ਡੋਕਲਾਮ ਮੁੱਦੇ ਵਿਚ ਭਾਰਤ ਘੋੜੀ ਬਣਿਆ ਅਤੇ ਚੀਨ ਸਵਾਰ ਬਣਿਆ, ਪਰ ਅਸੀਂ ਇਸ ਮਸਲੇ ਦੇ ਹੱਲ ਲਈ ਇਸ ਲਈ ਸਵਾਗਤ ਕਰਦੇ ਹਾਂ, ਕਿਉਂਕਿ ਅਸੀਂ ਹਰ ਤਰ੍ਹਾਂ ਦੀ ਜੰਗ ਦੇ ਵਿਰੁੱਧ ਹਾਂ : ਮਾਨ
ਫ਼ਤਹਿਗੜ੍ਹ ਸਾਹਿਬ, 29 ਅਗਸਤ ( ) “ਚੀਨ ਅਤੇ ਭਾਰਤ ਦਰਮਿਆਨ ਜੋ ਡੋਕਲਾਮ ਮੁੱਦੇ ਉਤੇ ਡੂੰਘੀ ਕੁੜੱਤਣ ਪੈਦਾ ਹੋ ਗਈ ਸੀ ਅਤੇ ਦੋਵਾਂ ਮੁਲਕਾਂ ਦੀ ਜੰਗ ਲੱਗਣ ਦੀ ਗੱਲ ਜੋਰ ਫੜ ਗਈ ਸੀ, ਇਸ ਵਿਚ ਭਾਰਤ ਘੋੜੀ ਬਣਿਆ ਅਤੇ ਚੀਨ ਸਵਾਰ ਬਣਿਆ, ਲੇਕਿਨ ਉਸ ਮੁੱਦੇ ਦਾ ਦੋਵਾਂ ਮੁਲਕਾਂ ਵੱਲੋਂ ਹੱਲ ਨਿਕਲਣ ‘ਤੇ ਅਸੀਂ ਇਸ ਲਈ ਸਵਾਗਤ ਕਰਦੇ ਹਾਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਹਰ ਤਰ੍ਹਾਂ ਦੀ ਜੰਗ ਦੇ ਵਿਰੁੱਧ ਹੈ । ਕਿਉਂਕਿ ਸਿੱਖ ਕੌਮ ਤਿੰਨ ਪ੍ਰਮਾਣੂ ਤਾਕਤ ਨਾਲ ਲੈਸ ਮੁਲਕਾਂ ਮੁਸਲਿਮ-ਪਾਕਿਸਤਾਨ, ਹਿੰਦੂ-ਭਾਰਤ ਅਤੇ ਕਾਉਮਨਿਸਟ-ਚੀਨ ਦੀ ਤ੍ਰਿਕੋਣ ਦੇ ਵਿਚਕਾਰ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ, ਗੁਜਰਾਤ ਦਾ ਕੱਛ ਇਲਾਕੇ ਵਿਚ ਵੱਸੀ ਹੋਈ ਹੈ । ਜੰਗ ਲੱਗਣ ਦੀ ਸੂਰਤ ਵਿਚ ਇਹ ਸਿੱਖ ਵਸੋਂ ਵਾਲਾ ਇਲਾਕਾ ਬਿਨ੍ਹਾਂ ਵਜਹ ਮੈਦਾਨ-ਏ-ਜੰਗ ਬਣ ਜਾਵੇਗਾ ਅਤੇ ਸਿੱਖ ਕੌਮ ਦਾ ਵੱਡਾ ਜਾਨੀ-ਮਾਲੀ ਨੁਕਸਾਨ ਹੋਵੇਗਾ। ਇਸ ਲਈ ਇਸ ਏਸੀਆ ਖਿੱਤੇ ਦੇ ਸਥਾਈ ਅਮਨ-ਚੈਨ ਅਤੇ ਜਮਹੂਰੀਅਤ ਨੂੰ ਕਾਇਮ ਰੱਖਣ ਲਈ ਇਹ ਜ਼ਰੂਰੀ ਹੈ ਕਿ ਉਪਰੋਕਤ ਤਿੰਨੇ ਮੁਲਕ ਜਿਥੇ ਜੰਗ ਤੋਂ ਦੂਰ ਰਹਿਣ, ਉਥੇ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ, ਗੁਜਰਾਤ ਦਾ ਕੱਛ ਨੂੰ ਪੂਰਨ ਤੌਰ ਤੇ ਸੰਪੂਰਨ ਪ੍ਰਭੂਸਤਾ ਸਿੱਖ ਰਾਜ ਦੇ ਦਰਜੇ ਦੀ ਮਾਨਤਾ ਦੇ ਕੇ ਆਜ਼ਾਦ ਕਰੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਡੋਕਲਾਮ ਮੁੱਦੇ ਉਤੇ ਦੋਵਾਂ ਮੁਲਕਾਂ ਦਰਮਿਆਨ ਹੱਲ ਨਿਕਲਣ ਉਤੇ ਆਪਣਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਅਤੇ ਸਿੱਖ ਵਸੋਂ ਵਾਲੇ ਇਲਾਕੇ ਨੂੰ ਜੰਗ ਤੋਂ ਦੂਰ ਰੱਖਣ ਅਤੇ ਇਸ ਨੂੰ ਸੰਪੂਰਨ ਪ੍ਰਭੂਸਤਾ ਆਜ਼ਾਦ ਸਿੱਖ ਰਾਜ ਦਾ ਤਿੰਨੇ ਦੁਸ਼ਮਣ ਮੁਲਕਾਂ ਵੱਲੋਂ ਮਾਨਤਾ ਦੇ ਕੇ ਆਜ਼ਾਦ ਕਰਨ ਅਤੇ ਸਥਾਈ ਤੌਰ ਤੇ ਏਸੀਆ ਖਿੱਤੇ ਵਿਚ ਅਮਨ-ਚੈਨ ਅਤੇ ਜਮਹੂਰੀਅਤ ਨੂੰ ਕਾਇਮ ਰੱਖਣ ਦੀ ਗੱਲ ਉਤੇ ਜੋਰ ਦਿੰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਅਮਰੀਕਾ ਤੇ ਪਾਕਿਸਤਾਨ ਦੇ ਸੰਬੰਧਾਂ ਉਤੇ ਵਿਚਾਰ ਪ੍ਰਗਟਾਉਦੇ ਹੋਏ ਕਿਹਾ ਕਿ ਪਾਕਿਸਤਾਨ ਨੇ ਹਮੇਸ਼ਾਂ ਕੌਮਾਂਤਰੀ ਪੱਧਰ ‘ਤੇ ਅਮਰੀਕਾ ਦਾ ਪੱਖ ਪੂਰਿਆ ਹੈ ਅਤੇ ਉਸਦੀ ਮਦਦ ਕੀਤੀ ਹੈ । ਜਿਵੇ ਜਦੋਂ ਅਫ਼ਗਾਨੀਸਤਾਨ ਵਿਚ ਸੋਵੀਅਤ ਯੂਨੀਅਨ ਦੀਆਂ ਫ਼ੌਜਾਂ ਦਾਖਲ ਹੋ ਗਈਆ ਸਨ ਤਾਂ ਪਾਕਿਸਤਾਨ ਨੇ ਸੋਵੀਅਤ ਯੂਨੀਅਨ ਨੂੰ ਉਥੋ ਕੱਢਣ ਲਈ ਆਪਣੀ ਹਾਂ-ਪੱਖੀ ਭੂਮਿਕਾ ਨਿਭਾਈ । ਇਸ ਲਈ ਜੋ ਅਮਰੀਕਾ ਨੇ ਪਾਕਿਸਤਾਨ ਦੀ ਮਾਲੀ ਅਤੇ ਜੰਗੀ ਸਾਜੋ-ਸਮਾਨ ਸੰਬੰਧੀ ਮਦਦ ਦੇਣ ਤੇ ਰੋਕ ਲਗਾਈ ਹੈ, ਉਹ ਬਿਲਕੁਲ ਵੀ ਦਰੁਸਤ ਨਹੀਂ ਹੈ । ਜਿਸ ਦੋਸ਼ਤ ਅਤੇ ਮਿੱਤਰ ਨੇ ਔਖੇ ਵੇਲੇ ਹਰ ਤਰ੍ਹਾਂ ਸਹਿਯੋਗ ਦਿੱਤਾ ਹੋਵੇ, ਉਸ ਨੂੰ ਦਿੱਤੀ ਜਾਣ ਵਾਲੀ ਮਦਦ ਉਤੇ ਅਮਰੀਕਾ ਵੱਲੋ ਰੋਕ ਲਗਾਉਣਾ ਮੁਨਾਸਿਬ ਨਹੀਂ । ਦੂਸਰਾ ਭਾਰਤ, ਚੀਨ ਅਤੇ ਪਾਕਿਸਤਾਨ ਦੀ ਪੁਰਾਤਨ ਦੁਸ਼ਮਣੀ ਹੈ। ਜਦੋਂ ਮਿਆਨ ਵਿਚ ਪਈਆ ਤਲਵਾਰਾਂ ਇਕੋ ਜਿਹੀਆ ਤਿੱਖੀਆਂ ਹੋਣ ਤਾਂ ਕਿਸੇ ਦੀ ਵੀ ਤਲਵਾਰ ਮਿਆਨ ਵਿਚੋ ਬਾਹਰ ਨਹੀਂ ਆਉਦੀ । ਜਦੋਂ ਇਕ ਤਲਵਾਰ ਖੂਢੀ ਹੋ ਜਾਵੇ ਅਤੇ ਦੂਸਰੀ ਤਿੱਖੀ ਰਹੇ ਤਾਂ ਜੰਗ ਅਤੇ ਦੁਸ਼ਮਣੀ ਸਾਹਮਣੇ ਆਉਣ ਤੋਂ ਨਹੀਂ ਰੁਕ ਸਕਦੀ । ਜਦੋਂ ਭਾਰਤ ਅਤੇ ਪਾਕਿਸਤਾਨ ਦੀ ਦੁਸ਼ਮਣੀ ਹੈ ਤਾਂ ਦੋਵੇ ਤਲਵਾਰਾਂ ਨੂੰ ਬਰਾਬਰ ਦੀਆਂ ਤਿੱਖੀਆਂ ਰੱਖਣਾ ਇਸ ਲਈ ਜਰੂਰੀ ਹੈ ਤਾਂ ਕਿ ਦੋਵੇ ਮੁਲਕ ਜੰਗ ਦੀ ਗੱਲ ਨਾ ਕਰ ਸਕਣ । ਇਸ ਲਈ ਅਸੀਂ ਅਮਰੀਕਾ ਨੂੰ ਇਹ ਗੁਜਾਰਿਸ ਕਰਨੀ ਚਾਹਵਾਂਗੇ ਕਿ ਉਹ ਜਿਸ ਤਰ੍ਹਾਂ ਪਹਿਲੇ ਪਾਕਿਸਤਾਨ ਦੀ ਮਾਲੀ ਅਤੇ ਜੰਗੀ ਮਦਦ ਕਰਦਾ ਆ ਰਿਹਾ ਹੈ, ਹੁਣ ਵੀ ਉਸ ਨੂੰ ਐਫ-15 ਲੜਾਕੂ ਹਵਾਈ ਜ਼ਹਾਜ ਦੇ ਕੇ ਇਸ ਤਲਵਾਰ ਨੂੰ ਵੀ ਤਿੱਖੀ ਰੱਖੇ ਤਾਂ ਕਿ ਏਸੀਆ ਖਿੱਤੇ ਦੇ ਅਮਨ-ਚੈਨ ਨੂੰ ਬਰਕਰਾਰ ਰੱਖਿਆ ਜਾ ਸਕੇ ਅਤੇ ਸਿੱਖ ਕੌਮ ਦੇ ਹੋਣ ਵਾਲੇ ਜਾਨੀ ਤੇ ਮਾਲੀ ਨੁਕਸਾਨ ਨੂੰ ਰੋਕਣ ਵਿਚ ਮਦਦ ਮਿਲ ਸਕੇ ।