ਗੁਰਿੰਦਰ ਸਿੰਘ ਕੈਰੋ ਸਪੁੱਤਰ ਸ. ਪ੍ਰਤਾਪ ਸਿੰਘ ਕੈਰੋ ਦੇ ਅਕਾਲ ਚਲਾਣੇ ਉਤੇ ਸ. ਮਾਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾਂ ਕੀਤਾ
ਫ਼ਤਹਿਗੜ੍ਹ ਸਾਹਿਬ, 08 ਜਨਵਰੀ ( ) “ਪੰਜਾਬ ਦੇ ਰਹਿ ਚੁੱਕੇ ਮੁੱਖ ਮੰਤਰੀ ਸਵਰਗਵਾਸੀ ਸ. ਪ੍ਰਤਾਪ ਸਿੰਘ ਕੈਰੋ ਦੇ ਦੋ ਪੁੱਤਰ ਹਨ । ਸ. ਸੁਰਿੰਦਰ ਸਿੰਘ ਕੈਰੋ ਜੋ ਕੁਝ ਸਮਾਂ ਪਹਿਲੇ ਅਕਾਲ ਚਲਾਣਾ ਕਰ ਗਏ ਸਨ ਅਤੇ ਕੁਝ ਦਿਨ ਪਹਿਲੇ ਸ. ਗੁਰਿੰਦਰ ਸਿੰਘ ਵੀ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਨ੍ਹਾਂ ਦੇ ਚਲੇ ਜਾਣ ਨਾਲ ਸਮੁੱਚੇ ਕੈਰੋ ਪਰਿਵਾਰ, ਸੰਬੰਧੀਆਂ, ਮਿੱਤਰਾਂ, ਦੋਸਤਾਂ ਨੂੰ ਗਹਿਰਾ ਸਦਮਾ ਪਹੁੰਚਿਆ ਹੈ । ਉਨ੍ਹਾਂ ਦੇ ਚਲੇ ਜਾਣ ਉਤੇ ਅਸੀਂ ਸਮੁੱਚੇ ਕੈਰੋ ਪਰਿਵਾਰ ਨਾਲ ਆਤਮਿਕ ਡੂੰਘੀ ਹਮਦਰਦੀ ਪ੍ਰਗਟ ਕਰਦੇ ਹੋਏ ਵਿਛੜੀ ਆਤਮਾ ਦੀ ਸ਼ਾਂਤੀ ਲਈ ਜਿਥੇ ਗੁਰੂ ਚਰਨਾਂ ਵਿਚ ਅਰਦਾਸ ਕਰਦੇ ਹਾਂ, ਉਥੇ ਸਭਨਾਂ ਨੂੰ ਗੁਰੂ ਦੇ ਭਾਣੇ ਵਿਚ ਰਹਿਣ ਦੀ ਸ਼ਕਤੀ ਬਖਸਿ਼ਸ਼ ਕਰਨ ਲਈ ਵੀ ਅਰਜੋਈ ਕਰਦੇ ਹਾਂ ।”
ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਰੋ ਪਰਿਵਾਰ ਨਾਲ ਆਪਣਾ ਦਿਲੀ ਦੁੱਖ ਸਾਂਝਾ ਕਰਦੇ ਹੋਏ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਸ. ਪ੍ਰਤਾਪ ਸਿੰਘ ਕੈਰੋ ਉਹ ਸਖਸ਼ੀਅਤ ਸਨ ਜਿਨ੍ਹਾਂ ਨੇ ਅਮਰੀਕਾ ਦੇ ਵੱਡੇ ਵਿਦਿਅਕ ਅਦਾਰਿਆ ਤੋਂ ਉੱਚ ਵਿਦਿਆ ਹਾਸਿਲ ਕੀਤੀ ਹੋਈ ਸੀ ਅਤੇ ਜੁਰਅਤ ਨਾਲ ਪੰਜਾਬ ਸੂਬੇ ਦੀ ਸੇਵਾ ਕੀਤੀ । ਸ. ਪ੍ਰਤਾਪ ਸਿੰਘ ਕੈਰੋ ਅਕਾਲੀ ਦਲ ਨਾਲ ਸੰਬੰਧਤ ਸਨ । ਲੇਕਿਨ ਬਾਅਦ ਵਿਚ ਉਹ ਕਾਂਗਰਸ ਵਿਚ ਚਲੇ ਗਏ ਸਨ । ਅਕਸਰ ਹੀ ਇਹ ਗੱਲ ਪ੍ਰਤੱਖ ਤੌਰ ਤੇ ਸਾਹਮਣੇ ਆਈ ਹੈ ਕਿ ਜਿੰਨੇ ਵੀ ਵੱਡੇ ਸਿਆਸਤਦਾਨ ਪੰਜਾਬ ਸੂਬੇ ਦੇ ਹੋਏ ਹਨ, ਉਨ੍ਹਾਂ ਦੀ ਸਿਆਸੀ ਟ੍ਰੇਨਿੰਗ ਤਾਂ ਅਕਾਲੀ ਦਲ ਵਿਚ ਸਮੂਲੀਅਤ ਕਰਕੇ ਹੁੰਦੀ ਹੈ । ਜਦੋਂ ਉਹ ਸਿਆਸਤ ਵਿਚ ਮਾਹਰ ਹੋ ਜਾਂਦੇ ਹਨ, ਤਾਂ ਕਾਂਗਰਸ, ਬੀਜੇਪੀ ਆਦਿ ਦੂਸਰੀਆ ਪਾਰਟੀਆ ਵਿਚ ਸਾਮਿਲ ਹੋ ਜਾਂਦੇ ਹਨ । ਸ. ਪ੍ਰਤਾਪ ਸਿੰਘ ਕੈਰੋ ਤਾਂ ਅਕਾਲੀ ਦਲ ਵਿਚੋਂ ਕਾਂਗਰਸ ਵਿਚ ਇਕੱਲੇ ਗਏ, ਪਰ ਸ. ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੇ ਆਪਣਾ ਸਭ ਕੁਝ ਸਿਆਸੀ ਜੀਵਨ ਅਤੇ ਹੋਰ ਦੁਨਿਆਵੀ ਇਛਾਵਾ ਦੀ ਪੂਰਤੀ ਅਕਾਲੀ ਦਲ ਤੋਂ ਕੀਤੀ, ਉਹ 1996 ਵਿਚ ਜਦੋਂ ਮੋਗਾ ਵਿਖੇ ਇਨ੍ਹਾਂ ਦਾ ਇਜਲਾਸ ਹੋਇਆ ਤਾਂ ਇਨ੍ਹਾਂ ਨੇ ਅਕਾਲੀ ਦਲ ਦੀ ਸੋਚ, ਸਿਧਾਤ, ਨਿਯਮਾਂ, ਅਸੂਲਾਂ ਨੂੰ ਪਿੱਠ ਦੇ ਕੇ ਪੰਜਾਬੀ ਪਾਰਟੀ ਬਣਾਉਦੇ ਹੋਏ ਸਮੁੱਚੀ ਅਕਾਲੀ ਦਲ ਦੀ ਲੀਡਰਸਿ਼ਪ ਨੂੰ ਫਿਰਕੂ ਤੇ ਮੁਤੱਸਵੀ ਜਮਾਤ ਬੀਜੇਪੀ-ਆਰ.ਐਸ.ਐਸ. ਦਾ ਗੁਲਾਮ ਬਣਾ ਲਿਆ । ਜੋ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਪ੍ਰਤੀ ਇਨ੍ਹਾਂ ਦੇ ਅਮਲ ਅਫ਼ਸੋਸਨਾਕ ਹਨ ।