ਜਦੋਂ ਸਮੁੱਚੇ ਕਿਸਾਨਾਂ, ਪੰਜਾਬੀਆਂ ਅਤੇ ਸਿੱਖ ਕੌਮ ਦਾ ਮਕਸਦ ਇਕ ਹੈ, ਫਿਰ ਇਕ ਹੋ ਕੇ ਕਿਸਾਨ ਸੰਘਰਸ਼ ਨੂੰ ਮੰਜਿ਼ਲ ਵੱਲ ਲਿਜਾਇਆ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ, 01 ਮਾਰਚ ( ) “ਜਦੋਂ ਸਮੁੱਚੇ ਮੁਲਕ ਦੇ ਕਿਸਾਨਾਂ-ਮਜ਼ਦੂਰਾਂ, ਟਰਾਸਪੋਰਟਰਾਂ, ਆੜਤੀਆਂ, ਵਪਾਰੀਆ, ਕਾਰੋਬਾਰੀਆਂ ਆਦਿ ਦੇ ਜੀਵਨ ਨਾਲ ਸੰਬੰਧਤ ਇਸ ਮੁਲਕ ਵਿਚ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜਦੋਂ ਫ਼ਸਲਾਂ-ਨਸ਼ਲਾਂ, ਸਿੱਖੀ ਵਿਰਸੇ-ਵਿਰਾਸਤ ਅਤੇ ਸਿੱਖ ਕੌਮ ਦੀ ਹੋਂਦ ਦਾ ਗੰਭੀਰ ਮਸਲਾਂ ਉਤਪੰਨ ਹੋ ਚੁੱਕਾ ਹੈ । ਜਦੋਂ ਸਭ ਦਾ ਮਕਸਦ ਇਕ ਹੈ ਤਾਂ ਵਿਚਾਰਾਂ ਦੇ ਵਖਰੇਵਿਆ ਨੂੰ ਤੁੱਲ ਨਾ ਦੇ ਕੇ ਇਕਰੂਪ ਹੋ ਕੇ ਆਪਣੇ ਇਸ ਕਿਸਾਨੀ ਸੰਘਰਸ਼ ਨੂੰ ਮੰਜਿ਼ਲ ਤੇ ਪਹੁੰਚਾਉਣ ਲਈ ਸਾਂਝੇ ਤੌਰ ਤੇ ਸੁਹਿਰਦ ਉਦਮ ਵੀ ਕੀਤੇ ਜਾਣ ਅਤੇ ਹਰ ਕੀਮਤ ਤੇ ਇਸ ਸੰਘਰਸ਼ ਨੂੰ ਮੰਜਿ਼ਲ ਤੇ ਪਹੁੰਚਾਇਆ ਜਾਵੇ । ਤਾਂ ਕਿ ਹੁਕਮਰਾਨ ਅਤੇ ਫਿਰਕੂ ਲੋਕ ਸੰਘਰਸ਼ੀਲ ਧਿਰਾਂ ਵਿਚ ਵਖਰੇਵੇ ਪੈਦਾ ਕਰਕੇ ਸਾਡੀ ਵੱਡੀ ਸ਼ਕਤੀ ਨੂੰ ਕਿਸੇ ਤਰ੍ਹਾਂ ਢਾਹ ਲਗਾਉਣ ਵਿਚ ਕਾਮਯਾਬ ਨਾ ਹੋ ਸਕਣ ਅਤੇ ਅਸੀਂ ਆਪਣੀ ਮੰਜਿ਼ਲ-ਏ-ਮਕਸੂਦ ਨੂੰ ਘੱਟ ਤੋਂ ਘੱਟ ਨੁਕਸਾਨ ਅਤੇ ਵੱਡੀ ਤੋਂ ਵੱਡੀ ਪ੍ਰਾਪਤੀ ਕਰਨ ਵਿਚ ਕਾਮਯਾਬ ਹੋ ਸਕੀਏ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦੇ ਉਤਰਾਅ-ਚੜ੍ਹਾਅ ਅਤੇ ਪੰਜਾਬ ਵਿਚ ਤੇਜ਼ੀ ਨਾਲ ਨੌਜ਼ਵਾਨੀ ਵਿਚ ਆਪਣੀ ਹੋਂਦ, ਵਿਰਸੇ-ਵਿਰਾਸਤ ਨੂੰ ਲੈਕੇ ਪਾਈ ਜਾ ਰਹੀ ਸੰਜ਼ੀਦਗੀ ਸੰਬੰਧੀ ਸਮੁੱਚੀਆਂ ਅੰਦੋਲਨ ਵਿਚ ਹਿੱਸਾ ਪਾਉਣ ਵਾਲੀਆ ਧਿਰਾਂ ਨੂੰ ਤੁਰੰਤ ਇਕ-ਦੂਸਰੇ ਵਿਰੁੱਧ ਛੋਟੇ-ਮੋਟੇ ਵੱਖਰੇਵਿਆ ਸੰਬੰਧੀ ਬਿਆਨਬਾਜ਼ੀ ਬੰਦ ਕਰਕੇ ਆਪਣੇ ਨਿਸ਼ਾਨੇ ਉਤੇ ਦ੍ਰਿੜਤਾ ਪੂਰਵਕ ਕੇਦਰਿਤ ਹੋਣ ਅਤੇ ਦੂਰਅੰਦੇਸ਼ੀ ਨਾਲ ਆਪਣੀ ਮੰਜਿਲ ਵੱਲ ਵੱਧਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਿਸਾਨੀ, ਪਾਣੀਆਂ, ਬੋਲੀ, ਭਾਸ਼ਾ, ਆਪਣੇ ਇਲਾਕਿਆ ਅਤੇ ਆਪਣੀ ਆਰਥਿਕਤਾ ਦੇ ਮਸਲਿਆ ਉਤੇ ਹੁਣ ਇਕ ਸਾਂਝੀ ਰਾਏ ਉਤਪੰਨ ਕਰਕੇ ਅੱਗੇ ਵੱਧਣ ਦੀ ਹੈ ਅਤੇ ਹੁਕਮਰਾਨਾਂ ਨਾਲ ਦ੍ਰਿੜਤਾ ਅਤੇ ਸੰਜ਼ੀਦਗੀ ਨਾਲ ਜੂਝਣ ਦਾ ਸਮਾਂ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਭ ਧਿਰਾਂ ਭਾਵੇ ਕਿਸੇ ਦਾ ਵੱਧ ਯੋਗਦਾਨ ਹੈ, ਭਾਵੇ ਥੋੜਾ ਪਰ ਅਜਿਹੇ ਅੰਦੋਲਨ ਸਮੁੱਚੀਆਂ ਧਿਰਾਂ ਤੇ ਜਨਤਾ ਦੇ ਸਹਿਯੋਗ ਤੋਂ ਬਿਨ੍ਹਾਂ ਮੰਜਿ਼ਲ ਤੇ ਨਹੀਂ ਪਹੁੰਚ ਸਕਦੇ । ਇਸ ਲਈ ਉਨ੍ਹਾਂ ਇਹ ਆਸ ਪ੍ਰਗਟਾਈ ਕਿ ਸਮੇਂ ਦੀ ਨਿਜਾਕਤ ਨੂੰ ਪਹਿਚਾਣਦੇ ਹੋਏ ਸਭ ਕਿਸਾਨ ਆਗੂ, ਨੌਜ਼ਵਾਨ, ਸਿਆਸਤਦਾਨ ਅਤੇ ਪੰਜਾਬ ਸੂਬੇ ਨਾਲ ਸੰਬੰਧਤ ਸਭ ਧਿਰਾਂ ਇਕ ਤਾਕਤ ਹੋ ਕੇ ਆਪਣੀ ਮੰਜਿ਼ਲ ਵੱਲ ਦ੍ਰਿੜਤਾ ਨਾਲ ਵੱਧਣਗੇ ।
ਸ. ਮਾਨ ਨੇ ਸਮੁੱਚੀ ਕਿਸਾਨੀ ਅਤੇ ਨੌਜ਼ਵਾਨੀ ਲੀਡਰਸਿ਼ਪ ਨੂੰ ਨੇਕ ਸਲਾਹ ਦਿੰਦੇ ਹੋਏ ਕਿਹਾ ਕਿ ਆਉਣ ਵਾਲੇ ਕੁਝ ਸਮੇਂ ਬਾਅਦ 5 ਸੂਬਿਆਂ ਅਸਾਮ, ਪੱਛਮੀ ਬੰਗਾਲ, ਕੇਰਲ, ਤਾਮਿਲਨਾਡੂ, ਪੁਡੂਚੇਰੀ (ਯੂ.ਟੀ.) ਦੀਆਂ ਜਰਨਲ ਅਸੈਬਲੀ ਦੀਆਂ ਚੋਣਾਂ ਸਿਰ ਤੇ ਹਨ । ਇਸ ਸਮੇਂ ਇਨ੍ਹਾਂ ਸੂਬਿਆਂ ਦੇ ਕਿਸਾਨਾਂ ਅਤੇ ਨੌਜ਼ਵਾਨੀ ਨੂੰ ਚੱਲ ਰਹੇ ਸੰਘਰਸ਼ ਵਿਚ ਸਹੀ ਅਗਵਾਈ ਦੇਣ ਹਿੱਤ ਸਭ ਧਿਰਾਂ ਨੂੰ ਇਕਜੁਟ ਹੋ ਕੇ ਕਾਬਜ ਹੁਕਮਰਾਨ ਜਮਾਤ, ਕਾਂਗਰਸ ਵਰਗੀਆ ਜਮਾਤਾਂ ਨੂੰ ਕਰਾਰੀ ਹਾਰ ਦੇਣ ਲਈ ਕਮਰਕੱਸੇ ਕਰਨੇ ਬਣਦੇ ਹਨ । ਤਾਂ ਕਿ ਇਨ੍ਹਾਂ ਦੇ ਜ਼ਬਰ-ਜੁਲਮਾਂ ਦੇ ਅਮਲਾਂ ਦਾ ਅੰਤ ਕਰਨ ਲਈ ਇਨ੍ਹਾਂ ਦੇ ਬਣਾਏ ਗਏ ਕੱਟੜਵਾਦੀ ਮਹਿਲਾਂ ਦੀ ਇਕ-ਇਕ ਇੱਟ ਨੂੰ ਕੱਢਕੇ ਇਸ ਮਨੁੱਖਤਾ ਦੇ ਵਿਰੋਧੀ ਹੁਕਮਰਾਨਾਂ ਨੂੰ ਵੋਟ ਪਰਚੀ ਰਾਹੀ ਵੀ ਕਰਾਰੀ ਹਾਰ ਦਿੱਤੀ ਜਾ ਸਕੇ ਅਤੇ ਜੋ ਕਿਸਾਨਾਂ-ਮਜ਼ਦੂਰਾਂ ਉਤੇ ਹੁਕਮਰਾਨਾਂ ਨੇ ਮੰਦਭਾਵਨਾ ਅਧੀਨ ਕਹਿਰ ਸੁਰੂ ਕੀਤਾ ਹੋਇਆ ਹੈ, ਉਸ ਨੂੰ ਜਮਹੂਰੀਅਤ ਢੰਗ ਨਾਲ ਅੰਤ ਕੀਤਾ ਜਾ ਸਕੇ । ਸ. ਮਾਨ ਨੇ ਸਮੁੱਚੀਆ ਧਿਰਾਂ ਨੂੰ ਇਹ ਵੀ ਅਪੀਲ ਕੀਤੀ ਕਿ ਜ਼ਬਰ-ਜੁਲਮ ਵਿਰੁੱਧ ਦਿੱਲੀ ਵਿਖੇ ਸ਼ਹਾਦਤ ਦੇਣ ਵਾਲੇ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੀ 400 ਸਾਲਾ ਜਨਮ ਸਤਾਬਦੀ ਦੇ ਮੌਕੇ ਗੁਰਦੁਆਰਾ ਸੀਸਗੰਜ ਦਿੱਲੀ ਵਿਖੇ ਮਿਤੀ 19 ਅਪ੍ਰੈਲ ਨੂੰ ਪਹੁੰਚਕੇ ਉਸ ਮਹਾਨ ਸਖਸ਼ੀਅਤ ਨੂੰ ਨਤਮਸਤਕ ਹੁੰਦੇ ਹੋਏ ਇਹ ਪ੍ਰਣ ਵੀ ਕੀਤਾ ਜਾਵੇ ਕਿ ਜਾਬਰ ਹੁਕਮਰਾਨਾਂ ਦੇ ਜੁਲਮਾਂ ਨੂੰ ਅਸੀਂ ਬਿਲਕੁਲ ਸਹਿਣ ਨਹੀਂ ਕਰਾਂਗੇ ਅਤੇ ਕਿਸਾਨੀ ਮਾਰੂ ਕਾਨੂੰਨਾਂ ਨੂੰ ਹਰ ਕੀਮਤ ਤੇ ਰੱਦ ਕਰਵਾਕੇ ਹੀ ਦਿੱਲੀ ਦੀਆਂ ਸਰਹੱਦਾਂ ਤੋਂ ਵਾਪਸ ਮੁੜਾਗੇ ।