੇ ਚਿੱਠੀ ਸਿੰਘ ਪੁਰਾ ਦੇ 43 ਨਿਰਦੋਸ਼ ਸਿੱਖਾਂ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਵਾਉਣ ਤੇ ਸਜ਼ਾ ਦਿਵਾਉਣ ਵਿਚ ਕੋਈ ਜਿੰਮੇਵਾਰੀ ਨਹੀਂ ਨਿਭਾਈ । ਇਥੋ ਤੱਕ ਜੋ ਬਰਗਾੜੀ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਏ ਅਪਮਾਨ ਸੰਬੰਧੀ ਧਰਨੇ ਵਿਚ ਬੈਠੇ ਦੋ ਸਿੱਖ ਨੌਜ਼ਵਾਨਾਂ ਭਾਈ ਗੁਰਜੀਤ ਸਿੰਘ, ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਕਾਤਲਾਂ ਵਿਰੁੱਧ ਵੀ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ, ਭਾਵੇ ਕਿ ਸੈਂਟਰ ਵਿਚ ਇਨ੍ਹਾਂ ਦੀ ਭਾਈਵਾਲੀ ਲੰਮੇ ਸਮੇਂ ਤੋ ਹੈ, ਫਿਰ ਵੀ ਸਿੱਖ ਕੌਮ ਨੂੰ ਕੋਈ ਇਨਸਾਫ਼ ਨਹੀਂ ਮਿਲਿਆ ।

ਸ. ਮਾਨ ਨੇ ਕਿਹਾ ਕਿ ਜਿਸ ਸ੍ਰੀ ਲੰਗਾਹ ਨੂੰ ਬਾਦਲ ਪਰਿਵਾਰ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਦਾ ਪ੍ਰਧਾਨ ਬਣਾਉਣਾ ਚਾਹੁੰਦੇ ਸੀ, ਉਸਦੀ ਵੀਡੀਓ ਸਭ ਨੇ ਵੇਖ ਲਈ ਹੈ । ਜੋ ਬਾਦਲ ਦਲ ਨੇ ਆਪਣੇ ਮਹਿਲਾ ਵਿੰਗ ਦੀ ਪ੍ਰਧਾਨ ਮਿਸ ਜਗੀਰ ਕੌਰ ਨੂੰ ਬਣਾਇਆ ਹੈ, ਉਸਨੇ ਆਪਣੀ ਹੀ ਧੀ ਅਤੇ ਉਸਦੇ ਪੇਟ ਵਿਚ ਪਲ ਰਹੇ ਬੱਚੇ ਦਾ ਕਤਲ ਕਰਵਾਕੇ ਬਾਦਲ ਦਲੀਆ ਦੇ ਇਖ਼ਲਾਕ ਨੂੰ ਖੁਦ ਹੀ ਜਾਹਰ ਕਰ ਦਿੱਤਾ ਹੈ । ਫਿਰ ਇਸ ਬੀਬੀ ਨੇ ਅਕਾਲੀ ਦਲ ਦੇ ਮੁੱਢ ਤੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਚੱਲਦੇ ਆ ਰਹੇ ਦਫ਼ਤਰ ਨੂੰ ਬਾਦਲਾਂ ਤੇ ਮੁਤੱਸਵੀਆਂ ਦੇ ਕਹਿਣ ਤੇ ਢਹਿ-ਢੇਰੀ ਕੀਤਾ ਸੀ । ਫਿਰ ਕਿਵੇ ਤੋਤਾ ਸਿੰਘ ਅਤੇ ਉਸਦੇ ਪੁੱਤਰ ਮੱਖਣ ਨੇ ਬੀਤੇ ਸਮੇਂ ਵਿਚ ਅਧਿਆਪਕਾਵਾਂ ਤੋਂ ਰਿਸ਼ਵਤਾਂ ਲੈਦੇ ਸਨ, ਫਿਰ ਇਨ੍ਹਾਂ ਅਧਿਆਪਕਾਵਾਂ ਦਾ ਕਿਵੇ ਸਰੀਰਕ ਸੋ਼ਸ਼ਣ ਕਰਦੇ ਰਹੇ ਹਨ ਉਹ ਵੀ ਸਭ ਦੇ ਸਾਹਮਣੇ ਹੈ । ਬਾਦਲ ਦਲ ਦੀ ਮਹਿਲਾ ਵਿੰਗ ਦੀ ਸੀਨੀਅਰ ਆਗੂ ਬੀਬੀ ਜਸਵਿੰਦਰ ਕੌਰ ਤਪਾ ਦੀ ਜੋ ਵੀਡੀਓ ਵਾਈਰਲ ਹੋਈ ਹੈ ਉਸਨੇ ਬਾਦਲ ਦਲੀਆ ਦੇ ਇਖ਼ਲਾਕ ਨੂੰ ਪ੍ਰਤੱਖ ਕਰ ਦਿੱਤਾ ਹੈ । ਹੁਣ ਸ. ਬਡੂੰਗਰ ਵਰਗੇ ਵਿਦਵਾਨ ਨੂੰ ਐਸ.ਜੀ.ਪੀ.ਸੀ. ਦੀ ਮੁੱਖ ਸੇਵਾ ਤੋ ਪਾਸੇ ਕਰਕੇ ਆਪਣੇ ਉਸ ਹੱਥਠੋਕੇ ਜਿਸ ਉਤੇ ਸਿਰਸੇਵਾਲੇ ਸਾਧ ਦੇ ਡੇਰੇ ਉਤੇ ਜਾਣ ਦਾ ਦੋਸ਼ ਹੈ, ਉਸ ਨੂੰ ਪ੍ਰਧਾਨ ਬਣਾਉਣ ਤੋ ਸਪੱਸਟ ਹੈ ਕਿ ਬਾਦਲ ਦਲੀਏ ਅੱਜ ਵੀ ਆਰ.ਐਸ.ਐਸ ਅਤੇ ਹੋਰ ਫਿਰਕੂ ਸੰਗਠਨਾਂ ਦੇ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਅਮਲਾਂ ਨੂੰ ਹੀ ਅਮਲੀ ਰੂਪ ਦੇ ਰਹੇ ਹਨ। ਇਸੇ ਸੋਚ ਅਧੀਨ ਕਾਨੂੰਨੀ ਮਿਆਦਪੁਗਾ ਚੁੱਕੀ ਐਸ.ਜੀ.ਪੀ.ਸੀ. ਦੀ ਚੋਣ ਨਹੀਂ ਕਰਵਾਈ ਜਾ ਰਹੀ । ਜਿਸ ਨਾਲ ਇਨ੍ਹਾਂ ਦੀ ਇਖ਼ਲਾਕੀ ਦਿੱਖ ਦਾਗੋ-ਦਾਗ ਹੋ ਚੁੱਕੀ ਹੈ । ਪਰ ਅਫ਼ਸੋਸ ਹੈ ਕਿ ਇਨ੍ਹਾਂ ਨੂੰ ਅਜਿਹੀਆ ਗੈਰ-ਇਖ਼ਲਾਕੀ, ਸਮਾਜ ਵਿਰੋਧੀ ਅਤੇ ਮਨੁੱਖਤਾ ਵਿਰੋਧੀ ਕਾਰਵਾਈਆ ਤੋਂ ਕੋਈ ਵੀ ਸ਼ਰਮ ਮਹਿਸੂਸ ਨਹੀਂ ਹੋ ਰਹੀ ਅਤੇ ਆਪਣੇ-ਆਪ ਨੂੰ ਅੱਜ ਵੀ ਦੁੱਧ ਧੋਤੇ ਸਾਬਤ ਕਰਨ ਦੀ ਅਸਫ਼ਲ ਕੋਸਿ਼ਸ਼ ਕਰ ਰਹੇ ਹਨ ।

ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸੈਟਰ ਦੀ ਵਿਜਾਰਤ ਵਿਚ ਸਿੱਖਾਂ ਨੂੰ ਹਮੇਸ਼ਾਂ ਰੱਖਿਆ ਵਿਭਾਗ ਜਾਂ ਵਿੱਤ ਵਿਭਾਗ ਜਾਂ ਵਿਦੇਸ਼ੀ ਵਿਭਾਗ ਜਾਂ ਫਿਰ ਪ੍ਰਾਈਮਨਿਸਟਰ ਬਣਾਉਣ ਦੀ ਰਵਾਇਤ ਚੱਲਦੀ ਆ ਰਹੀ ਹੈ । ਪਰ ਹੁਣ ਇਨ੍ਹਾਂ ਨੇ ਸਭ ਤੋ ਜੂਨੀਅਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਸੈਟਰ ਵਿਚ ਲਿਲਕੜੀਆ ਕੱਢਕੇ ਵਜ਼ੀਰ ਬਣਵਾਇਆ ਅਤੇ ਉਸ ਨੂੰ ਕੇਵਲ ਸਬਜੀਆਂ ਤੇ ਫਲਾਂ ਦਾ ਵਿਭਾਗ ਦੇ ਕੇ ਖਾਨਾ ਪੂਰਤੀ ਕਰ ਦਿੱਤੀ । ਜਿਸ ਨਾਲ ਇਨ੍ਹਾਂ ਨੇ ਸਿੱਖ ਕੌਮ ਦੀ ਉਪਰੋਕਤ ਚੱਲੀ ਆ ਰਹੀ ਸਤਿਕਾਰਯੋਗ ਰਵਾਇਤ ਨੂੰ ਖੂਹ-ਖਾਤੇ ਵਿਚ ਪਾ ਦਿੱਤਾ ਅਤੇ ਸਿੱਖ ਕੌਮ ਦੀ ਹੇਠੀ ਕਰਵਾਈ । ਜਦੋਂ 1999-2004 ਤੱਕ ਸ੍ਰੀ ਵਾਜਪਾਈ ਦੀ ਸੈਟਰ ਵਿਚ ਇਨ੍ਹਾਂ ਦੀ ਭਾਈਵਾਲਾ ਦੀ ਹਕੂਮਤ ਸੀ ਤਾਂ ਪਾਰਲੀਮੈਂਟ ਵਿਚ ਮੈਂ ਪੁਰਜੋਰ ਦਲੀਲ ਨਾਲ ਸਿੱਖ ਕੌਮ ਦੀ ਗੱਲ ਕੀਤੀ ਤਾਂ ਜਾ ਕੇ ਸ. ਸੁਖਦੇਵ ਸਿੰਘ ਢੀਡਸਾ ਨੂੰ ਵਜ਼ੀਰ ਬਣਾਇਆ ਗਿਆ । ਲੇਕਿਨ ਉਨ੍ਹਾਂ ਨੂੰ ਵੀ ਖਾਧ ਦਾ ਵਿਭਾਗ ਦੇ ਕੇ ਖਾਨਾ ਪੂਰਤੀ ਕਰ ਦਿੱਤੀ ਗਈ । ਫਿਰ ਜਦੋਂ ਸਿੱਖ ਕੌਮ ਦੇ ਸਤਿਕਾਰ ਨੂੰ ਕਾਇਮ ਰੱਖਣ ਵਿਚ ਹੁਕਮਰਾਨ ਕੋਈ ਤਵੱਜੋ ਹੀ ਨਹੀਂ ਦਿੰਦੇ ਅਤੇ ਸਿੱਖਾਂ ਦੇ ਕਤਲੇਆਮ ਲਈ ਇਨਸਾਫ਼ ਨਹੀਂ ਕਰਦੇ, ਤਾਂ ਇਨ੍ਹਾਂ ਮੁਤੱਸਵੀਆਂ ਨਾਲ ਕਿਸ ਦਲੀਲ ਅਧੀਨ ਲੰਮੇ ਸਮੇਂ ਤੋਂ ਭਾਈਵਾਲੀ ਰੱਖੀ ਜਾ ਰਹੀ ਹੈ ? ਇਸੇ ਤਰ੍ਹਾਂ ਇਹ ਬਾਦਲ ਦਲੀਏ ਅਸੈਬਲੀ ਵਿਚ ਜਿਥੇ ਬਾਦਲੀਲ ਢੰਗ ਨਾਲ ਅਤੇ ਜਮਹੂਰੀਅਤ ਤਰੀਕੇ ਪੰਜਾਬ ਸੂਬੇ ਅਤੇ ਸਿੱਖ ਕੌਮ ਦੇ ਹੱਕ-ਹਕੂਕਾ ਦੀ ਗੱਲ ਕਰਨ ਦੇ ਨਾਲ-ਨਾਲ ਉਨ੍ਹਾਂ ਉਤੇ ਹੋ ਰਹੇ ਜ਼ਬਰ-ਜੁਲਮ ਵਿਰੁੱਧ ਆਵਾਜ਼ ਉਠਾਉਣੀ ਬਣਦੀ ਹੈ, ਉਥੇ ਇਹ ਬਾਦਲ ਦਲੀਏ ਕਾਵਾਂ-ਰੋਲੀ ਪਾ ਕੇ ਆਪਣਾ ਸਮਾਂ ਅਤੇ ਸਰਕਾਰੀ ਸਾਧਨਾਂ ਅਧੀਨ ਮਿਲੀਆ ਸਹੂਲਤਾਂ ਦੀ ਦੁਰਵਰਤੋਂ ਕਰਕੇ ਬਾਈਕਾਟ ਕਰਕੇ ਆ ਜਾਂਦੇ ਹਨ । ਜੋ ਕਿ ਗੈਰ-ਜਿੰਮੇਵਰਾਨਾ ਅਮਲ ਹਨ । ਜਿਥੇ ਦ੍ਰਿੜਤਾ ਨਾਲ ਹਰ ਗੱਲ ਦੀ ਪੈਰਵੀ ਹੋਣੀ ਚਾਹੀਦੀ ਹੈ, ਉਥੇ ਇਹ ਅਸੈਬਲੀ ਵਿਚ ਆਪਣੀ ਜਿੰਮੇਵਾਰੀਆਂ ਤੋ ਨਿਰੰਤਰ ਭੱਜਦੇ ਆ ਰਹੇ ਹਨ । ਜਿਸ ਤੋ ਪ੍ਰਤੱਖ ਹੈ ਕਿ ਇਹ ਬਾਦਲ ਦਲੀਏ ਪੰਜਾਬ ਸੂਬੇ, ਸਿੱਖ ਕੌਮ ਅਤੇ ਮਨੁੱਖਤਾ ਲਈ ਆਪਣੀਆ ਜਿੰਮੇਵਾਰੀਆ ਤੇ ਫਰਜਾਂ ਨੂੰ ਪੂਰਨ ਕਰਨ ਦੀ ਸਮਰੱਥਾਂ ਨਹੀਂ ਰੱਖਦੇ । ਇਸ ਲਈ ਪੰਜਾਬ ਨਿਵਾਸੀਆਂ ਅਤੇ ਸਿੱਖ ਕੌਮ ਨੂੰ ਆਉਣ ਵਾਲੇ ਸਮੇਂ ਵਿਚ ਜਦੋਂ ਵੀ ਚੋਣਾਂ ਹੋਣ, ਇਨ੍ਹਾਂ ਨੂੰ ਕਰਾਰੀ ਹਾਰ ਦੇਣੀ ਬਣਦੀ ਹੈ ।

About The Author

Related posts

Leave a Reply

Your email address will not be published. Required fields are marked *