ਗੁਰਸੇਵਕ ਸਿੰਘ ਜਵਾਹਰਕੇ ਅਤੇ ਸਤਨਾਮ ਸਿੰਘ ਬਹਿਰੂ ਦੀ ਅਗਵਾਈ ਵਿਚ ਮਾਨਸਾ ਵਿਖੇ 3 ਮਾਰਚ ਨੂੰ ਹੋ ਰਹੇ ਕਿਸਾਨ ਸੰਮੇਲਨ ਦੀ ਹਮਾਇਤ : ਮਾਨ
ਫ਼ਤਹਿਗੜ੍ਹ ਸਾਹਿਬ, 1 ਮਾਰਚ ( ) “ਅਜੋਕੇ ਸਮੇਂ ਵਿਚ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਵੱਲੋਂ ਕਿਸਾਨਾਂ, ਖੇਤ-ਮਜ਼ਦੂਰਾਂ ਅਤੇ ਮਜ਼ਦੂਰ ਵਰਗ ਨਾਲ ਲੰਮੇਂ ਸਮੇਂ ਤੋਂ ਵੱਡੀਆਂ ਬੇਇਨਸਾਫ਼ੀਆਂ, ਜ਼ਬਰ-ਜੁਲਮ ਅਤੇ ਵਿਤਕਰੇ ਹੁੰਦੇ ਆ ਰਹੇ ਹਨ । ਕਿਸਾਨੀ ਫ਼ਸਲਾਂ ਦੀਆਂ ਕੀਮਤਾਂ ਕਿਸਾਨ ਵਰਗ ਲੰਮੇਂ ਸਮੇਂ ਤੋਂ ਦੇਸ਼ ਦੇ ਸੂਚਕ ਅੰਕ ਨਾਲ ਜੋੜਨ ਦੀ ਮੰਗ ਕਰਦਾ ਆ ਰਿਹਾ ਹੈ । ਪਰ ਹੁਕਮਰਾਨਾਂ ਅੰਦਰ ਵੱਸੀ ਹੋਈ ਪੰਜਾਬ ਸੂਬੇ ਅਤੇ ਸਿੱਖ ਕੌਮ ਪ੍ਰਤੀ ਮੰਦਭਾਵਨਾ ਦੀ ਬਦੌਲਤ ਅਜਿਹਾ ਅਮਲ ਨਹੀਂ ਹੋ ਰਿਹਾ । ਕਿਸਾਨਾਂ ਨੂੰ ਪ੍ਰਾਪਤ ਹੋਣ ਵਾਲੀਆ ਕੀੜੇਮਾਰ ਦਵਾਈਆ, ਖਾਂਦਾ, ਡੀਜ਼ਲ, ਤੇਲ ਆਦਿ ਮਿਲਾਵਟ ਕਰਕੇ ਉੱਚੀਆਂ ਕੀਮਤਾਂ ਉਤੇ ਦਿੱਤੇ ਜਾ ਰਹੇ ਹਨ । ਉਸਦੀ ਫ਼ਸਲ ਦਾ ਸਹੀ ਮੁੱਲ ਮਿਲਣ ਲਈ ਕੌਮਾਂਤਰੀ ਮੰਡੀਕਰਨ ਦਾ ਹੁਕਮਰਾਨਾਂ ਵੱਲੋਂ ਜਾਣਬੁੱਝ ਕੇ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ । ਕਿਉਂਕਿ ਕਿਸਾਨ ਅਤੇ ਖੇਤ-ਮਜ਼ਦੂਰ ਦੀ ਮਾਲੀ ਹਾਲਤ ਕਿਸਾਨਾਂ ਦੀਆਂ ਫ਼ਸਲਾਂ ਦੀ ਸਹੀ ਕੀਮਤ ਪ੍ਰਾਪਤ ਹੋਣ ਅਤੇ ਸਹੀ ਸਮੇਂ ਤੇ ਉਨ੍ਹਾਂ ਦੀ ਵਿਕਰੀ ਹੋਣ ‘ਤੇ ਨਿਰਭਰ ਕਰਦਾ ਹੈ । ਪਰ ਇਸ ਦਿਸ਼ਾ ਵੱਲ ਸੈਂਟਰ ਤੇ ਪੰਜਾਬ ਦੀਆਂ ਸਰਕਾਰਾਂ ਅੱਜ ਤੱਕ ਅਸਫ਼ਲ ਰਹੀਆ ਹਨ । ਬੀਤੇ ਸਮੇਂ ਦੇ ਅਤੇ ਅਜੋਕੇ ਸਮੇਂ ਦੇ ਕਿਸਾਨ ਆਗੂ ਸਮੇਂ ਦੀਆਂ ਹਕੂਮਤਾਂ ਨਾਲ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਸਾਂਝ ਰੱਖਕੇ ਨਿੱਜੀ ਤੇ ਮਾਲੀ ਫਾਇਦੇ ਲੈਦੇ ਆ ਰਹੇ ਹਨ । ਦੂਸਰਾ ਇਥੋਂ ਦੇ ਦਰਿਆਵਾਂ ਅਤੇ ਨਦੀਆਂ ਦੇ ਪਾਣੀਆਂ ਨੂੰ ਗੈਰ-ਕਾਨੂੰਨੀ ਤਰੀਕੇ ਸੈਂਟਰ ਹਕੂਮਤ ਵੱਲੋਂ ਖੋਹਿਆ ਜਾ ਰਿਹਾ ਹੈ । ਇਸੇ ਤਰ੍ਹਾਂ ਪੰਜਾਬ ਦੇ ਹੈੱਡਵਰਕਸਾਂ ਦੀ ਬਿਜਲੀ ਦਿੱਲੀ, ਰਾਜਸਥਾਂਨ, ਹਰਿਆਣਾ ਆਦਿ ਸੂਬਿਆਂ ਨੂੰ ਦਿੱਤੀ ਜਾ ਰਹੀ ਹੈ । ਇਹ ਹੋਰ ਵੀ ਦੁੱਖ ਵਾਲੇ ਅਮਲ ਹੋ ਰਹੇ ਹਨ ਕਿ ਪੰਜਾਬ ਦੇ ਦਰਿਆਵਾਂ ਤੇ ਨਦੀਆਂ ਦੇ ਪਾਣੀਆਂ ਦੀ ਅਤੇ ਪੰਜਾਬ ਦੇ ਹੈੱਡਵਰਕਸਾਂ ਤੋਂ ਪੈਦਾ ਹੋਣ ਵਾਲੀ ਬਿਜਲੀ ਦੀ ਰਿਅਲਟੀ ਕੀਮਤ ਵੀ ਪੰਜਾਬ ਨੂੰ ਇਸ ਕਰਕੇ ਨਹੀਂ ਦਿੱਤੀ ਜਾ ਰਹੀ ਤਾਂ ਕਿ ਪੰਜਾਬ ਸੂਬਾ, ਕਿਸਾਨ ਤੇ ਮਜ਼ਦੂਰ ਵਰਗ ਮਾਲੀ ਤੌਰ ਤੇ ਮਜ਼ਬੂਤ ਨਾ ਹੋ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਸਾਨ ਤੇ ਖੇਤ-ਮਜ਼ਦੂਰਾਂ ਦੇ ਹੱਕ-ਹਕੂਕਾਂ ਦੀ ਦ੍ਰਿੜਤਾ ਨਾਲ ਗੱਲ ਕਰਦੇ ਹੋਏ ਅਤੇ ਸ. ਗੁਰਸੇਵਕ ਸਿੰਘ ਜਵਾਹਰਕੇ, ਸਤਨਾਮ ਸਿੰਘ ਬਹਿਰੂ ਕਿਸਾਨ ਆਗੂਆਂ ਦੀ ਅਗਵਾਈ ਹੇਠ ਜੋ 3 ਮਾਰਚ ਨੂੰ ਮਾਨਸਾ ਵਿਖੇ ਕਿਸਾਨ ਸੰਮੇਲਨ ਹੋ ਰਿਹਾ ਹੈ, ਉਸਦੀ ਪੂਰਨ ਹਮਾਇਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਪਾਰਟੀ ਅਜਿਹੇ ਕਿਸਾਨੀ ਤੇ ਮਜ਼ਦੂਰਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਪੂਰੀ ਸੁਹਿਰਦਤਾ ਨਾਲ ਅਮਲ ਕਰ ਰਹੀ ਹੈ ਅਤੇ ਇਸ ਸੰਮੇਲਨ ਵਿਚ ਪਾਰਟੀ ਵੱਲੋਂ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਰਨਲ ਸਕੱਤਰ, ਸ. ਇਮਾਨ ਸਿੰਘ ਮਾਨ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਯੂਥ, ਮਾਨਸਾ, ਬਠਿੰਡਾ, ਬਰਨਾਲਾ, ਮੁਕਤਸਰ ਦੇ ਆਗੂ ਉਚੇਚੇ ਤੌਰ ਤੇ ਸਾਮਿਲ ਹੋਣਗੇ ।