ਗਾਂਧੀ ਨੇ ਨਾ-ਮਿਲਵਰਤਣ ਅੰਦੋਲਨ ਦੀ ਗੱਲ ਬਾਬਾ ਰਾਮ ਸਿੰਘ ਜੀ ਦੇ ਅੰਗਰੇਜ਼ਾਂ ਵਿਰੁੱਧ ਜ਼ਮਹੂਰੀਅਤ ਅਤੇ ਅਮਨਮਈ ਕੀਤੇ ਗਏ ਸੰਘਰਸ਼ ਤੋਂ ਚੁਰਾਈ : ਮਾਨ
ਫ਼ਤਹਿਗੜ੍ਹ ਸਾਹਿਬ, 22 ਜਨਵਰੀ ( ) “ਅੱਜ ਬਾਬਾ ਰਾਮ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ । ਜਿਨ੍ਹਾਂ ਨੇ ਅੰਗਰੇਜ਼ਾਂ ਖਿਲਾਫ਼ ਦ੍ਰਿੜਤਾ ਤੇ ਮਜ਼ਬੂਤੀ ਨਾਲ ਜਮਹੂਰੀਅਤ ਅਤੇ ਅਮਨਮਈ ਢੰਗਾਂ ਰਾਹੀ ਅਜਿਹਾ ਜੋਰਦਾਰ ਸੰਘਰਸ਼ ਕੀਤਾ ਕਿ ਅੰਗਰੇਜ਼ ਹਕੂਮਤ ਦੀਆਂ ਜੜ੍ਹਾਂ ਹਿਲ ਗਈਆ । ਭਾਵੇ ਅੱਜ ਹਿੰਦੂਤਵ ਹੁਕਮਰਾਨ ਤੇ ਆਗੂ ਘਸੀਆ-ਪਿੱਟੀਆ ਦਲੀਲਾਂ ਰਾਹੀ ਇਹ ਸਾਬਤ ਕਰਨ ਲੱਗੇ ਹੋਏ ਹਨ ਕਿ ਅੰਗਰੇਜ਼ਾਂ ਤੋਂ ਆਜ਼ਾਦੀ ਗਾਂਧੀ ਨੇ ਨਾ-ਮਿਲਵਰਤਣ ਅੰਦੋਲਨ ਸੁਰੂ ਕਰਕੇ ਲਈ । ਪਰ ਅਸਲੀਅਤ ਇਹ ਹੈ ਕਿ ਅੰਗਰੇਜ਼ਾਂ ਦੇ ਜ਼ਬਰ-ਜੁਲਮ ਅਤੇ ਬੇਇਨਸਾਫ਼ੀਆਂ ਵਿਰੁੱਧ ਬਾਬਾ ਰਾਮ ਸਿੰਘ ਅਤੇ ਉਸ ਸਮੇਂ ਦੇ ਗਦਰੀ ਬਾਬਿਆਂ ਨੇ ਬ਼ਗਾਵਤ ਦਾ ਅਜਿਹਾ ਮੁੱਢ ਬੰਨ੍ਹਿਆਂ ਕਿ ਆਖਰ ਅੰਗਰੇਜ਼ਾਂ ਨੂੰ ਇਥੋ ਛੱਡਕੇ ਜਾਣਾ ਪਿਆ । ਕਿਉਂਕਿ ਬਾਬਾ ਰਾਮ ਸਿੰਘ ਨੇ ਅੰਗਰੇਜ਼ਾਂ ਦੀ ਗੁਲਾਮੀ ਨੂੰ ਚੁਣੋਤੀ ਦਿੰਦੇ ਹੋਏ ਸਖ਼ਤ ਸਜ਼ਾਵਾਂ ਅਤੇ ਕਾਨੂੰਨ ਦਾ ਸਾਹਮਣਾ ਕੀਤਾ ਅਤੇ ਅੰਗਰੇਜ਼ਾਂ ਨੂੰ ਇਥੋਂ ਆਪਣੀ ਹਕੂਮਤ ਛੱਡਕੇ ਚਲੇ ਜਾਣ ਲਈ ਮਜ਼ਬੂਰ ਕੀਤਾ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਬਾਬਾ ਰਾਮ ਸਿੰਘ ਅਤੇ ਉਨ੍ਹਾਂ ਦੇ ਪੈਰੋਕਾਰਾਂ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ ਦੀ ਬਦੋਲਤ ਜੋ ਅੰਗਰੇਜ਼ਾਂ ਨੂੰ ਇਥੋਂ ਦੀ ਹਕੂਮਤ ਛੱਡਣ ਲਈ ਮਜ਼ਬੂਰ ਹੋਣਾ ਪਿਆ, ਉਸ ਪ੍ਰਾਪਤੀ ਨੂੰ ਹਿੰਦੂਤਵ ਆਗੂਆਂ ਗਾਂਧੀ, ਨਹਿਰੂ ਤੇ ਪਟੇਲ ਨੇ ਝੂਠ ਦਾ ਸਹਾਰਾ ਲੈਕੇ ਆਪਣੀਆ ਪ੍ਰਾਪਤੀਆ ਗਰਦਾਨਦੇ ਹੋਏ ਅੰਗਰੇਜ਼ਾਂ ਨੂੰ ਇਥੋ ਕੱਢਣ ਦਾ ਸਿਹਰਾ ਆਪਣੇ ਸਿਰ ਬੰਨਣ ਦੀ ਅਸਫ਼ਲ ਕੋਸਿ਼ਸ਼ ਕੀਤੀ ਹੈ । ਜਿਸ ਤੋਂ ਇਨ੍ਹਾਂ ਹਿੰਦੂਤਵ ਆਗੂਆਂ ਦੇ ਝੂਠ-ਫਰੇਬ ਅਤੇ ਧੋਖੇ ਕਰਨ ਦੀ ਗੱਲ ਵੀ ਆਪਣੇ-ਆਪ ਪ੍ਰਤੱਖ ਹੋ ਜਾਂਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੁਤੱਸਵੀ ਅਤੇ ਮੁਕਰਾਤਾ ਭਰੀ ਸੋਚ ਦੇ ਮਾਲਕ ਹਿੰਦੂਤਵ ਆਗੂਆਂ, ਜਿਨ੍ਹਾਂ ਨੇ ‘ਨਾ-ਮਿਲਵਰਤਣ’ ਅੰਦੋਲਨ ਨੂੰ ਬਾਬਾ ਰਾਮ ਸਿੰਘ ਜੀ ਦੇ ਅਮਲਾਂ ਅਤੇ ਸੋਚ ਤੋਂ ਪਹਿਲੇ ਚੁਰਾਇਆ ਅਤੇ ਫਿਰ ਇਸ ਲਹਿਰ ਨੂੰ ਆਜ਼ਾਦੀ ਨਾਲ ਜੋੜਕੇ ਬਾਬਾ ਰਾਮ ਸਿੰਘ ਜੀ ਦੇ ਦ੍ਰਿੜਤਾ ਭਰੇ ਸੰਘਰਸ਼ ਦੀ ਮਹਾਨਤਾ ਨੂੰ ਘਟਾਉਣ ਦੀ ਅਸਫ਼ਲ ਕੋਸਿ਼ਸ਼ ਕੀਤੀ ਹੈ । ਦੂਸਰਾ ਅੰਗਰੇਜ਼ਾਂ ਦੇ ਇਥੋ ਜਾਣ ਤੋਂ ਪਹਿਲੇ ਮੁਸਲਿਮ, ਹਿੰਦੂ ਅਤੇ ਸਿੱਖ ਤਿੰਨੇ ਕੌਮਾਂ ਦੇ ਆਗੂਆਂ ਵਿਚਕਾਰ ਇਹ ਸਰਬਸੰਮਤੀ ਨਾਲ ਫਤਵਾ ਹੋਇਆ ਸੀ ਕਿ ਅੰਗਰੇਜ਼ਾਂ ਨੂੰ ਇਥੋ ਕੱਢਣ ਤੋਂ ਬਾਅਦ ਉਪਰੋਕਤ ਤਿੰਨੇ ਕੌਮਾਂ ਦਾ ਨਵੇਂ ਬਣਨ ਵਾਲੇ ਇੰਡੀਆਂ ਵਿਚ ਬਰਾਬਰਤਾ ਦੇ ਆਧਾਰ ਤੇ ਰਾਜ ਪ੍ਰਬੰਧ ਵਿਚ ਬਰਾਬਰ ਦੀ ਭਾਗੀਦਾਰੀ ਹੋਵੇਗੀ ਅਤੇ ਤਿੰਨੇ ਕੌਮਾਂ ਦੇ ਆਗੂ ਇੰਡੀਆਂ ਦੇ ਨਿਜਾਮ ਨੂੰ ਸਾਂਝੇ ਤੌਰ ਤੇ ਚਲਾਉਣਗੇ । ਪਰ ਉਪਰੋਕਤ ਹਿੰਦੂ ਆਗੂਆਂ ਨੇ ਚਲਾਕੀ ਤੇ ਧੋਖੇ ਨਾਲ ਅੰਗਰੇਜ਼ਾਂ ਉਤੇ ਆਪਣਾ ਸਾਜ਼ਸੀ ਢੰਗ ਨਾਲ ਪ੍ਰਭਾਵ ਪਾ ਕੇ ਹਿੰਦੂਆਂ ਲਈ ਆਪਣਾ ਵੱਖਰਾ ਮੁਲਕ ਇੰਡੀਆ ਬਣਵਾ ਲਿਆ ਅਤੇ ਮੁਸਲਿਮ ਆਗੂ ਸ੍ਰੀ ਜਿਨਾਹ ਨੇ ਇਸੇ ਤਰ੍ਹਾਂ ਆਪਣੀ ਮੁਸਲਿਮ ਕੌਮ ਦਾ ਮੁਲਕ ਪਾਕਿਸਤਾਨ ਬਣਾ ਲਿਆ । ਦੋਵਾਂ ਕੌਮਾਂ ਦੇ ਆਗੂਆਂ ਨੇ ਤੀਸਰੀ ਮੁੱਖ ਧਿਰ ਸਿੱਖ ਕੌਮ ਨਾਲ ਬਹੁਤ ਵੱਡਾ ਫਰੇਬ ਕੀਤਾ । ਕਿਉਂਕਿ ਜਿਸ ਬਾਬਾ ਰਾਮ ਸਿੰਘ ਅਤੇ ਗਦਰੀ ਬਾਬਿਆਂ ਨੇ ਆਪਣੀਆ ਕੁਰਬਾਨੀਆਂ ਅਤੇ ਅਹੁਤੀਆ ਇਸ ਲਈ ਦਿੱਤੀਆ ਸਨ ਤਾਂ ਕਿ ਬਣਨ ਵਾਲੇ ਮੁਲਕ ਵਿਚ ਸਿੱਖ ਕੌਮ ਦੀ ਵੀ ਬਰਾਬਰਤਾ ਵਾਲੀ ਹਿੱਸੇਦਾਰੀ ਅਤੇ ਸਤਿਕਾਰ ਹੋਵੇਗਾ । ਪਰ ਇਨ੍ਹਾਂ ਨੇ ਉਸ ਸੋਚ ਅਤੇ ਫਤਵੇ ਨੂੰ ਪਿੱਠ ਦੇ ਕੇ ਸਿੱਖ ਕੌਮ ਤੇ ਸਿੱਖ ਆਗੂਆਂ ਨਾਲ ਬਹੁਤ ਵੱਡਾ ਧੋਖਾ ਕੀਤਾ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਬਾਬਾ ਰਾਮ ਸਿੰਘ ਜੀ ਨੇ ਅੰਗਰੇਜ਼ੀ ਰਾਜ ਦੀਆਂ ਕੂਟ-ਨੀਤੀਆਂ ਦਾ ਅਮਲ ਹੁੰਦੇ ਵੀ ਦੇਖਿਆ ਅਤੇ ਆਪਣੇ ਪਿੰਡੇ ਤੇ ਵੀ ਹੰਢਾਇਆ । ਬਾਬਾ ਜੀ ਨੇ ਨਾ-ਮਿਲਵਰਤਣ ਦੀ ਅਜਿਹੀ ਕਾਢ ਕੱਢੀ ਕਿ ਅੰਗਰੇਜ਼ਾਂ ਦੀ ਰੇਲਗੱਡੀ ਤੇ ਸਫ਼ਰ ਨਹੀਂ ਕਰਨਾ, ਥਾਣੇ ਨਹੀਂ ਜਾਣਾ, ਉਨ੍ਹਾਂ ਦੀ ਨੌਕਰੀ ਨਹੀਂ ਕਰਨੀ, ਉਨ੍ਹਾਂ ਦਾ ਡਾਕ ਪ੍ਰਬੰਧ ਨਹੀਂ ਵਰਤਣਾ, ਉਨ੍ਹਾਂ ਦੇ ਸਕੂਲਾਂ ਵਿਚ ਨਹੀਂ ਜਾਣਾ, ਉਨ੍ਹਾਂ ਵੱਲੋਂ ਤਿਆਰ ਕੀਤੀ ਗਈ ਕੋਈ ਵਸਤੋਂ ਨਹੀਂ ਵਰਤਣੀ ਅਤੇ ਅੰਗਰੇਜ਼ਾਂ ਨੂੰ ਮਾਲੀਆ ਜਾਂ ਫ਼ਸਲ ਦਾ ਹਿੱਸਾ ਬਿਲਕੁਲ ਨਹੀਂ ਦੇਣਾ । ਬਾਬਾ ਰਾਮ ਸਿੰਘ ਜੀ ਦੀ ਕੂਕਾ ਲਹਿਰ ਦੀ ਦ੍ਰਿੜਤਾ ਦੀ ਬਦੌਲਤ ਅੰਗਰੇਜ਼ਾਂ ਨੇ ਤੋਪਾ ਅੱਗੇ ਕੂਕਿਆ ਦੇ ਸਰੀਰਾਂ ਨੂੰ ਬੰਨ੍ਹਕੇ ਉਡਾਇਆ ਅਤੇ ਹੋਰ ਅਸਹਿ ਤੇ ਅਕਹਿ ਜ਼ਬਰ-ਜੁਲਮ ਕੀਤੇ, ਕਾਲੇਪਾਣੀ ਦੀਆਂ ਸਜ਼ਾਵਾਂ ਹੋਈਆ, ਫ਼ਾਂਸੀਆਂ ਉਤੇ ਲਟਕੇ, ਬਜਬਜਘਾਟ ਉਤਾਰੇ ਗਏ, ਬਾਬਾ ਜੀ ਨੂੰ ਜ਼ਬਰੀ ਬਰਮਾ ਵਿਚ ਕੈਦ ਕੀਤਾ ਗਿਆ ।
ਇਥੇ ਹੁਣ ਨਾਮਧਾਰੀ ਸੰਪਰਦਾ ਨਾਲ ਸੰਬੰਧਤ ਸਿੱਖਾਂ ਅਤੇ ਸਿੱਖ ਕੌਮ ਵਿਚ ਬਹੁਤ ਹੀ ਸੰਜ਼ੀਦਾ ਸਵਾਲ ਉਤਪੰਨ ਹੁੰਦਾ ਹੈ ਕਿ ਕੀ ਬਾਬਾ ਜੀ ਅਤੇ ਉਨ੍ਹਾਂ ਦੇ ਪੈਰੋਕਾਰਾਂ ਨੇ ਅਜਿਹੇ ਰਾਜ ਪ੍ਰਬੰਧ ਲਈ ਕੁਰਬਾਨੀਆ ਕੀਤੀ ਅਤੇ ਸਖ਼ਤ ਸਜ਼ਾਵਾਂ ਕੱਟੀਆ ਕਿ ਸਿੱਖ ਕੌਮ ਇੱਧਰ ਹਿੰਦੂਆਂ ਦੀ ਗੁਲਾਮ ਬਣ ਜਾਏ ਅਤੇ ਪਾਕਿਸਤਾਨ ਵਿਚ ਮੁਸਲਮਾਨਾਂ ਦੀ ਗੁਲਾਮ ਬਣ ਜਾਏ? ਨਾਮਧਾਰੀ ਸੰਪਰਦਾ ਦੀ ਮਾਤਾ ਚੰਦ ਕੌਰ ਜੀ ਦੇ ਅਜੇ ਤੱਕ ਕਿਸੇ ਵੀ ਕਾਤਲ ਨੂੰ ਨਹੀਂ ਫੜਿਆ ਗਿਆ, ਸਿੱਖ ਕੌਮ ਨੂੰ ਕੋਈ ਵੀ ਇਨਸਾਫ਼ ਨਹੀਂ ਮਿਲਿਆ, ਬਾਬਾ ਜੀ ਨੇ ਜਿਸ ਸਾਂਝੇ ਫਤਵੇ ਲਈ ਕੁਰਬਾਨੀਆ ਕੀਤੀਆ, ਉਹ ਫਤਵਾ ਤਾਂ ਪੂਰਨ ਨਹੀਂ ਹੋਇਆ । ਇਸ ਤੋਂ ਤਾਂ ਸਪੱਸਟ ਹੋ ਜਾਂਦਾ ਹੈ ਕਿ ਹਿੰਦੂ ਅਤੇ ਮੁਸਲਿਮ ਉਪਰੋਕਤ ਆਗੂਆਂ ਨੇ ਸਿੱਖ ਕੌਮ ਅਤੇ ਬਾਬਾ ਜੀ ਦੀ ਸਰਬਸਾਂਝੀ ਸੋਚ ਅਤੇ ਸਰਬਸਾਂਝੇ ਰਾਜ ਵਾਲੇ ਅਮਲਾਂ ਨੂੰ ਵਿਸਾਰਕੇ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਆਪੋ-ਆਪਣੇ ਹਿੰਦੂ ਅਤੇ ਮੁਸਲਿਮ ਮੁਲਕ ਬਣਾਕੇ ਅਤੇ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੀ ਸਿੱਖ ਕੌਮ ਨਾਲ ਧੋਖਾ ਤੇ ਫਰੇਬ ਕੀਤਾ । ਇਸ ਲਈ ਨਾਮਧਾਰੀ ਸਮੁੱਚੀ ਸੰਪਰਦਾ ਨੂੰ ਹੁਣ ਸੋਚਣਾ ਪਵੇਗਾ ਕਿ ਬਾਬਾ ਜੀ ਦੇ ਆਜ਼ਾਦੀ ਵਾਲੇ ਸੁਪਨੇ ਨੂੰ ਸਾਕਾਰ ਕਰਨ ਲਈ ਆਉਣ ਵਾਲੇ ਸਮੇਂ ਵਿਚ ਕੀ ਜਮਹੂਰੀਅਤ ਅਤੇ ਅਮਨਮਈ ਪੱਖੀ ਪੈਤੜਾ ਅਪਣਾਉਣਾ ਪਵੇਗਾ, ਜਿਸ ਨਾਲ ਬਾਬਾ ਜੀ ਦੀ ਸੋਚ ਅਨੁਸਾਰ ਅਤੇ ਉਸ ਪੁਰਾਤਨ ਫਤਵੇ ਅਨੁਸਾਰ ਸਿੱਖ ਕੌਮ ਨੂੰ ਸੰਪੂਰਨ ਆਜ਼ਾਦੀ ਪ੍ਰਦਾਨ ਕਰਨ ਵਾਲਾ ਅਤੇ ਗੁਲਾਮੀਅਤ ਤੋਂ ਪੂਰਨ ਤੌਰ ਤੇ ਨਿਜਾਤ ਦਿਵਾਉਣ ਵਾਲਾ ਸਾਫ਼-ਸੁਥਰਾ ਇਨਸਾਫ਼ ਪਸੰਦ ਅਜਿਹਾ ਰਾਜ ਪ੍ਰਬੰਧ ਕਾਇਮ ਹੋ ਸਕੇ, ਜਿਸ ਵਿਚ ਹਰ ਵਰਗ, ਧਰਮ, ਕੌਮ ਆਦਿ ਸਭਨਾਂ ਨੂੰ ਬਰਾਬਰਤਾ ਵਾਲੇ ਅਧਿਕਾਰ ਤੇ ਹੱਕ ਪ੍ਰਦਾਨ ਹੋਣ ਅਤੇ ਗੁਲਾਮੀਅਤ ਜਾਂ ਹੀਣ-ਭਾਵਨਾ ਦੀ ਕਿਸੇ ਵੀ ਸਥਾਂਨ ਤੇ ਕੋਈ ਗੱਲ ਨਾ ਹੋਵੇ ।