ਜੰਮੂ ਦੇ ਸੋਪੀਆ ਜਿ਼ਲ੍ਹੇ ਵਿਚ ਤਿੰਨ ਮੁਸਲਿਮ ਨੌਜ਼ਵਾਨਾਂ ਦਾ ਫ਼ੌਜ ਵੱਲੋਂ ਕਤਲੇਆਮ ਕਰਨਾ ਇਨਸਾਨੀਅਤ ਵਿਰੋਧੀ ਕਾਰਾ : ਮਾਨ
ਫ਼ਤਹਿਗੜ੍ਹ ਸਾਹਿਬ, 21 ਅਗਸਤ ( ) “ਹਿੰਦੂਤਵ ਹਕੂਮਤ ਦੀਆਂ ਫ਼ੌਜਾਂ, ਪੈਰਾਮਿਲਟਰੀ ਫੋਰਸਾਂ ਇਸ ਤਰ੍ਹਾਂ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਕੇ ਗੈਰ-ਇਨਸਾਨੀਅਤ ਅਤੇ ਗੈਰ-ਕਾਨੂੰਨੀ ਢੰਗਾਂ ਰਾਹੀ ਆਪਣੇ ਹੀ ਮੁਲਕ ਦੇ ਬਸਿੰਦਿਆ ਦਾ ਕਤਲੇਆਮ ਕਰਨ ਅਤੇ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਦੇ ਸਭ ਹਕੂਕ ਕੁੱਚਲਕੇ ਉਨ੍ਹਾਂ ਨੂੰ ਹਿੰਦੂਤਵ ਸੋਚ ਦਾ ਗੁਲਾਮ ਬਣਾਉਣ ਲਈ ਇਸ ਤਰ੍ਹਾਂ ਜ਼ਬਰ-ਜੁਲਮ ਕਰ ਰਹੇ ਹਨ, ਇਸ ਗੱਲ ਦਾ ਅੰਦਾਜਾ ਬੀਤੇ ਦਿਨੀਂ ਜੰਮੂ ਕਸ਼ਮੀਰ ਦੇ ਸੋਪੀਆ ਜਿ਼ਲ੍ਹੇ ਵਿਚ ਵਾਪਰੀ ਇਕ ਦੁੱਖਦਾਇਕ ਘਟਨਾ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ 10 ਅਗਸਤ ਨੂੰ ਰਜੋਰੀ ਪੁਲਿਸ ਵਿਚ 3 ਨੌਜ਼ਵਾਨਾਂ ਜਿਨ੍ਹਾਂ ਦੇ ਨਾਮ ਸ੍ਰੀ ਇਬਰਾਰ ਅਹਿਮਦ, ਮੁਹੰਮਦ ਇਮਤਿਆਜ ਅਤੇ ਮੁਹੰਮਦ ਇਬਰਾਰ ਹਨ, ਦੇ ਪਰਿਵਾਰਿਕ ਮੈਬਰਾਂ ਨੇ ਇਹ ਰਿਪੋਰਟ ਲਿਖਵਾਈ ਸੀ ਕਿ ਸਾਡੇ ਬੱਚੇ ਲਾਪਤਾ ਹਨ । ਅਸੀਂ ਬਹੁਤ ਭਾਲ ਕੀਤੀ ਹੈ ਲੇਕਿਨ ਉਨ੍ਹਾਂ ਦੀ ਕੋਈ ਉੱਘ-ਸੁੱਘ ਨਹੀਂ ਮਿਲ ਰਹੀ । ਸਾਡੇ ਬੱਚੇ ਜਿਥੇ ਵੀ ਹਨ, ਉਨ੍ਹਾਂ ਨੂੰ ਲੱਭਕੇ ਸਾਨੂੰ ਸੌਪਿਆ ਜਾਵੇ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਬੀਤੇ ਕੱਲ੍ਹ ਓਮੀਸੀਪੁਰਾ ਹੋਈ ਇਕ ਪੁਲਿਸ ਦੀ ਮੁੱਠਭੇੜ ਵਿਚ ਇਨ੍ਹਾਂ ਉਪਰੋਕਤ 3 ਕਸ਼ਮੀਰੀ ਬੇਕਸੂਰ ਮੁਸਲਿਮ ਨੌਜ਼ਵਾਨਾਂ ਨੂੰ ਫਰਜੀ ਮੁਕਾਬਲੇ ਵਿਚ ਮਾਰਿਆ ਦਿਖਾ ਦਿੱਤਾ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ, ਉਥੇ ਮੋਦੀ ਹਕੂਮਤ ਦੀਆਂ ਘੱਟ ਗਿਣਤੀ ਮਾਰੂ ਸਾਜਿ਼ਸਾਂ ਨੂੰ ਪੂਰਨ ਕਰਨ ਵਾਲੇ ਜੰਮੂ-ਕਸ਼ਮੀਰ ਪ੍ਰਸ਼ਾਸ਼ਨ, ਪੁਲਿਸ ਅਤੇ ਫ਼ੌਜ ਵੱਲੋਂ ਆਪਣੇ ਹੀ ਨਿਵਾਸੀਆ ਦੇ ਖੂਨ ਨਾਲ ਹੋਲੀ ਖੇਡਣ ਦੀ ਮਨੁੱਖਤਾ ਵਿਰੋਧੀ ਕਾਰਵਾਈ ਨੂੰ ਅਤਿ ਸ਼ਰਮਨਾਕ ਕਰਾਰ ਦਿੰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਲੰਮੇਂ ਸਮੇਂ ਤੋਂ ਜੰਮੂ-ਕਸ਼ਮੀਰ ਵਿਚ ਹਿੰਦੂਤਵ ਮੋਦੀ ਹਕੂਮਤ ਵੱਲੋਂ ਗੋਲੀ-ਬੰਦੂਕ ਦੀ ਜਾਬਰਨਾਂ ਨੀਤੀ ਨੂੰ ਲਾਗੂ ਕਰਕੇ ਕਸ਼ਮੀਰੀਆਂ ਦੇ ਜੀਵਨ ਨਾਲ ਖਿਲਵਾੜ ਕਰਨ ਅਤੇ ਉਨ੍ਹਾਂ ਦੇ ਸਭ ਵਿਧਾਨਿਕ, ਸਮਾਜਿਕ ਹੱਕਾਂ ਨੂੰ ਕੁੱਚਲਣ ਦੀ ਕਾਰਵਾਈ ਕਰਾਰ ਦਿੰਦੇ ਹੋਏ ਜਿਥੇ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ, ਉਥੇ ਇਸਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹਿੰਦੂਤਵ ਸੋਚ ਵਾਲੀਆ ਜਮਾਤਾਂ ਬੀਜੇਪੀ-ਆਰ.ਐਸ.ਐਸ, ਸਿਵ ਸੈਨਾ, ਵਿਸਵ ਹਿੰਦੂ ਪ੍ਰੀਸ਼ਦ ਆਦਿ ਸੰਗਠਨਾਂ ਵੱਲੋਂ ਮੋਦੀ ਹਕੂਮਤ ਦੇ ਆਪਣੇ ਰਾਜ ਭਾਗ ਦੀ ਸਹਿ ਉਤੇ ਸਮੁੱਚੇ ਮੁਲਕ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ, ਵਿਸ਼ੇਸ਼ ਤੌਰ ਤੇ ਜੰਮੂ ਕਸ਼ਮੀਰ ਵਿਚ ਵੱਸਣ ਵਾਲੇ ਅਮਨ ਪਸ਼ੰਦ ਸਹਿਰੀਆਂ ਉਤੇ ਨਿਰੰਤਰ ਜੁਲਮ ਢਾਹੁੰਦੇ ਆ ਰਹੇ ਹਨ । ਦੂਸਰੀ ਇਹ ਹੋਰ ਵੀ ਗਹਿਰੇ ਅਫ਼ਸੋਸ ਤੇ ਦੁੱਖ ਵਾਲੇ ਅਮਲ ਹੋ ਰਹੇ ਹਨ ਕਿ ਜਦੋਂ ਵੀ ਅਜਿਹੀ ਕੋਈ ਗੈਰ ਇਨਸਾਨੀਅਤ ਦੁੱਖਦਾਇਕ ਘਟਨਾ ਵਾਪਰਦੀ ਹੈ ਤਾਂ ਘੱਟ ਗਿਣਤੀ ਕੌਮਾਂ ਲਈ ਕਿਸੇ ਤਰ੍ਹਾਂ ਦੀ ਦਲੀਲ, ਅਪੀਲ ਅਤੇ ਵਕੀਲ ਦੀ ਗੱਲ ਬਿਲਕੁਲ ਨਹੀਂ ਸੁਣੀ ਜਾਂਦੀ । ਜੋ ਹੋਰ ਵੀ ਵੱਡਾ ਅਪਰਾਧਿਕ ਤੇ ਗੈਰ ਸਮਾਜਿਕ ਕਾਰਾ ਹੈ । ਸ. ਮਾਨ ਨੇ ਮ੍ਰਿਤਕ ਮੁਸਲਿਮ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਪਰਿਵਾਰਾਂ ਦੇ ਹਰ ਤਰ੍ਹਾਂ ਨਾਲ ਹੈ ਅਤੇ ਜੰਮੂ-ਕਸ਼ਮੀਰ ਦੇ ਪਾਰਟੀ ਪ੍ਰਧਾਨ ਸ. ਗੁਰਦੇਵ ਸਿੰਘ ਜੰਮੂ ਨੂੰ ਇਹ ਅਪੀਲ ਕਰਨੀ ਚਾਹੇਗਾ ਕਿ ਇਨ੍ਹਾਂ ਪੀੜ੍ਹਤ ਪਰਿਵਾਰਾਂ ਦੇ ਹਰ ਤਰ੍ਹਾਂ ਦੇ ਦੁੱਖ-ਸੁੱਖ ਵਿਚ ਇਨਸਾਨੀਅਤ ਅਤੇ ਪਾਰਟੀ ਦੀ ਮਨੁੱਖਤਾ ਪੱਖੀ ਸੋਚ ਨੂੰ ਮੁੱਖ ਰੱਖਕੇ ਹਮੇਸ਼ਾਂ ਸਾਥ ਦਿੰਦੇ ਰਹਿਣ ਤੇ ਸਮੁੱਚੇ ਕਸ਼ਮੀਰੀਆਂ ਨੂੰ ਇਹ ਸੰਦੇਸ਼ ਦੇਣ ਕਿ ਹਿੰਦੂਤਵ ਹਕੂਮਤ ਦੇ ਜ਼ਬਰ ਜੁਲਮਾਂ ਦਾ ਟਾਕਰਾ ਸਮੁੱਚੇ ਕਸ਼ਮੀਰੀ, ਮੁਸਲਿਮ, ਸਿੱਖ, ਇਸਾਈ, ਰੰਘਰੇਟੇ, ਆਦਿਵਾਸੀ, ਫਿਰਕੇ, ਕਬੀਲੇ ਇਕੱਤਰ ਹੋ ਕੇ ਹੀ ਕਰ ਸਕਦੇ ਹਨ ਅਤੇ ਅਜਿਹੇ ਜ਼ਬਰ-ਜੁਲਮ ਨੂੰ ਨੱਥ ਪਾ ਸਕਦੇ ਹਨ । ਇਸ ਲਈ ਸਾਡੀ ਸਮੁੱਚੀਆਂ ਘੱਟ ਗਿਣਤੀ ਕੌਮਾਂ ਅਤੇ ਹਿੰਦੂ ਧਰਮ ਵਿਚ ਇਨਸਾਫ਼ ਦੇ ਪੈਰੋਕਾਰ ਸਖਸ਼ੀਅਤਾਂ ਨੂੰ ਇਹ ਜੋਰਦਾਰ ਅਪੀਲ ਹੈ ਕਿ ਆਉਣ ਵਾਲੇ ਸਮੇਂ ਵਿਚ ਜੋ ਮੁਤੱਸਵੀ ਆਗੂ ਇੰਡੀਆਂ ਵਿਚ ਜਾਬਰ ਨੀਤੀਆ ਲਾਗੂ ਕਰਕੇ ਅਰਾਜਕਤਾ ਵੱਲ ਵੱਧਣ ਦੇ ਮਨਸੂਬੇ ਬਣਾ ਰਹੇ ਹਨ, ਉਨ੍ਹਾਂ ਨੂੰ ਅਸੀਂ ਸਭ ਇਕ ਰੂਪ ਹੋ ਕੇ ਕਾਮਯਾਬ ਨਹੀਂ ਹੋਣ ਦੇਵਾਂਗੇ ਕਿਉਂਕਿ ਸਭ ਕੌਮਾਂ, ਧਰਮਾਂ ਦੇ ਗ੍ਰੰਥਾਂ ਵਿਚ ਇਨਸਾਨੀਅਤ ਕਦਰਾ-ਕੀਮਤਾ ਅਤੇ ਮਨੁੱਖਤਾ ਦੀ ਗੱਲ ਹੈ । ਜਿਥੇ ਸਾਨੂੰ ਸਭ ਨੂੰ ਪਹਿਰਾ ਦਿੰਦੇ ਹੋਏ ਇਨ੍ਹਾਂ ਜਾਬਰ ਹੁਕਮਰਾਨਾਂ ਦੇ ਜੁਲਮਾਂ ਦਾ ਅੰਤ ਕਰਨ ਲਈ ਦ੍ਰਿੜਤਾ ਨਾਲ ਅੱਗੇ ਆਉਣਾ ਪਵੇਗਾ।
Webmaster
Lakhvir Singh
Shiromani Akali Dal (Amritsar)
9781-222-567