Verify Party Member
Header
Header
ਤਾਜਾ ਖਬਰਾਂ

ਗੁਰੂ ਨਾਨਕ ਇੰਜਨੀਅਰਿੰਗ ਕਾਲਜ ਲੁਧਿਆਣਾ ਵਿਖੇ ਸੰਤ ਭਿੰਡਰਾਂਵਾਲਿਆ ਦੀ ਫੋਟੋ ਉਤੇ ਕਾਲਖ ਮਲਕੇ ਅਪਮਾਨਿਤ ਕਰਨ ਦੀ ਕਾਰਵਾਈ ਸਿੱਖ ਕੌਮ ਲਈ ਅਸਹਿ : ਟਿਵਾਣਾ

ਗੁਰੂ ਨਾਨਕ ਇੰਜਨੀਅਰਿੰਗ ਕਾਲਜ ਲੁਧਿਆਣਾ ਵਿਖੇ ਸੰਤ ਭਿੰਡਰਾਂਵਾਲਿਆ ਦੀ ਫੋਟੋ ਉਤੇ ਕਾਲਖ ਮਲਕੇ ਅਪਮਾਨਿਤ ਕਰਨ ਦੀ ਕਾਰਵਾਈ ਸਿੱਖ ਕੌਮ ਲਈ ਅਸਹਿ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 7 ਸਤੰਬਰ ( ) “ਬੀਤੇ ਕੁਝ ਦਿਨ ਪਹਿਲੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਲੁਧਿਆਣਾ ਵਿਖੇ ਬਿਹਾਰ ਅਤੇ ਯੂ.ਪੀ. ਦੇ ਵਿਦਿਆਰਥੀਆਂ ਵੱਲੋਂ ਸਿੱਖ ਵਿਦਿਆਰਥੀਆਂ ਨਾਲ ਝਗੜਾ ਕੀਤਾ ਗਿਆ ਹੈ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੀ ਮੈਸ ਵਿਚ ਲੱਗੀ ਫੋਟੋ ਉਤੇ ਕਾਲਖ ਮਲਕੇ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਗਈ ਹੈ, ਇਹ ਕਾਰਵਾਈ ਕੋਈ ਅਣਜਾਣਪੁਣੇ ਵਿਚ ਨਹੀਂ ਹੋਈ, ਬਲਕਿ ਇਸ ਪਿੱਛੇ ਪੰਜਾਬ ਦੇ ਅਮਨ-ਚੈਨ ਨੂੰ ਸਾਜ਼ਸੀ ਢੰਗਾਂ ਨਾਲ ਭੰਗ ਕਰਨ ਅਤੇ ਸਿੱਖ ਸਖਸ਼ੀਅਤਾਂ ਦਾ ਅਪਮਾਨ ਕਰਕੇ ਮਾਹੌਲ ਨੂੰ ਵਿਸਫੋਟਕ ਬਣਾਉਣ ਪਿੱਛੇ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਦਿਮਾਗਾਂ ਦੀ ਕਾਰਵਾਈ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਅਜਿਹਾ ਅਮਲ ਕਰਨ ਵਾਲੀਆ ਤਾਕਤਾਂ ਦੇ ਡੂੰਘੇ ਮੰਦਭਾਵਨਾ ਭਰੇ ਮਕਸਦ ਹਨ । ਸਿੱਖ ਕੌਮ ਲਈ ਇਹ ਉਪਰੋਕਤ ਹੋਈ ਕਾਰਵਾਈ ਜਿਥੇ ਦੁੱਖਦਾਇਕ ਹੈ, ਉਥੇ ਸਿੱਖ ਕੌਮ ਦੇ ਆਗੂਆ, ਵਿਦਵਾਨਾਂ, ਲਿਆਕਤਮੰਦਾ ਲਈ ਗਹਿਰੀ ਚਿੰਤਾ ਦਾ ਵਿਸਾ ਹੈ । ਅਜਿਹੀਆ ਕਾਰਵਾਈਆ ਨੂੰ ਰੋਕਣ ਲਈ ਸਮੁੱਚੇ ਆਗੂਆ ਤੇ ਵਿਦਵਾਨਾਂ ਵੱਲੋਂ ਕੋਈ ਅਸਰਦਾਰ ਸੂਝਵਾਨਤਾ ਵਾਲਾ ਫੈਸਲਾ ਕਰਦੇ ਹੋਏ ਸਾਂਝੇ ਤੌਰ ਤੇ ਕਾਰਵਾਈ ਕਰਨੀ ਬਣਦੀ ਹੈ ਤਾਂ ਕਿ ਕੋਈ ਵੀ ਪੰਜਾਬ ਤੇ ਸਿੱਖ ਕੌਮ ਵਿਰੋਧੀ ਤਾਕਤ ਨਾ ਤਾਂ ਸਿੱਖ ਮਨਾਂ ਨੂੰ ਠੇਸ ਪਹੁੰਚਾ ਸਕੇ ਅਤੇ ਨਾ ਹੀ ਪੰਜਾਬ ਦੇ ਅਮਨ-ਚੈਨ ਨੂੰ ਭੰਗ ਕਰਨ ਦੀ ਸਾਜਿ਼ਸ ਰਚ ਸਕੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ ਦੇ ਦਸਵੰਧ ਰਾਹੀ ਦਿੱਤੀ ਜਾਣ ਵਾਲੀ ਭੇਟਾਂ ਰਾਹੀ ਚੱਲ ਰਹੇ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਲੁਧਿਆਣਾ ਵਿਖੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੀ ਕੌਮੀ ਸਖਸ਼ੀਅਤ ਦੀ ਤਸਵੀਰ ਉਤੇ ਕਾਲਖ ਮਲਕੇ ਹੋਏ ਅਪਮਾਨ ਅਤੇ ਸਿੱਖ ਵਿਦਿਆਰਥੀਆਂ ਦੀ ਯੂ.ਪੀ. ਅਤੇ ਬਿਹਾਰ ਦੇ ਵਿਦਿਆਰਥੀਆ ਵੱਲੋਂ ਦਸਤਾਰਾਂ ਲਹਾਉਣ ਅਤੇ ਕੁੱਟਮਾਰ ਕਰਨ ਦੇ ਦੁੱਖਦਾਇਕ ਅਮਲਾਂ ਦੀ ਮੌਜੂਦਾ ਐਸ.ਜੀ.ਪੀ.ਸੀ. ਦੇ ਅਧਿਕਾਰੀਆਂ ਅਤੇ ਪੱਕੇ ਤੌਰ ਤੇ ਬੀਜੇਪੀ-ਆਰ.ਐਸ.ਐਸ. ਦੇ ਗੁਲਾਮ ਬਣ ਚੁੱਕੇ ਐਸ.ਜੀ.ਪੀ.ਸੀ. ਉਤੇ ਕਾਬਜ ਬਾਦਲ ਦਲੀਆ ਨੂੰ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੰਥਕ ਜਥੇਬੰਦੀਆ ਵੱਲੋਂ ਉਪਰੋਕਤ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਵਿਖੇ ਹੋਈ ਦੁੱਖਦਾਇਕ ਘਟਨਾ ਦੀ ਤਹਿਕੀਕਾਤ ਕਰਨ ਲਈ ਦਲ ਖ਼ਾਲਸਾ ਦੇ ਸ. ਜਸਵੀਰ ਸਿੰਘ ਖਡੂਰ ਸਾਹਿਬ, ਸ. ਗੁਰਦੀਪ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸ. ਜਸਵੰਤ ਸਿੰਘ ਚੀਮਾਂ ਆਪਣੀ ਟੀਮ ਲੈਕੇ ਪਹੁੰਚੇ ਸਨ । ਜਿਨ੍ਹਾਂ ਨੇ ਸਮੁੱਚੀ ਘਟਨਾ ਦੀ ਤਹਿ ਤੱਕ ਜਾਂਦੇ ਹੋਏ ਇਹ ਨਿਚੋੜ ਕੱਢਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖ ਕੌਮ ਦੀ ਵੱਡੀ ਧਾਰਮਿਕ ਸੰਸਥਾਂ ਹੈ, ਜਿਸਦੀ ਜਿ਼ੰਮੇਵਾਰੀ ਗੁਰੂਘਰਾਂ ਦੇ ਉਸਾਰੂ ਪ੍ਰਬੰਧ ਕਰਨ ਦੇ ਨਾਲ-ਨਾਲ ਆਪਣੀਆ ਵਿਦਿਅਕ ਸੰਸਥਾਵਾਂ ਵਿਚ ਸਿੱਖ ਬੱਚਿਆਂ ਨੂੰ ਘੱਟ ਤੋਂ ਘੱਟ ਫੀਸਾਂ ਰਾਹੀ ਉੱਚ ਵਿਦਿਆ ਅਤੇ ਤਕਨੀਕੀ ਟ੍ਰੇਨਿੰਗ ਦੇਣਾ ਹੈ, ਉਸ ਸੰਸਥਾਂ ਉਤੇ ਫਿਰਕੂ ਬੀਜੇਪੀ-ਆਰ.