Verify Party Member
Header
Header
ਤਾਜਾ ਖਬਰਾਂ

ਜਦੋਂ ਤੱਕ ਗ੍ਰਿਫ਼ਤਾਰ ਕੀਤੀ ਗਈ ਕਿਸਾਨੀ-ਨੌਜ਼ਵਾਨੀ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਸ ਸਮੇਂ ਤੱਕ ਹਰ ਹਫਤੇ ਗ੍ਰਿਫ਼ਤਾਰੀਆਂ ਲਈ ਜਥੇ ਜਾਂਦੇ ਰਹਿਣਗੇ : ਮਾਨ

ਜਦੋਂ ਤੱਕ ਗ੍ਰਿਫ਼ਤਾਰ ਕੀਤੀ ਗਈ ਕਿਸਾਨੀ-ਨੌਜ਼ਵਾਨੀ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਸ ਸਮੇਂ ਤੱਕ ਹਰ ਹਫਤੇ ਗ੍ਰਿਫ਼ਤਾਰੀਆਂ ਲਈ ਜਥੇ ਜਾਂਦੇ ਰਹਿਣਗੇ : ਮਾਨ

ਅੰਮ੍ਰਿਤਸਰ, 23 ਫਰਵਰੀ ( ) “12 ਫਰਵਰੀ 2021 ਨੂੰ ਜਦੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੇ 74ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮਨਾਇਆ ਸੀ ਤਾਂ ਸੰਤ ਜੀ ਦੇ ਮਨੁੱਖਤਾ ਤੇ ਕੌਮ ਪ੍ਰਤੀ ਕੀਤੇ ਗਏ ਮਹਾਨ ਉਦਮਾਂ ਨੂੰ ਯਾਦ ਕਰਦੇ ਹੋਏ ਕੌਮੀ ਨਿਸ਼ਾਨੇ ਉਤੇ ਦ੍ਰਿੜ ਰਹਿਣ ਲਈ ਅਸੀਂ ਹਾਜਰੀਨ ਹਜ਼ਾਰਾਂ ਦੇ ਇਕੱਠ ਤੋਂ ਇਹ ਪ੍ਰਵਾਨਗੀ ਲਈ ਸੀ ਕਿ ਕੌਮੀ ਆਜ਼ਾਦੀ ਦੀ ਪ੍ਰਾਪਤੀ ਤੱਕ ਸੰਘਰਸ਼ ਨੂੰ ਜਿਥੇ ਜਾਰੀ ਰੱਖਾਂਗੇ, ਉਥੇ ਅਸੀ ਇਹ ਵੀ ਬਚਨ ਕੀਤਾ ਸੀ ਕਿ ਜੇਕਰ ਸੈਂਟਰ ਦੀ ਮੋਦੀ ਹਕੂਮਤ ਨੇ 26 ਜਨਵਰੀ ਅਤੇ ਬਾਅਦ ਵਿਚ ਗ੍ਰਿਫ਼ਤਾਰ ਕੀਤੇ ਗਏ 177 ਦੇ ਕਰੀਬ ਕਿਸਾਨ-ਮਜ਼ਦੂਰ, ਨੌਜ਼ਵਾਨਾਂ ਨੂੰ ਰਿਹਾਅ ਨਾ ਕੀਤਾ ਅਤੇ ਪੰਜਾਬ ਵਿਚ ਆਪਣੀਆ ਖੂਫੀਆ ਏਜੰਸੀਆ ਰਾਅ, ਆਈ.ਬੀ. ਐਨ.ਆਈ.ਏ. ਅਤੇ ਦਿੱਲੀ ਪੁਲਿਸ ਦੀ ਦਹਿਸਤ ਪਾ ਕੇ ਸਿੱਖ ਨੌਜ਼ਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਿਨ੍ਹਾਂ ਵਜਹ ਤੰਗ-ਪ੍ਰੇਸ਼ਾਨ ਕਰਨਾ ਬੰਦ ਨਾ ਕੀਤਾ ਗਿਆ, ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅੱਜ ਤੋਂ 10 ਦਿਨਾਂ ਬਾਅਦ ਦਿੱਲੀ ਪਾਰਲੀਮੈਂਟ ਵਿਖੇ ਗ੍ਰਿਫ਼ਤਾਰੀਆਂ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਆਪਣਾ ਜਥਾ ਭੇਜੇਗਾ । ਉਸ ਬਚਨ ਨੂੰ ਪੂਰਨ ਕਰਨ ਹਿੱਤ ਅੱਜ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਸ ਮਹਾਨ ਅਸਥਾਂਨ ਵਿਖੇ ਇਕੱਤਰ ਹੁੰਦੇ ਹੋਏ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਪ੍ਰਧਾਨ ਕਿਸਾਨ ਯੂਨੀਅਨ ਅਤੇ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਵਿਚ 5 ਮੈਬਰੀ ਜਥਾਂ ਨੂੰ ਅਰਦਾਸ ਕਰਨ ਉਪਰੰਤ ਵਿਦਾਇਗੀ ਦੇ ਰਹੇ ਹਾਂ । ਇਸੇ ਤਰ੍ਹਾਂ ਇਹ ਗ੍ਰਿਫ਼ਤਾਰੀਆਂ ਦੇਣ ਦਾ ਸਿਲਸਿਲਾ ਹਰ ਹਫਤੇ ਬਾਅਦ ਜਥਾ ਜਾਇਆ ਕਰੇਗਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਇਥੇ ਪੰਜਾਬੀਆਂ ਅਤੇ ਕੌਮ ਨਾਲ ਕੀਤੇ ਗਏ ਵਾਅਦੇ ਅਨੁਸਾਰ ਛੇਵੀਂ ਪਾਤਸ਼ਾਹੀ ਦੇ ਮੀਰੀ-ਪੀਰੀ ਦੇ ਮਹਾਨ ਅਸਥਾਂਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਦੇ ਹੋਏ ”ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ” ਦੀ ਵੱਡੀ ਕੌਮੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਅਤੇ 26 ਜਨਵਰੀ ਨੂੰ ਲਾਲ ਕਿਲ੍ਹੇ ਉਤੇ ਸਾਡੀ ਪਾਰਟੀ ਦੀ ਨੌਜ਼ਵਾਨੀ ਅਤੇ ਲੀਡਰਸਿ਼ਪ ਵੱਲੋਂ ਉਥੇ ਝੁਲਾਏ ਗਏ ਨਿਸ਼ਾਨ ਸਾਹਿਬ ਨੂੰ ਸਹੀ ਕੌਮੀ ਅਮਲ ਕਰਾਰ ਦਿੰਦੇ ਹੋਏ ਸ. ਜਸਕਰਨ ਸਿੰਘ ਕਾਹਨਸਿੰਘਵਾਲਾ ਦੀ ਅਗਵਾਈ ਵਿਚ ਇਸ ਮਹਾਨ ਅਸਥਾਂਨ ਤੋਂ ਦਿੱਲੀ ਗ੍ਰਿਫ਼ਤਾਰੀਆਂ ਦੇਣ ਲਈ ਸ. ਜਸਕਰਨ ਸਿੰਘ ਤੋਂ ਇਲਾਵਾ 5 ਮੈਬਰੀ ਜਥਾਂ ਜਿਨ੍ਹਾਂ ਵਿਚ ਸ. ਲਖਵੀਰ ਸਿੰਘ ਸੌਟੀ, ਸ. ਬਲਜਿੰਦਰ ਸਿੰਘ ਲਸੋਈ, ਸ. ਤਰਨਦੀਪ ਸਿੰਘ, ਸ. ਗੁਰਪ੍ਰੀਤ ਸਿੰਘ ਲਾਡਵਣਜਾਰਾ ਜਥਾ ਤੋਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਮੀਰੀ-ਪੀਰੀ ਦੇ ਦੋਵੇ ਕੌਮੀ ਝੰਡੇ ਸਦੀਆਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਝੂਲਦੇ ਆਏ ਹਨ । ਜੋ ਫ਼ਤਹਿ ਦੀ ਪ੍ਰਤੀਕ ਦੇ ਨਾਲ-ਨਾਲ ਸਮੁੱਚੀ ਮਨੁੱਖਤਾ ਦੀ ਬਿਨ੍ਹਾਂ ਕਿਸੇ ਤਰ੍ਹਾਂ ਦੇ ਭੇਦਭਾਵ ਤੋਂ ਬਿਹਤਰੀ ਕਰਨ ਅਤੇ ਹਰ ਤਰ੍ਹਾਂ ਦੇ ਜ਼ਬਰ-ਜੁਲਮ ਵਿਰੁੱਧ ਸੰਘਰਸ਼ ਕਰਦੇ ਹੋਏ ਸੱਚ ਅਤੇ ਇਨਸਾਫ਼ ਦੀ ਆਵਾਜ਼ ਨੂੰ ਦ੍ਰਿੜਤਾ ਨਾਲ ਬੁਲੰਦ ਕਰਨ ਦਾ ਸਾਨੂੰ ਸੰਦੇਸ਼ ਦਿੰਦੇ ਹਨ । ਉਨ੍ਹਾਂ ਕਿਹਾ ਕਿ ਜਦੋਂ ਇਸ ਮੁਲਕ ਦੇ ਸੌੜੀ ਸੋਚ ਦੇ ਮਾਲਕ ਹਰ ਤਰ੍ਹਾਂ ਦੀਆਂ ਮੁਲਕੀ ਜੰਗਾਂ ਉਤੇ ਫ਼ਤਹਿ ਪ੍ਰਾਪਤ ਕਰਨ ਲਈ ਸਿੱਖ ਰੈਜਮੈਟ ਨੂੰ ਢਾਲ ਬਣਾਕੇ ਮੈਦਾਨ-ਏ-ਜੰਗ ਵਿਚ ਤੋਰਦੇ ਹਨ ਅਤੇ ਸਿੱਖ ਰੈਜਮੈਟ ਆਪਣੇ ਕੌਮੀ ਨਿਸ਼ਾਨ ਸਾਹਿਬ ਦੇ ਬਾਰਡਰਾਂ ਤੇ ਜਾ ਕੇ ਪੂਰੀ ਸਾਨੋ-ਸੌਂਕਤ ਨਾਲ ਇਹ ਝੰਡੇ ਝੁਲਾਉਦੀ ਹੈ ਅਤੇ ਦੁਨੀਆਂ ਵਿਚ ਫ਼ਤਹਿ ਦਾ ਡੰਕਾ ਵਜਾਉਦੀ ਹੈ, ਜਦੋਂ ਉਸ ਸਮੇਂ ਇਹ ਨਿਸ਼ਾਨ ਸਾਹਿਬ ਝੁਲਾਉਣੇ ਸਹੀ ਹਨ ਤਾਂ ਲਾਲ ਕਿਲ੍ਹੇ ਉਤੇ ਇਹ ਨਿਸ਼ਾਨ ਸਾਹਿਬ ਝੁਲਾਉਣ ਦਾ ਅਮਲ ਕਿਵੇਂ ਗਲਤ ਹੈ ? ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਆਪਣੀ ਦੋਵੇ ਸਮੇਂ ਦੀ ਕੀਤੀ ਜਾਣ ਵਾਲੀ ਅਰਦਾਸ ਵਿਚ ਜਿਥੇ ਵਿਛੜੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰਾਂ ਦੀ ਗੱਲ ਕਰਦਾ ਹੈ, ਉਥੇ ਝੰਡਿਆਂ, ਬੂੰਗਿਆ ਅਤੇ ਕੌਮੀ ਨਿਸ਼ਾਨ ਸਾਹਿਬ ਦੇ ਹਮੇਸ਼ਾਂ ਝੂਲਦੇ ਰਹਿਣ ਦੀ ਵੀ ਮਨੁੱਖਤਾ ਪੱਖੀ ਅਰਦਾਸ ਕਰਦਾ ਹੈ । ਕਿਉਂਕਿ ਇਸ ਕੌਮੀ ਨਿਸ਼ਾਨ ਦੀ ਅਗਵਾਈ ਵਿਚ ਹੀ ਸਿੱਖ ਕੌਮ ਅਤੇ ਸਮੁੱਚਾਂ ਖ਼ਾਲਸਾ ਪੰਥ ਹਰ ਤਰ੍ਹਾਂ ਦੇ ਜ਼ਬਰ-ਜੁਲਮ ਵਿਰੁੱਧ ਸੰਘਰਸ਼ ਕਰਦਾ ਹੈ ਅਤੇ ਹਰ ਲੋੜਵੰਦ, ਮਜ਼ਲੂਮ ਦੀ ਸੰਕਟ ਦੀ ਘੜੀ ਵਿਚ ਹਰ ਪੱਖੋ ਮਦਦ ਕਰਕੇ ਖੁਸ਼ੀ ਮਹਿਸੂਸ ਕਰਦਾ ਹੈ । ਫਿਰ ਹੁਕਮਰਾਨਾਂ ਵੱਲੋਂ ਘਸੀਆ-ਪਿੱਟੀਆ ਦਲੀਲਾਂ ਦਾ ਸਹਾਰਾ ਲੈਕੇ ਖ਼ਾਲਸਾ ਪੰਥ ਦੇ ਉੱਚੇ-ਸੁੱਚੇ ਇਖ਼ਲਾਕ ਅਤੇ ਫ਼ਤਹਿ, ਮਨੁੱਖਤਾ ਦੀ ਬਿਹਤਰੀ ਦੇ ਪ੍ਰਤੀਕ ਨਿਸ਼ਾਨ ਸਾਹਿਬ ਸੰਬੰਧੀ ਗੁੰਮਰਾਹਕੁੰਨ ਪ੍ਰਚਾਰ ਕਰਨ ਦੀਆਂ ਅਸਫਲ ਕੋਸਿ਼ਸ਼ਾਂ ਕਿਉਂ ਕੀਤੀਆ ਜਾ ਰਹੀਆ ਹਨ ?

ਸ. ਮਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਹਾਨ ਅਸਥਾਂਨ ਤੋਂ ਇਹ ਪੂਰਨ ਦ੍ਰਿੜ ਵਿਸ਼ਵਾਸ ਤੇ ਇਰਾਦੇ ਨਾਲ ਇਹ ਐਲਾਨ ਕੀਤਾ ਕਿ ਇਸ ਨਿਸ਼ਾਨ ਸਾਹਿਬ ਨੂੰ ਨਾ ਤਾ ਮੁਗਲ, ਨਾ ਅਫ਼ਗਾਨ, ਨਾ ਅੰਗਰੇਜ ਅਤੇ ਨਾ ਹੀ ਕੋਈ ਦੁਨੀਆਂ ਦੀ ਹੋਰ ਤਾਕਤ ਅੱਜ ਤੱਕ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਵਿਚ ਕਾਮਯਾਬ ਹੋ ਸਕੀ ਹੈ ਅਤੇ ਨਾ ਹੀ ਮੌਜੂਦਾ ਇੰਡੀਆ ਦੇ ਫਿਰਕੂ ਸੋਚ ਦੇ ਮਾਲਕ ਹੁਕਮਰਾਨ ਅਜਿਹੀਆ ਮੰਦਭਾਵਨਾਵਾ ਨੂੰ ਪੂਰਨ ਕਰਨ ਵਿਚ ਅਤੇ ਖ਼ਾਲਸਾ ਪੰਥ ਦੇ ਕੌਮੀ ਨਿਸ਼ਾਨ ਨੂੰ ਕਿਸੇ ਤਰ੍ਹਾਂ ਵੀ ਨੀਚਾਂ ਵਿਖਾਉਣ ਵਿਚ ਕਾਮਯਾਬ ਇਸ ਕਰਕੇ ਨਹੀਂ ਹੋ ਸਕਣਗੇ, ਕਿਉਂਕਿ ਹੁਣ ਇਹ ਨਿਸ਼ਾਨ ਸਾਹਿਬ ਪੰਜਾਬ, ਇੰਡੀਆ ਦੇ ਸੂਬਿਆਂ ਵਿਚ ਹੀ ਨਹੀਂ, ਬਲਕਿ ਅਮਰੀਕਾ, ਕੈਨੇਡਾ, ਜਰਮਨ, ਆਸਟ੍ਰੇਲੀਆ ਅਤੇ ਹੋਰ ਯੂਰਪਿੰਨ ਮੁਲਕਾਂ ਦੀਆਂ ਪਾਰਲੀਮੈਟਾਂ ਸਾਹਮਣੇ ਉਨ੍ਹਾਂ ਮੁਲਕਾਂ ਦੇ ਝੰਡਿਆਂ ਦੇ ਬਰਾਬਰ ਸਤਿਕਾਰ ਨਾਲ ਝੂਲ ਰਹੇ ਹਨ ਅਤੇ ਸਮੁੱਚੇ ਮੁਲਕਾਂ ਦੇ ਨਿਵਾਸੀ ਤੇ ਹੁਕਮਰਾਨ ਸਿੱਖ ਕੌਮ ਦੀ ਵੱਡਮੁੱਲੀ ਮਨੁੱਖਤਾ ਪੱਖੀ ਸੋਚ ਤੇ ਜ਼ਬਰ-ਜੁਲਮ ਵਿਰੁੱਧ ਦ੍ਰਿੜਤਾ ਨਾਲ ਲੜਕੇ ਫ਼ਤਹਿ ਪ੍ਰਾਪਤ ਕਰਨ ਵਾਲੇ ਫਖ਼ਰ ਵਾਲੇ ਉਦਮਾਂ ਉਤੇ ਅੱਜ ਫਖ਼ਰ ਮਹਿਸੂਸ ਕਰ ਰਹੇ ਹਨ । ਇਸ ਲਈ ਇਨ੍ਹਾਂ ਹੁਕਮਰਾਨਾਂ ਲਈ ਇਹ ਬਿਹਤਰ ਹੋਵੇਗਾ ਕਿ ਉਹ ਸਿੱਖ ਕੌਮ ਦੇ ਵੱਡਮੁੱਲੇ ਮਨੁੱਖਤਾ ਪੱਖੀ ਉਦਮਾਂ ਅਤੇ ਉਨ੍ਹਾਂ ਦੇ ਕੌਮੀ ਨਿਸ਼ਾਨ ਸਾਹਿਬ ਤੋਂ ਗੈਰ-ਦਲੀਲ ਕੀਤੀ ਜਾ ਰਹੀ ਈਰਖਾ-ਦਵੈਤ ਤੋਂ ਤੋਬਾ ਕਰਕੇ ਸੱਚ ਨੂੰ ਪ੍ਰਵਾਨ ਕਰਕੇ ਸਿੱਖ ਕੌਮ ਤੇ ਖ਼ਾਲਸਾ ਪੰਥ ਦੇ ਜ਼ਬਰੀ ਖੋਹੇ ਗਏ ਵਿਧਾਨਿਕ, ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਹੱਕ-ਹਕੂਕਾ ਨੂੰ ਪ੍ਰਦਾਨ ਕਰਨ। ਸਿੱਖ ਕੌਮ ਨੂੰ ਆਪਣੇ ਕੀਤੇ ਗਏ ਵਾਅਦੇ ਅਨੁਸਾਰ ਸੰਪੂਰਨ ਪ੍ਰਭੂਸਤਾ ਪ੍ਰਦਾਨ ਕਰਕੇ ਬਤੌਰ ਆਜ਼ਾਦ ਸਟੇਟ ਦੀ ਆਜ਼ਾਦੀ ਦੇਣ ਅਤੇ ਦਿੱਲੀ ਵਿਖੇ ਮੰਦਭਾਵਨਾ ਅਧੀਨ ਗ੍ਰਿਫ਼ਤਾਰ ਕੀਤੇ ਗਏ 177 ਕਿਸਾਨ-ਮਜ਼ਦੂਰ, ਨੌਜ਼ਵਾਨਾਂ ਦੀ ਤੁਰੰਤ ਰਿਹਾਈ ਕਰਕੇ, ਉਨ੍ਹਾਂ ਉਤੇ ਬਣਾਏ ਝੂਠੇ ਕੇਸ ਰੱਦ ਕਰਕੇ ਅਤੇ ਤਿੰਨ ਕਿਸਾਨ ਮਾਰੂ ਕਾਨੂੰਨਾਂ ਦਾ ਖਾਤਮਾ ਕਰਕੇ ਇਥੇ ਅਮਨ-ਚੈਨ ਦੀ ਪੂਰਨ ਰੂਪ ਵਿਚ ਬਹਾਲੀ ਕਰਨ ਤਾਂ ਬਿਹਤਰ ਹੋਵੇਗਾ । ਸ. ਮਾਨ ਨੇ ਇਸ ਮੌਕੇ ਤੇ ਸਾਡੀ ਅਪੀਲ ਨੂੰ ਪ੍ਰਵਾਨ ਕਰਦੇ ਹੋਏ ਪਹੁੰਚੀਆ ਰਾਜਨੀਤਿਕ, ਸਮਾਜਿਕ, ਧਾਰਮਿਕ ਜਥੇਬੰਦੀਆਂ, ਨਿਹੰਗ ਸਿੰਘਾਂ, ਸਿੱਖ ਸਟੂਡੈਟ ਫੈਡਰੇਸ਼ਨਾਂ, ਮਨੁੱਖੀ ਅਧਿਕਾਰ ਜਥੇਬੰਦੀਆਂ, ਰਾਗੀਆ-ਢਾਡੀਆਂ, ਕਥਾਵਾਚਕਾਂ, ਵਕੀਲਾਂ ਅਤੇ ਸਭ ਜਥੇਬੰਦੀਆਂ ਦੀਆਂ ਸਤਿਕਾਰਯੋਗ ਸਖਸ਼ੀਅਤਾਂ ਵੱਲੋਂ ਸਮੂਲੀਅਤ ਕਰਨ ਲਈ ਤਹਿ ਦਿਲੋ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਮੀਰੀ-ਪੀਰੀ ਦੇ ਮਹਾਨ ਅਸਥਾਂਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਿਸੇ ਤਰ੍ਹਾਂ ਵੀ ਸੁਰੂ ਹੋਇਆ ਕੋਈ ਸੰਘਰਸ਼ ਜਾਂ ਇਨਸਾਫ਼ ਪ੍ਰਾਪਤੀ ਲਈ ਉੱਠੀ ਆਵਾਜ਼ ਨਿਸ਼ਾਨੇ ਦੀ ਪ੍ਰਾਪਤੀ ਤੱਕ ਹਮੇਸ਼ਾਂ ਜਾਰੀ ਰਹੀ ਹੈ । ਹੁਣ ਵੀ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਥਾਂਨ ਤੇ ਅਰਦਾਸ ਕਰਦੇ ਹੋਏ ਜੋ ਵੱਡੇ ਮਕਸਦ ਦੀ ਪ੍ਰਾਪਤੀ ਲਈ ਗ੍ਰਿਫ਼ਤਾਰੀਆਂ ਦਾ ਹਫਤਾਵਰ ਦੌਰ ਸੁਰੂ ਕੀਤਾ ਜਾ ਰਿਹਾ ਹੈ, ਇਹ ਅਵੱਸ ਆਪਣੇ ਮਕਸਦ ਵਿਚ ਕਾਮਯਾਬੀ ਪ੍ਰਾਪਤ ਕਰੇਗਾ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਮੁੱਚੀ ਸਿੱਖ ਕੌਮ ਇਨ੍ਹਾਂ ਗ੍ਰਿਫ਼ਤਾਰੀਆਂ ਵਾਲੇ ਪ੍ਰੋਗਰਾਮ ਵਿਚ ਇਸੇ ਤਰ੍ਹਾਂ ਕੌਮੀ ਤੇ ਪੰਜਾਬ ਪੱਖੀ ਮਿਸ਼ਨ ਵਿਚ ਯੋਗਦਾਨ ਪਾਉਦੀ ਰਹੇਗੀ । ਇਸ ਮੌਕੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਇਲਾਵਾ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਕੁਲਦੀਪ ਸਿੰਘ ਭਾਗੋਵਾਲ, ਹਰਪਾਲ ਸਿੰਘ ਬਲੇਰ, ਹਰਬੀਰ ਸਿੰਘ ਸੰਧੂ, ਅਮਰੀਕ ਸਿੰਘ ਨੰਗਲ, ਗੁਰਬਚਨ ਸਿੰਘ ਪਵਾਰ, ਗੁਰਚਰਨ ਸਿੰਘ ਭੁੱਲਰ, ਕੁਲਵੰਤ ਸਿੰਘ ਕੋਟਲਾ, ਬੀਬੀ ਗੁਰਦੀਪ ਕੌਰ ਚੱਠਾ, ਕਰਮ ਸਿੰਘ ਭੋਈਆ, ਲਖਵੀਰ ਸਿੰਘ ਸੌਟੀ, ਬਲਵੀਰ ਸਿੰਘ ਬੱਛੋਆਣਾ, ਕੁਲਵੰਤ ਸਿੰਘ ਮਝੈਲ, ਗੁਰਤੇਜ ਸਿੰਘ ਅਛਪਾਲ, ਪਰਗਟ ਸਿੰਘ ਮੱਖੂ, ਮਨਜੀਤ ਸਿੰਘ ਮੱਲ੍ਹਾ, ਡਾ. ਪ੍ਰਭਜੀਤ ਸਿੰਘ, ਬੀਬੀ ਸੁਖਜੀਤ ਕੌਰ ਆਦਿ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ ।

About The Author

Related posts

Leave a Reply

Your email address will not be published. Required fields are marked *