Verify Party Member
Header
Header
ਤਾਜਾ ਖਬਰਾਂ

ਜ਼ਬਰ-ਜਿਨਾਹ ਦੇ ਕੇਸਾਂ ਵਿਚ ਸਮਾਂਬੱਧ ਫੈਸਲੇ ਹੋਣ ਅਤੇ ਸਖ਼ਤ ਸਜ਼ਾਵਾਂ ਦਾ ਪ੍ਰਬੰਧ ਹੋਵੇ : ਟਿਵਾਣਾ

ਜ਼ਬਰ-ਜਿਨਾਹ ਦੇ ਕੇਸਾਂ ਵਿਚ ਸਮਾਂਬੱਧ ਫੈਸਲੇ ਹੋਣ ਅਤੇ ਸਖ਼ਤ ਸਜ਼ਾਵਾਂ ਦਾ ਪ੍ਰਬੰਧ ਹੋਵੇ : ਟਿਵਾਣਾ
ਜੇਕਰ ਹੈਦਰਾਬਾਦ ਕਾਂਡ ਦੇ ਦੋਸ਼ੀਆਂ ਦੀ ਮੌਤ ਉਤੇ ਇਥੋਂ ਦੀ ਬਹੁਗਿਣਤੀ ਖੁਸ਼ੀ ਮਨਾ ਰਹੀ ਹੈ, ਤਾਂ ਅਦਾਲਤੀ ਖਾਮੀਆ ਨੂੰ ਹੀ ਪ੍ਰਤੱਖ ਕਰਦੀ ਹੈ

ਫ਼ਤਹਿਗੜ੍ਹ ਸਾਹਿਬ, 07 ਦਸੰਬਰ ( ) “ਜੇਕਰ ਅੱਜ ਹੈਦਰਾਬਾਦ ਬਲਾਤਕਾਰ ਕਾਂਡ ਦੇ ਦੋਸ਼ੀਆਂ ਨੂੰ ਪੁਲਿਸ ਮੁਕਾਬਲੇ ਵਿਚ ਮਾਰੇ ਜਾਣ ਉਤੇ ਇਥੋਂ ਦੇ 80% ਨਿਵਾਸੀ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਨ ਤਾਂ ਇਹ ਵਰਤਾਰਾ ਇਸ ਗੱਲ ਨੂੰ ਵੀ ਪ੍ਰਤੱਖ ਕਰਦਾ ਹੈ ਕਿ ਇਥੋਂ ਦੇ ਨਿਵਾਸੀਆਂ ਦਾ ਅਦਾਲਤਾਂ ਅਤੇ ਕਾਨੂੰਨੀ ਖਾਮੀਆ ਦੇ ਦੋਸ਼ਪੂਰਨ ਅਮਲ, ਸਿਆਸੀ ਪ੍ਰਭਾਵ ਦੀ ਦੁਰਵਰਤੋਂ ਹੋਣ ਦੀ ਬਦੌਲਤ ਅਦਾਲਤਾਂ ਅਤੇ ਜੱਜਾਂ ਉਪਰੋ ਵਿਸ਼ਵਾਸ ਖ਼ਤਮ ਹੋਣ ਕਿਨਾਰੇ ਪਹੁੰਚਿਆ ਹੋਇਆ ਹੈ । ਜੇਕਰ ਅਦਾਲਤੀ ਫੈਸਲੇ ਦੀ ਪ੍ਰਕਿਰਿਆ ਸਹੀ ਸਮੇਂ ਨਾਲ ਕਾਨੂੰਨ ਅਨੁਸਾਰ ਸਜ਼ਾਵਾਂ ਦੇਣ ਦਾ ਪ੍ਰਬੰਧ ਹੁੰਦਾ ਤਾਂ ਅੱਜ ਚਾਰ ਦੋਸ਼ੀਆਂ ਦੇ ਪੁਲਿਸ ਮੁਕਾਬਲੇ ਵਿਚ ਮਾਰੇ ਜਾਣ ਉਤੇ ਮੁਲਕ ਨਿਵਾਸੀ ਕਦੀ ਵੀ ਐਨੀ ਵੱਡੀ ਖੁਸ਼ੀ ਮਹਿਸੂਸ ਨਾ ਕਰਦੇ । ਅਦਾਲਤਾਂ ਤੇ ਕਾਨੂੰਨੀ ਪ੍ਰਕਿਰਿਆ ਵਿਚ ਇਥੋਂ ਦੇ ਨਿਵਾਸੀਆਂ ਦਾ ਵਿਸ਼ਵਾਸ ਬਣਾਈ ਰੱਖਣ ਲਈ ਇਹ ਜ਼ਰੂਰੀ ਹੈ ਕਿ ਜ਼ਬਰ-ਜਿਨਾਹ ਅਤੇ ਹੋਰ ਸੰਗੀਨ ਜੁਰਮਾਂ ਵਿਚ ਸਮਾਂਬੱਧ ਸਿਆਸਤ ਦੇ ਪ੍ਰਭਾਵ ਤੋਂ ਰਹਿਤ ਫੈਸਲਾ ਦੇਣ ਦਾ ਹੁਕਮਰਾਨ ਪ੍ਰਬੰਧ ਕਰਨ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹੈਦਰਾਬਾਦ ਦੀ ਇਕ ਡਾਕਟਰ ਬੀਬੀ ਨਾਲ ਹੋਏ ਜ਼ਬਰ-ਜਿਨਾਹ ਉਪਰੰਤ ਪੁਲਿਸ ਵੱਲੋਂ ਦੋਸ਼ੀਆਂ ਨੂੰ ਮੁਕਾਬਲੇ ਵਿਚ ਮਾਰੇ ਜਾਣ ਉਤੇ ਬਹੁਗਿਣਤੀ ਵੱਸੋਂ ਵੱਲੋਂ ਖੁਸ਼ੀ ਮਨਾਉਣ ਦੇ ਹੋ ਰਹੇ ਅਮਲਾਂ ਉਤੇ ਵਿਚਾਰ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਕਸਰ ਹੀ ਵੱਡੇ-ਵੱਡੇ ਅਪਰਾਧੀਆਂ ਨੂੰ ਇਥੋਂ ਦੇ ਵੱਡੇ-ਵੱਡੇ ਸਿਆਸਤਦਾਨ ਤੇ ਅਫ਼ਸਰਾਨ ਹੀ ਪੁਸਤ-ਪਨਾਹੀ ਕਰਦੇ ਆ ਰਹੇ ਹਨ । ਸਿਆਸੀ ਪ੍ਰਭਾਵ ਦੀ ਦੁਰਵਰਤੋਂ ਹੋਣ ਦੀ ਬਦੌਲਤ ਹੀ ਨਿਵਾਸੀਆਂ ਨੂੰ ਸਹੀ ਸਮੇਂ ਤੇ ਕਾਨੂੰਨ ਅਨੁਸਾਰ ਇਨਸਾਫ਼ ਨਹੀਂ ਮਿਲ ਰਿਹਾ । ਲੰਮੀ ਕਾਨੂੰਨੀ ਪ੍ਰਕਿਰਿਆ ਦੇ ਕਾਰਨ ਕਾਤਲ, ਸਮੱਗਲਰ, ਬਲਾਤਕਾਰੀਆ ਆਦਿ ਅਪਰਾਧੀਆਂ ਦੇ ਐਨੇ ਹੌਸਲੇ ਵੱਧ ਗਏ ਹਨ ਕਿ ਕੋਈ ਸ਼ਹਿਰ-ਪਿੰਡ, ਸੂਬਾ ਅਜਿਹੇ ਗੈਰ-ਕਾਨੂੰਨੀ ਅਮਲਾਂ ਤੋਂ ਵਾਂਝਾ ਨਹੀਂ ਰਿਹਾ । ਅਪਰਾਧੀ ਬਲਾਤਕਾਰੀ ਅਤੇ ਕਾਤਲ ਵੱਡਾ ਅਪਰਾਧ ਕਰਨ ਤੇ ਵੀ ਬਰੀ ਹੋ ਜਾਂਦੇ ਹਨ । ਜਿਸਦਾ ਇਥੋਂ ਦੇ ਨਿਵਾਸੀਆਂ ਵਿਚ ਵੱਡਾ ਰੋਸ਼ ਉਤਪੰਨ ਹੋ ਚੁੱਕਾ ਹੈ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਤਿਲੰਗਨਾ ਬਲਾਤਕਾਰੀ ਕਾਂਡ, ਯੂਪੀ ਦੇ ਓਨਾਵ ਵਿਚ ਇਕ ਲੜਕੀ ਨਾਲ ਜ਼ਬਰ-ਜ਼ਨਾਹ ਉਪਰੰਤ ਮਾਰ ਦੇਣ, ਰਾਜਸਥਾਂਨ ਵਿਚ ਇਕ ਲੜਕੀ ਨਾਲ ਬਲਾਤਕਾਰ ਕਰਕੇ ਦੋਸ਼ੀਆਂ ਵੱਲੋਂ ਹੱਤਿਆ ਕਰ ਦੇਣ ਦੀਆਂ ਅਤਿ ਸ਼ਰਮਨਾਕ ਕਾਰਵਾਈਆ ਦੀ ਬਦੌਲਤ ਇਨਸਾਨੀਅਤ ਅਤੇ ਇਨਸਾਫ਼ ਤੇ ਤਕਾਜੇ ਤੇ ਡੂੰਘਾ ਪ੍ਰਸ਼ਨ ਚਿੰਨ੍ਹ ਲੱਗ ਚੁੱਕਾ ਹੈ । ਜਦੋਂ ਤੱਕ ਅਜਿਹੇ ਅਪਰਾਧੀਆਂ ਲਈ ਸਖਤ ਸਜ਼ਾ ਅਤੇ ਥੋੜ੍ਹੇ ਸਮੇਂ ਵਿਚ ਕਾਨੂੰਨੀ ਪ੍ਰਕਿਰਿਆ ਪੂਰਨ ਕਰਦੇ ਹੋਏ ਫੈਸਲਾ ਦੇਣ ਦੇ ਅਮਲ ਨਹੀਂ ਕੀਤੇ ਜਾਂਦੇ, ਉਦੋ ਤੱਕ ਅਜਿਹੇ ਅਪਰਾਧੀਆਂ ਦੇ ਹੌਸਲੇ ਵੱਧਣ ਤੋਂ ਨਹੀਂ ਰੋਕਿਆ ਜਾ ਸਕਦਾ । ਉਨ੍ਹਾਂ ਕਿਹਾ ਕਿ ਜਦੋਂ ਸਾਡੀ ਪਾਰਲੀਮੈਂਟ ਵਿਚ ਪਹੁੰਚੇ ਸੰਸਦ ਮੈਬਰਾਂ ਵਿਚ ਵੱਡੀ ਗਿਣਤੀ ਅਪਰਾਧਿਕ ਕੇਸਾਂ ਵਿਚ ਉਲਝੀ ਹੋਈ ਹੈ ਅਤੇ ਇਹ ਸਾਡੇ ਚੁਣੇ ਹੋਏ ਨੁਮਾਇੰਦੇ ਹੀ ਅਪਰਾਧੀਆਂ ਦੀ ਸਰਪ੍ਰਸਤੀ ਕਰਦੇ ਨਜ਼ਰ ਆ ਰਹੇ ਹਨ, ਫਿਰ ਅਜਿਹੇ ਨਿਜਾਮ ਵਿਚੋਂ ਇਨਸਾਫ਼ ਦੀ ਕਿਵੇਂ ਉਮੀਦ ਕੀਤੀ ਜਾ ਸਕਦੀ ਹੈ ? ਇਸ ਲਈ ਚੋਣ ਕਮਿਸ਼ਨ ਇੰਡੀਆਂ ਨੂੰ ਇਨਸਾਨੀਅਤ ਅਤੇ ਇਨਸਾਫ਼ ਦੇ ਬਿਨ੍ਹਾਂ ਤੇ ਇਹ ਜੋਰਦਾਰ ਅਪੀਲ ਹੈ ਕਿ ਅਪਰਾਧੀ ਪਿਛੋਕੜ ਵਾਲੇ ਕਿਸੇ ਵੀ ਪਾਰਟੀ ਨਾਲ ਸੰਬੰਧਤ ਉਮੀਦਵਾਰ ਨੂੰ ਚੋਣ ਕਮਿਸ਼ਨ ਚੋਣ ਲੜਨ ਤੇ ਦ੍ਰਿੜਤਾ ਨਾਲ ਰੋਕ ਲਗਾਵੇ । ਹੁਕਮਰਾਨ ਅਤੇ ਅਫ਼ਸਰਾਨ ਅਪਰਾਧੀਆਂ ਦੀ ਗੈਰ-ਕਾਨੂੰਨੀ ਢੰਗ ਨਾਲ ਕੀਤੀ ਜਾਣ ਵਾਲੀ ਸਰਪ੍ਰਸਤੀ ਤੋਂ ਆਪਣਾ ਇਖ਼ਲਾਕੀ ਫਰਜ ਸਮਝਕੇ ਤੋਬਾ ਕਰਨ । ਤਦ ਹੀ ਇਥੇ ਅਜਿਹਾ ਮਾਹੌਲ ਸਿਰਜਿਆ ਜਾ ਸਕਦਾ ਹੈ ਜਿਸ ਨਾਲ ਸਾਡੀਆ ਧੀਆਂ-ਭੈਣਾਂ ਆਪੋ-ਆਪਣੇ ਕਾਰੋਬਾਰ ਕਰਨ, ਰੁਜਗਾਰ ਕਰਨ ਨੂੰ ਰਾਤ ਦੇ 12 ਵਜੇ ਵੀ ਕਿਸੇ ਡਰ-ਭੈ ਤੋਂ ਬਿਨ੍ਹਾਂ ਆਜ਼ਾਦੀ ਨਾਲ ਵਿਚਰ ਸਕਣ ਅਤੇ ਕੋਈ ਵੀ ਮਾੜੀ ਸੋਚ ਰੱਖਣ ਵਾਲਾ ਅਨਸਰ ਗੈਰ-ਕਾਨੂੰਨੀ ਅਮਲ ਕਰਨ ਦੀ ਜੁਰਅਤ ਨਾ ਕਰ ਸਕੇ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *