ਟਿੱਪਣੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵੱਲੋਂ ਗਿਆਨੀ ਪ੍ਰਤਾਪ ਸਿੰਘ ਨੇ ਜੋ ਪ੍ਰਸ਼ਾਦ ਅਤੇ ਸਿਰਪਾਓ ਭੇਂਟ ਕੀਤਾ ਹੈ, ਉਪਰ ਦਿੱਤੀ ਤਸਵੀਰ ਤੋਂ ਸਪੱਸਟ ਝੱਲਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਦਸਤਾਰ ਵੀ ਨਹੀਂ ਪਹਿਨੀ ਹੋਈ, ਫਿਰ ਬਗੈਰ ਦਸਤਾਰ ਤੋਂ ਕਿਸੇ ਸਿੱਖ ਨੂੰ ਸਿਰਪਾਓ ਭੇਂਟ ਕਰਨਾ ਸਿੱਖੀ ਸਿਧਾਤਾਂ ਦੀ ਘੋਰ ਉਲੰਘਣਾ ਹੈ । ਜਦੋਂਕਿ ਕੈਪਟਨ ਅਮਰਿੰਦਰ ਸਿੰਘ ਤਾਂ ਬਹੁਤ ਜਿੰਮੇਵਾਰ ਅਹੁਦੇ ਤੇ ਬਿਰਾਜਮਾਨ ਹਨ । ਇਨ੍ਹਾਂ ਵੱਲੋਂ ਵੀ ਬਿਨ੍ਹਾਂ ਦਸਤਾਰ ਸਜਾਏ ਸਿਰਪਾਓ ਪ੍ਰਾਪਤ ਕਰਨਾ ਸਿੱਖ ਪੰ੍ਰਪਰਾਵਾਂ ਨੂੰ ਅਣਡਿੱਠ ਕਰਨ ਦੇ ਬਰਾਬਰ ਹੈ । ਪਿਛਲੇ ਸਮੇਂ ਦੌਰਾਨ ਜਦੋਂ ਬਾਬਾ ਦਿਆ ਸਿੰਘ ਸੁਰਸਿੰਘਵਾਲੇ ਸਵਰਗਵਾਸ ਹੋ ਗਏ ਸਨ, ਉਨ੍ਹਾਂ ਦੇ ਭੋਗ ਸਮਾਗਮ ਉਤੇ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿਚ ਉਸ ਵੇਲੇ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਕੁਰਸੀਆਂ ਉਤੇ ਬਿਰਾਜਮਾਨ ਸਨ । ਗੁਰੂ ਮਹਾਰਾਜ ਦੇ ਹੋ ਰਹੇ ਅਪਮਾਨ ਦੀ ਉਲੰਘਣਾ ਉਸ ਵੇਲੇ ਵੀ ਗਿਆਨੀ ਪ੍ਰਤਾਪ ਸਿੰਘ ਨੂੰ ਉਥੇ ਮੌਜੂਦ ਹੋਣ ਦੇ ਬਾਵਜੂਦ ਨਜ਼ਰ ਨਹੀਂ ਪਈ । ਸਗੋਂ ਜਦੋਂ ਸਟੇਜ਼ ਸਕੱਤਰ ਵੱਲੋਂ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਬੋਲਣ ਲਈ ਸੱਦਾ ਦਿੱਤਾ ਗਿਆ ਤਾਂ ਗਿਆਨੀ ਪ੍ਰਤਾਪ ਸਿੰਘ ਨੇ ਸਰਕਾਰੀ ਧਿਰ ਨੂੰ ਖੁਸ਼ ਕਰਨ ਲਈ ਵਿਰੋਧ ਕੀਤਾ ਸੀ । ਸੋ ਇਹ ਦੋਵੇ ਘਟਨਾਵਾਂ ਸਿੱਧ ਕਰਦੀਆਂ ਹਨ ਕਿ ਸਾਡੇ ਸੰਤ, ਮਹਾਪੁਰਸ਼ ਰਾਜ ਕਰਨ ਵਾਲੀਆਂ ਤਾਕਤਾਂ ਦੇ ਹੱਥਠੋਕੇ ਬਣਕੇ ਸਿੱਖ ਸਿਧਾਤਾਂ, ਪ੍ਰੰਪਰਾਵਾਂ ਅਤੇ ਮਾਣ-ਮਰਿਯਾਦਾ ਦਾ ਘਾਣ ਕਰ ਰਹੇ ਹਨ ।
ਵੈਬ ਮਾਸਟਰ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)