ਐਸ.ਐਸ, ਕਾਂਗਰਸ ਆਦਿ ਹਿੰਦੂਤਵ ਜਮਾਤਾਂ ਵੱਲੋਂ ਆਪਣੇ ਜੀ-ਹਜੂਰੀਆ ਰਾਹੀ ਲੰਮੇਂ ਸਮੇਂ ਤੋਂ ਗੈਰ-ਕਾਨੂੰਨੀ ਢੰਗ ਨਾਲ ਕਬਜੇ ਕੀਤੇ ਹੋਏ ਹਨ ਅਤੇ ਇਨ੍ਹਾਂ ਐਸ.ਜੀ.ਪੀ.ਸੀ. ਦੀਆਂ ਵਿਦਿਅਕ ਸੰਸਥਾਵਾਂ ਵਿਚ ਫਿਰਕੂ ਹੁਕਮਰਾਨਾਂ ਅਤੇ ਜਮਾਤਾਂ ਦੀ ਸੋਚ ਨੂੰ ਹੀ ਇਹ ਆਗੂ ਲਾਗੂ ਕਰ ਰਹੇ ਹਨ । ਇਹੀ ਵਜਹ ਹੈ ਕਿ ਉਪਰੋਕਤ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਜਿਥੇ ਬਹੁਗਿਣਤੀ ਉਨ੍ਹਾਂ ਲੋੜਵੰਦ, ਗਰੀਬ ਪਰਿਵਾਰਾਂ ਦੇ ਬੱਚਿਆ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇ ਕੇ ਤਾਲੀਮ ਦੇਣ ਦੀ ਬਜਾਇ ਇਨ੍ਹਾਂ ਵਿਦਿਅਕ ਅਦਾਰਿਆ ਵਿਚ ਯੂ.ਪੀ. ਬਿਹਾਰ ਅਤੇ ਹੋਰ ਸੂਬਿਆ ਤੋਂ ਸਿਆਸੀ ਪ੍ਰਭਾਵ ਅਧੀਨ ਦਾਖਲੇ ਦੇ ਕੇ ਸਾਡੀਆ ਇਨ੍ਹਾਂ ਵਿਦਿਅਕ ਸੰਸਥਾਵਾਂ ਦੇ ਸਿੱਖੀ ਇਖਲਾਕ ਅਤੇ ਸੋਚ ਨੂੰ ਸੱਟ ਮਾਰਨ ਵਿਚ ਇਹ ਖੁਦ ਹੀ ਜਿ਼ੰਮੇਵਾਰ ਹਨ । ਜੋ ਸਿੱਖ ਵਿਦਿਆਰਥੀਆ ਦੀ ਕੁੱਟਮਾਰ ਕੀਤੀ ਗਈ ਹੈ ਉਹ ਮੈਸ ਦੇ ਖਾਣੇ ਦਾ ਬਹਾਨਾ ਬਣਾਕੇ ਸਿੱਖ ਵਿਦਿਆਰਥੀਆ ਨੂੰ ਨਿਸ਼ਾਨਾਂ ਬਣਾਇਆ ਗਿਆ ਹੈ ਵਿਸ਼ੇਸ਼ ਤੌਰ ਤੇ ਸੰਤ ਭਿੰਡਰਾਂਵਾਲਿਆ ਦੀ ਫੋਟੋ ਨੂੰ ਅਪਮਾਨਿਤ ਕਰਨ ਦੀ ਸਾਜਿ਼ਸ ਸੀ ਜਿਸ ਲਈ ਸਮੁੱਚੀ ਐਸ.ਜੀ.ਪੀ.ਸੀ. ਅਤੇ ਬਾਦਲ ਦਲੀਏ ਜੋ ਸਾਡੇ ਵਿਦਿਅਕ ਅਦਾਰਿਆ ਵਿਚ ਵੀ ਹਿੰਦੂਤਵ ਸੋਚ ਨੂੰ ਲਾਗੂ ਕਰ ਰਹੇ ਹਨ ਉਹ ਜਿ਼ੰਮੇਵਾਰ ਹਨ । ਕਿਉਂਕਿ 70% ਦਾਖਲਾ ਜਿਥੇ ਸਿੱਖ ਵਿਦਿਆਰਥੀਆ ਦਾ ਹੋਣਾ ਚਾਹੀਦਾ ਹੈ, ਉਥੇ 70% ਦਾਖਲਾ ਯੂ.ਪੀ ਅਤੇ ਬਿਹਾਰ ਦੇ ਹਿੰਦੂ ਵਿਦਿਆਰਥੀਆ ਨੂੰ ਦਾਖਲਾ ਦੇਣਾ ਵੀ ਸੰਤ ਭਿੰਡਰਾਂਵਾਲਿਆ ਦੀ ਫੋਟੋ ਨੂੰ ਅਪਮਾਨਿਤ ਕਰਨ ਦਾ ਮੁੱਖ ਕਾਰਨ ਹੈ ।

ਸ. ਟਿਵਾਣਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਦਿਸ਼ਾਹੀਣ ਅਤੇ ਗੈਰ-ਸਿਧਾਤਿਕ ਪ੍ਰਬੰਧਕਾਂ ਵਿਚ ਆਈਆ ਖਾਮੀਆ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਕਿਹਾ ਕਿ ਜਦੋਂ ਆਰੀਆ ਸਮਾਜੀ ਜਾਂ ਹਿੰਦੂ ਵਿਦਿਅਕ ਅਦਾਰਿਆ ਵਿਚ ਸਿੱਖ ਵਿਦਿਆਰਥੀਆ ਨੂੰ ਯੋਗਤਾ ਹੁੰਦੇ ਹੋਏ ਵੀ ਦਾਖਲੇ ਦੇਣ ਤੋਂ ਇਕ ਸੋਚੀ ਸਮਝੀ ਸਾਜਿ਼ਸ ਅਧੀਨ ਇਨਕਾਰ ਕੀਤਾ ਜਾਂਦਾ ਹੈ ਤਾਂ ਐਸ.ਜੀ.ਪੀ.ਸੀ. ਦੇ ਅਦਾਰਿਆ ਵਿਚ ਹਿੰਦੂ ਬਹੁਗਿਣਤੀ ਨੂੰ ਭਰਤੀ ਕਰਕੇ ਕੀ ਐਸ.ਜੀ.ਪੀ.ਸੀ ਦੇ ਅਧਿਕਾਰੀ ਤੇ ਬਾਦਲ ਦਲੀਏ ਖੁਦ ਹੀ ਸਿੱਖ ਕੌਮ ਦੇ ਉੱਚੇ-ਸੁੱਚੇ ਇਖਲਾਕ ਨੂੰ ਦਾਗੀ ਕਰਨ ਦੇ ਨਾਲ-ਨਾਲ ਸਿੱਖ ਵਿਦਿਆਰਥੀਆ ਦੇ ਵਿਦਿਅਕ ਹੱਕਾਂ ਉਤੇ ਡਾਕਾ ਨਹੀਂ ਮਾਰ ਰਹੇ ? ਉਨ੍ਹਾਂ ਇਸਦੀ ਉੱਚ ਪੱਧਰੀ ਜਾਂਚ ਕਰਵਾਉਣ ਅਤੇ ਇਸ ਹੋਈ ਦੁੱਖਦਾਇਕ ਘਟਨਾ ਦੀ ਦੋਸ਼ੀ ਤਾਕਤ ਅਤੇ ਸਾਜਿ਼ਸਕਾਰਾਂ ਨੂੰ ਸਾਹਮਣੇ ਲਿਆਕੇ ਸਜ਼ਾ ਦਿਵਾਉਣ ਦੀ ਵੀ ਜੋਰਦਾਰ ਮੰਗ ਕਰਨ ਦੇ ਨਾਲ-ਨਾਲ ਐਸ.ਜੀ.ਪੀ.ਸੀ. ਦੇ ਅਧਿਕਾਰੀਆ ਨੂੰ ਆਪਣੇ ਸਿੱਖੀ ਪੈਮਾਨਿਆ ਤੇ ਅਮਲਾਂ ਅਨੁਸਾਰ ਅਜਿਹੇ ਵਿਦਿਅਕ ਅਦਾਰਿਆ ਨੂੰ ਚਲਾਉਣ ਅਤੇ ਉਥੇ ਪੂਰਨ ਰੂਪ ਵਿਚ ਸਿੱਖੀ ਮਾਹੌਲ ਪੈਦਾ ਕਰਨ ਦੀਆ ਜਿ਼ੰਮੇਵਾਰੀਆ ਪੂਰਨ ਕਰਨ ਲਈ ਵੀ ਸੁਚੇਤ ਕੀਤਾ ਤਾਂ ਕਿ ਸਾਡੇ ਕੌਮੀ ਵਿਦਿਅਕ ਅਦਾਰਿਆ ਵਿਚ ਹਿੰਦੂਤਵ ਤਾਕਤਾਂ ਘੁਸਪੈਠ ਕਰਕੇ ਆਉਣ ਵਾਲੇ ਸਮੇਂ ਵਿਚ ਸਿੱਖੀ ਸੋਚ, ਸਿੱਖ ਧਰਮ ਦੇ ਉੱਚੇ-ਸੁੱਚੇ ਨਿਯਮਾਂ, ਅਸੂਲਾਂ, ਮਰਿਯਾਦਾਵਾਂ ਨੂੰ ਹਿੰਦੂਤਵ ਰੂਪ ਦੇਣ ਅਤੇ ਸਾਡੇ ਸਿੱਖੀ ਅਕਸ ਨੂੰ ਦਾਗੀ ਕਰਨ ਦੇ ਮਨਸੂਬਿਆ ਵਿਚ ਕਾਮਯਾਬ ਨਾ ਹੋ ਸਕਣ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *