Verify Party Member
Header
Header
ਤਾਜਾ ਖਬਰਾਂ

ਖ਼ਾਲਸਾ ਪੰਥ ਦੀ ਜਦੋਂ ਵੀ ਬਾਦਸ਼ਾਹੀ ਕਾਇਮ ਹੋਈ, ਉਸ ਰਾਜ ਪ੍ਰਬੰਧ ਵਿਚ ਮਨੁੱਖਤਾ ਅਤੇ ਸਮਾਜ ਪੱਖੀ ਉਦਮ ਹੀ ਪ੍ਰਫੁੱਲਿਤ ਹੋਏ : ਮਾਨ

ਖ਼ਾਲਸਾ ਪੰਥ ਦੀ ਜਦੋਂ ਵੀ ਬਾਦਸ਼ਾਹੀ ਕਾਇਮ ਹੋਈ, ਉਸ ਰਾਜ ਪ੍ਰਬੰਧ ਵਿਚ ਮਨੁੱਖਤਾ ਅਤੇ ਸਮਾਜ ਪੱਖੀ ਉਦਮ ਹੀ ਪ੍ਰਫੁੱਲਿਤ ਹੋਏ : ਮਾਨ

ਅੰਮ੍ਰਿਤਸਰ, 06 ਜੂਨ ( ) “ਕਿਉਂਕਿ ਸਿੱਖ ਕੌਮ ਬੇਸ਼ੱਕ ਰਾਜ ਭਾਗ ਦੀ ਗੱਲ ਨੂੰ ਆਪਣੇ ਮੀਰੀ-ਪੀਰੀ ਦੇ ਸਿਧਾਂਤ ਅਨੁਸਾਰ ਮੁੱਖ ਰੱਖਦੀ ਹੈ, ਪਰ ਇਹ ਰਾਜ ਭਾਗ ਜੋ ਖ਼ਾਲਿਸਤਾਨ ਸਟੇਟ ਦੇ ਨਾਮ ਉਤੇ ਕਾਇਮ ਹੋਣ ਜਾ ਰਿਹਾ ਹੈ, ਉਹ ਸਿੱਖ ਧਰਮ ਦੇ ਸਭ ਇਨਸਾਨੀਅਤ ਅਤੇ ਸਮਾਜ ਪੱਖੀ ਕਦਰਾ-ਕੀਮਤਾ ਉਤੇ ਹੀ ਅਧਾਰਿਤ, ਬਰਾਬਰਤਾ ਦੇ ਇਨਸਾਫ਼ ਬਰਾਬਰਤਾ ਅਤੇ ਇਨਸਾਫ਼ ਦੀ ਸੋਚ ਨੂੰ ਹੀ ਹਮੇਸ਼ਾਂ ਸਮਰਪਿਤ ਰਿਹਾ ਹੈ ਅਤੇ ਖ਼ਾਲਿਸਤਾਨ ਸਟੇਟ ਕਾਇਮ ਹੋਣ ਤੇ ਇਸੇ ਸੋਚ ਨੂੰ ਪੂਰਨ ਰੂਪ ਵਿਚ ਸਮਰਪਿਤ ਹੋਵੇਗਾ । ਬੀਤੇ ਸਮੇਂ ਵਿਚ ਜਦੋਂ ਵੀ ਖ਼ਾਲਸਾ ਪੰਥ ਦੀ ਹਕੂਮਤ ਕਾਇਮ ਹੁੰਦੀ ਰਹੀ, ਭਾਵੇ ਉਹ ਬੰਦਾ ਸਿੰਘ ਬਹਾਦਰ ਦੇ ਸਮੇਂ ਦੀ ਹੋਵੇ, ਭਾਵੇ ਮਿਸ਼ਲਾਂ ਦੇ ਸਮੇਂ ਦੀ ਹੋਵੇ, ਭਾਵੇ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿਚ ਸਥਾਪਿਤ ਹੋਈ ਹੋਵੇ, ਉਪਰੋਕਤ ਸੋਚ ਉਤੇ ਹੀ ਪਹਿਰਾ ਦੇਣ ਵਾਲੀਆ ਮਨੁੱਖਤਾ ਪੱਖੀ ਹਕੂਮਤਾਂ ਰਹੀਆ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ 36ਵੇਂ ਘੱਲੂਘਾਰਾ ਦਿਹਾੜੇ 06 ਜੂਨ 2020 ਨੂੰ ਇਸੇ ਮਹੱਤਵਪੂਰਨ “ਖ਼ਾਲਿਸਤਾਨ ਡੇ” ਦੇ ਤੌਰ ਤੇ ਮਨਾਉਣ ਦੇ ਸਮੇਂ ਸਿੱਖ ਕੌਮ ਦੇ ਨਾਮ ਦਿੱਤੇ ਗਏ ਸੰਦੇਸ਼ ਵਿਚ ਪ੍ਰਗਟਾਏ । ਉਨ੍ਹਾਂ ਇਸ ਸਮੇਂ ਆਪਣੇ ਵਿਚਾਰਾਂ ਨੂੰ ਸਿੱਖ ਕੌਮ ਨਾਲ ਸਾਂਝਾ ਕਰਦੇ ਹੋਏ ਕਿਹਾ ਕਿ ਕਿ ਖ਼ਾਲਸਾਈ ਰਾਜ ਦੀ ਇਹ ਵਿਸ਼ੇਸ਼ ਗੱਲ ਰਹੀ ਹੈ ਕਿ ਇਸ ਵਿਚ ਕੋਈ ਵੀ ਨਾਗਰਿਕ ਭੁੱਖਾ ਨਹੀਂ ਸੀ ਸੋਂਦਾ। ਹਰ ਨਿਵਾਸੀ ਕੋਲ ਕੁੱਲੀ, ਗੁੱਲੀ, ਜੁੱਲੀ ਦੀਆਂ ਮੁੱਢਲੀਆਂ ਲੋੜਾਂ ਪ੍ਰਾਪਤ ਹੁੰਦੀਆ ਸਨ । ਪਹਿਲੀ ਆਜ਼ਾਦ ਬਾਦਸ਼ਾਹੀ ਖਾਲਸਾਈ ਹਕੂਮਤ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਬਰ-ਜੁਲਮ ਅਤੇ ਜਾਲਮ ਦਾ ਨਾਸ ਕਰਕੇ 1710 ਈਸਵੀ ਵਿਚ ਕਾਇਮ ਕੀਤੀ । ਫਿਰ ਸਿੱਖ ਕੌਮ ਦੀਆਂ ਮਿਸਲਾਂ ਸਮੇਂ ਵੀ ਖ਼ਾਲਸਾਈ ਰਾਜ ਪ੍ਰਬੰਧ ਬਾਖੂਬੀ ਕਾਇਮ ਰਿਹਾ । ਭਾਵੇਂ ਕਿ ਇਸ ਸਮੇਂ ਸਿੱਖ 12 ਮਿਸਲਾਂ ਦੇ ਰੂਪ ਵਿਚ ਆਪੋ-ਆਪਣੇ ਰਾਜ ਪ੍ਰਬੰਧ ਕਰਦੇ ਸਨ । ਜਦੋਂ ਕੋਈ ਬਾਹਰੀ ਹਮਲਾ ਹੁੰਦਾ ਤਾਂ ਇਹ 12 ਮਿਸਲਾਂ ਆਪੋ-ਆਪਣਾ ਵੱਖਰਾਂ ਰਾਜ ਪ੍ਰਬੰਧ ਚਲਾਉਦੇ ਹੋਏ ਵੀ ਇਕ ਹੋ ਕੇ ਜ਼ਾਬਰ ਹਮਲਾਵਰਾਂ ਵਿਰੁੱਧ ਲੜਦੀਆਂ ਰਹੀਆ ਅਤੇ ਸਾਨੌ-ਸੌਕਤ ਨਾਲ ਫ਼ਤਹਿ ਪ੍ਰਾਪਤ ਕਰਦੀਆ ਰਹੀਆ ਹਨ । ਜਦੋਂ ਜ਼ਾਬਰ ਹਾਕਮ ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਇਰਾਨ ਅਤੇ ਅਫ਼ਗਾਨੀਸਤਾਨ ਦੇ ਰਸਤਿਓ ਇਧਰ ਲੁੱਟਣ ਅਤੇ ਕਤਲੇਆਮ ਕਰਨ ਆਉਦੇ ਸਨ, ਲੇਕਿਨ ਸਿੱਖ ਜਰਨੈਲਾਂ ਅਤੇ ਫ਼ੌਜਾਂ ਨੇ ਅਫ਼ਗਾਨਾਂ ਅਤੇ ਹਮਲਾਵਰਾਂ ਨੂੰ ਅਜਿਹੇ ਚਣੇ ਚਬਾਏ ਕਿ ਮੁੜ ਇੱਧਰ ਮੂੰਹ ਕਰਨ ਦੀ ਉਨ੍ਹਾਂ ਦੀ ਜੁਰਅਤ ਨਹੀਂ ਹੋ ਸਕੀ। ਉਸ ਸਮੇਂ ਭੰਗੀ ਮਿਸਲ ਨੇ ਅਫ਼ਗਾਨਾਂ ਦੀ ਸਭ ਤੋਂ ਵੱਡੀ ਤੋਪ ‘ਜ਼ਮਜ਼ਮਾ’ ਆਪਣੇ ਕਬਜੇ ਵਿਚ ਲਈ । ਜੋ ਅੱਜ ਲਾਹੌਰ ਵਿਖੇ ਸਥਿਤ ਖ਼ਾਲਸਾ ਪੰਥ ਦੇ ਅਜਾਇਬ ਘਰ ਦੇ ਸਾਹਮਣੇ ਸੁਸੋਭਿਤ ਹੈ ਅਤੇ ਕੋਈ ਵੀ ਉਸਦੇ ਦਰਸ਼ਨ ਕਰ ਸਕਦਾ ਹੈ, ਜੋ ਖੁਦ ਖ਼ਾਲਸਾਈ ਫ਼ੌਜਾਂ ਦੇ ਬੁਲੰਦ ਹੌਸਲੇ ਅਤੇ ਫ਼ਤਹਿ ਦੀ ਪ੍ਰਤੀਕ ਦਾ ਨਜਾਰਾ ਜ਼ਾਹਿਰ ਕਰ ਰਹੀ ਹੈ । ਇਸ ਉਪਰੰਤ 1799 ਵਿਚ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿਚ ਦੂਸਰੀ ਸਿੱਖ ਬਾਦਸ਼ਾਹੀ ‘ਖ਼ਾਲਸਾ ਰਾਜ’ ਕਾਇਮ ਹੋਇਆ । ਜੋ 40 ਸਾਲ ਦੇ ਲੰਮੇਂ ਸਮੇਂ ਤੱਕ ਰਿਹਾ । ਇਸ ਸਮੇਂ ਦੌਰਾਨ ਨਾ ਤਾਂ ਕਿਸੇ ਵੀ ਨਾਗਰਿਕ ਨਾਲ ਕਿਸੇ ਤਰ੍ਹਾਂ ਦੇ ਜ਼ਬਰ-ਜੁਲਮ ਜਾਂ ਬੇਇਨਸਾਫ਼ੀ ਹੋਈ, ਬਲਕਿ ਇਸ ਰਾਜ ਵਿਚ ਕੋਈ ਵੀ ਨਾਗਰਿਕ ਰੋਟੀ ਖਾਏ ਬਗੈਰ ਨਹੀਂ ਸੀ ਸੋਂਦਾ । ਇਸ 40 ਸਾਲਾ ਦੇ ਖ਼ਾਲਸਾ ਰਾਜ ਵਿਚ ਕਿਸੇ ਇਕ ਵੀ ਨਾਗਰਿਕ ਨੂੰ ਫ਼ਾਂਸੀ ਨਹੀਂ ਲੱਗੀ । ਬਲਕਿ ਮਹਾਰਾਜਾ ਰਣਜੀਤ ਸਿੰਘ ਭੇਸ ਬਦਲਕੇ ਲੋਕਾਈ ਵਿਚ ਵਿਚਰਦੇ ਸਨ । ਤਾਂ ਕਿ ਉਨ੍ਹਾਂ ਨੂੰ ਜਨਤਾਂ ਦੀਆਂ ਮੁਸ਼ਕਿਲਾਂ, ਤਕਲੀਫ਼ਾਂ ਸੰਬੰਧੀ ਜਾਣਕਾਰੀ ਮਿਲ ਸਕੇ ਅਤੇ ਉਹ ਆਪਣੇ ਰਾਜ ਪ੍ਰਬੰਧ ਦੀਆਂ ਜਿ਼ੰਮੇਵਾਰੀਆ ਬਾਖੂਬੀ ਨਿਭਾਅ ਸਕਣ । 1819 ਵਿਚ ਕਸ਼ਮੀਰ ਨੂੰ ਅਤੇ 1834 ਵਿਚ ਖ਼ਾਲਸਾਈ ਫ਼ੌਜਾਂ ਨੇ ਲਦਾਖ ਨੂੰ ਫ਼ਤਹਿ ਕਰਕੇ ਲਾਹੌਰ ਖ਼ਾਲਸਾ ਰਾਜ ਦਰਬਾਰ ਦਾ ਹਿੱਸਾ ਬਣਾਇਆ । ਜਰਨਲ ਬਘੇਲ ਸਿੰਘ, ਜੱਸਾ ਸਿੰਘ ਰਾਮਗੜ੍ਹੀਆਂ, ਜੱਸਾ ਸਿੰਘ ਆਹਲੂਵਾਲੀਆ, ਜਰਨਲ ਹਰੀ ਸਿੰਘ ਨਲੂਆ ਆਦਿ ਮਹਾਨ ਸਿੱਖ ਜਰਨੈਲਾਂ ਨੇ ਮੁਗਲਾਂ, ਅਫਗਾਨਾਂ ਅਤੇ ਅੰਗਰੇਜ਼ਾਂ ਨੂੰ ਹਾਰ ਦੇ ਕੇ ਦੁਨੀਆਂ ਵਿਚ ਖ਼ਾਲਸਾਈ ਫ਼ੌਜਾਂ ਦੇ ਸਤਿਕਾਰ ਵਿਚ ਢੇਰ ਸਾਰਾ ਵਾਧਾ ਕੀਤਾ । ਇਹੀ ਵਜਹ ਹੈ ਕਿ ਖ਼ਾਲਸਾ ਦੇ ਉੱਚੇ-ਸੁੱਚੇ ਕਿਰਦਾਰ ਨੂੰ ਦੁਨੀਆਂ ਦੀ ਕੋਈ ਵੀ ਕੌਮ ਤੇ ਤਾਕਤ ਪ੍ਰਸੰ਼ਸ਼ਾਂ ਕਰੇ ਬਿਨ੍ਹਾਂ ਨਹੀਂ ਰਹਿ ਸਕੀ । ਕਿਉਂਕਿ ਖ਼ਾਲਸਾ ਕੇਵਲ ਰਾਜ ਭਾਗ ਦੀ ਪ੍ਰਾਪਤੀ ਲਈ ਜੰਗਾਂ-ਯੁੱਧਾ ਕਰਕੇ ਫ਼ਤਹਿ ਹੀ ਪ੍ਰਾਪਤ ਨਹੀਂ ਸੀ ਕਰਦਾ, ਬਲਕਿ ਇਹ ਹਲੀਮੀ ਰਾਜ ਲੋਕਾਈ ਨੂੰ ਹਰ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਵੀ ਪ੍ਰਦਾਨ ਕਰਦਾ ਰਿਹਾ ਹੈ । ਇਹੀ ਵਜਹ ਹੈ ਕਿ ਅੱਜ ਵੀ ਉਸ ਖ਼ਾਲਸਾਈ ਹਕੂਮਤ ਨੂੰ ਸਭ ਕੌਮਾਂ, ਧਰਮਾਂ ਦੇ ਨਿਵਾਸੀ ਫਖ਼ਰ ਨਾਲ ਯਾਦ ਕਰਦੇ ਹੋਏ ਉਸ ਰਾਜ ਪ੍ਰਬੰਧ ‘ਖ਼ਾਲਿਸਤਾਨ’ ਨੂੰ ਕਾਇਮ ਕਰਨ ਦੀ ਡੂੰਘੀ ਇੱਛਾ ਰੱਖਦੇ ਹਨ ।

ਇਸੇ ਖ਼ਾਲਸਾਈ ਸੋਚ ਨੂੰ ਲੈਕੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਨੇ ਖ਼ਾਲਿਸਤਾਨ ਸਟੇਟ ਕਾਇਮ ਕਰਨ ਦੇ ਨਾਲ-ਨਾਲ ਧਾਰਮਿਕ ਲੀਹਾਂ ਉਤੇ ਪਹਿਰਾ ਦਿੰਦੇ ਹੋਏ ਸੰਘਰਸ਼ ਆਰੰਭਿਆ ਸੀ । ਸਿੱਖ ਕੌਮ ਨੂੰ ਹਿੰਦੂਤਵ ਗੁਲਾਮੀਅਤ ਦੀਆਂ ਜ਼ੰਜ਼ੀਰਾਂ ਤੋੜਕੇ ਸੰਪੂਰਨ ਰੂਪ ਵਿਚ ਆਜ਼ਾਦ ਹੋਣ ਲਈ ਗੁਹਾਰ ਲਗਾਈ ਸੀ । ਪਰ ਜਾਲਮ ਹੁਕਮਰਾਨਾਂ ਨੇ ਸਿੱਖ ਕੌਮ ਦੀ ਆਜਾਦ ਬਾਦਸ਼ਾਹੀ ਕਾਇਮ ਹੋਣ ਦੀ ਗੱਲ ਬਿਲਕੁਲ ਨਹੀਂ ਸੀ ਭਾਊਂਦੀ । ਇਸ ਲਈ ਹਿੰਦੂਤਵ ਹੁਕਮਰਾਨਾਂ ਨੇ ਸਮੁੱਚੇ ਇੰਡੀਆਂ ਵਿਚ ਆਪਣੇ ਪ੍ਰਚਾਰ ਸਾਧਨਾਂ, ਟੀ.ਵੀ. ਚੈਨਲਾਂ, ਅਖ਼ਬਾਰਾਂ, ਬਿਜਲਈ ਮੀਡੀਏ ਦੀ ਦੁਰਵਰਤੋ ਕਰਕੇ ਸਿੱਖ ਕੌਮ ਵਿਰੁੱਧ ਕੇਵਲ ਜ਼ਹਿਰ ਹੀ ਨਹੀਂ ਉਗਲਿਆ, ਬਲਕਿ 01 ਜੂਨ ਤੋਂ ਲੈਕੇ 06 ਜੂਨ ਤੱਕ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਰੂਸ, ਬਰਤਾਨੀਆ ਤੇ ਇੰਡੀਆਂ ਦੀਆਂ ਸਾਂਝੀਆਂ ਫ਼ੌਜਾਂ ਵੱਲੋਂ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਹਜ਼ਾਰਾਂ ਦੀ ਗਿਣਤੀ ਵਿਚ ਮਾਸੂਮ ਨਿਰਦੋਸ਼ ਅਤੇ ਨਿਹੱਥੇ ਬੱਚਿਆਂ, ਬੀਬੀਆਂ, ਬਜੁਰਗਾਂ ਅਤੇ ਨੌਜ਼ਵਾਨਾਂ ਨੂੰ ਸ਼ਹੀਦ ਕਰ ਦਿੱਤਾ । ਇਸ ਹਮਲੇ ਤੋਂ ਪਹਿਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਨੇ ਸਮੁੱਚੀ ਸਥਿਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਬਚਨ ਕੀਤੇ ਸੀ ਕਿ “ਜਿਸ ਦਿਨ ਇੰਡੀਅਨ ਫ਼ੌਜਾਂ ਸ੍ਰੀ ਦਰਬਾਰ ਸਾਹਿਬ ਉਤੇ ਹਮਲਾ ਕਰਨਗੀਆਂ, ਉਸ ਦਿਨ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ”। ਉਸ ਰੱਖੀ ਗਈ ਖ਼ਾਲਿਸਤਾਨ ਦੀ ਨੀਂਹ ਉਪਰੰਤ ਵੱਡੀਆਂ ਸ਼ਹਾਦਤਾਂ ਹੋਣ ਤੋਂ ਬਾਅਦ ਖ਼ਾਲਿਸਤਾਨ ਸਟੇਟ ਨੂੰ ਕਾਇਮ ਕਰਨ ਦੀ ਅਗਵਾਈ ਨਿਰੰਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਦ੍ਰਿੜਤਾ ਨਾਲ ਕਰਦੀ ਆ ਰਹੀ ਹੈ, ਜਿਸ ਕੌਮੀ ਮਿਸ਼ਨ ਦੀ ਪ੍ਰਾਪਤੀ ਲਈ ਅਸੀਂ ਪੂਰੀ ਤਰ੍ਹਾਂ ਦ੍ਰਿੜ ਹਾਂ ਅਤੇ ਇਸ ਨੂੰ ਹਰ ਕੀਮਤ ਤੇ ਪ੍ਰਾਪਤ ਕਰਕੇ ਰਹਾਂਗੇ ।

ਉਨ੍ਹਾਂ ਕਿਹਾ ਕਿ 1962 ਦੀ ਚੀਨ-ਇੰਡੀਆਂ ਜੰਗ ਸਮੇਂ ਚੀਨ ਨੇ ਲਦਾਖ ਦਾ 39 ਹਜ਼ਾਰ ਸਕੇਅਰ ਕਿਲੋਮੀਟਰ ਇਲਾਕਾ ਆਪਣੇ ਅਧੀਨ ਕਰ ਲਿਆ ਸੀ । ਜੋ ਕਿ ਖ਼ਾਲਸਾਈ ਫ਼ੌਜਾਂ ਨੇ ਫ਼ਤਹਿ ਕਰਕੇ ਲਾਹੌਰ ਖ਼ਾਲਸਾ ਦਰਬਾਰ ਹਕੂਮਤ ਵਿਚ ਸਾਮਿਲ ਕੀਤਾ ਸੀ । ਅੱਜ ਵੀ ਚੀਨੀ ਫ਼ੌਜਾਂ ਲਦਾਖ ਵਿਚ ਦਾਖਲ ਹੋ ਕੇ ਉਸ ਇਲਾਕੇ ਉਤੇ ਕਬਜਾ ਕਰ ਰਹੀਆ ਹਨ, ਚੀਨ ਵੱਲੋਂ ਇਸ ਸਮੇਂ ਇਹ ਕਹਿਣਾ ਕਿ ਲੇਹ-ਲਦਾਖ, ਕਸ਼ਮੀਰ ਆਦਿ ਇਲਾਕੇ ਉਤੇ ਇੰਡੀਆ ਵੱਲੋਂ ਕਿਸੇ ਤਰ੍ਹਾਂ ਦੀ ਗੱਲ ਕਰਨਾ ਬਿਲਕੁਲ ਮੁਨਾਸਿਬ ਨਹੀਂ, ਕਿਉਂਕਿ ਇਹ ਇਲਾਕਾ ਤਾਂ ਖ਼ਾਲਸਾ ਹਕੂਮਤ ਦਾ ਹੈ । ਜਦੋਂ ਵੀ ਇਸ ਵਿਸ਼ੇ ਤੇ ਕੋਈ ਗੱਲਬਾਤ ਕੀਤੀ ਜਾਵੇਗੀ, ਉਹ ਸਿੱਖ ਕੌਮ ਨਾਲ ਹੋਵੇਗੀ ਨਾ ਕਿ ਇੰਡੀਆਂ ਨਾਲ । ਜਿਸ ਤਰੀਕੇ ਪੁਰਾਤਨ ਖ਼ਾਲਸਾ ਹਕੂਮਤ ਦੇ ਪੱਖ ਵਿਚ ਕੌਮਾਂਤਰੀ ਪੱਧਰ ਤੇ ਪ੍ਰਸਥਿਤੀਆ ਬਦਲ ਰਹੀਆ ਹਨ, ਉਨ੍ਹਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਅੰਦਾਜਾ ਲਗਾਉਣਾ ਕੋਈ ਔਖਾ ਨਹੀਂ ਕਿ ਜਲਦੀ ਹੀ ਆਉਣ ਵਾਲੇ ਸਮੇਂ ਵਿਚ ਖ਼ਾਲਿਸਤਾਨ ਸਟੇਟ ਦੁਨੀਆਂ ਦੇ ਨਕਸੇ ਤੇ ਉਕਰਿਆ ਹੋਵੇਗਾ ਅਤੇ ਸਾਡੀ ਆਜ਼ਾਦ ਬਾਦਸ਼ਾਹੀ ਵਿਚ ਕਿਸੇ ਵੀ ਕੌਮ, ਧਰਮ, ਫਿਰਕੇ, ਕਬੀਲੇ ਆਦਿ ਨਾਲ ਕੋਈ ਰਤੀਭਰ ਵੀ ਵਿਤਕਰਾ ਨਹੀਂ ਹੋਵੇਗਾ । ਬਰਾਬਰਤਾ ਅਤੇ ਇਨਸਾਫ਼ ਦੇ ਤਕਾਜੇ਼ ਨੂੰ ਮੁੱਖ ਰੱਖਕੇ ਸਰਬੱਤ ਦੇ ਭਲੇ ਦੀ ਸੋਚ ਅਧੀਨ ਇਹ ਹਲੀਮੀ ਰਾਜ ਅਵੱਸ ਕਾਇਮ ਹੋਵੇਗਾ । ਅੱਜ ਅਸੀਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਵੱਲੋਂ ਖ਼ਾਲਿਸਤਾਨ ਸਟੇਟ ਦੀ ਰੱਖੀ ਗਈ ਨੀਂਹ ਦਾ 36ਵਾਂ “ਖ਼ਾਲਿਸਤਾਨ ਡੇ” ਮਨਾਉਣ ਦੀ ਖੁਸ਼ੀ ਪ੍ਰਾਪਤ ਕਰ ਰਹੇ ਹਾਂ । ਜਿਵੇਂ 12 ਫਰਵਰੀ ਦਾ ਦਿਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੋ ਕੇ ਇਤਿਹਾਸ ਬਣ ਗਿਆ ਹੈ, ਇਸੇ ਤਰ੍ਹਾਂ 21 ਜੂਨ ਦਾ ਦਿਨ ਗੱਤਕਾ ਦਿਹਾੜਾ ਅਤੇ 06 ਜੂਨ ਦਾ ਦਿਹਾੜਾ ਵੀ ਬਤੌਰ ਖ਼ਾਲਿਸਤਾਨ ਡੇ ਦੇ ਇਤਿਹਾਸ ਨੂੰ ਸਮਰਪਿਤ ਹੋ ਚੁੱਕਿਆ ਹੈ। ਜੋ ਰਹਿੰਦੀ ਦੁਨੀਆਂ ਤੱਕ ਸਿੱਖ ਕੌਮ ਵੱਲੋਂ ਇਹ ਦਿਹਾੜੇ ਪੂਰੀ ਸਾਨੋ-ਸੌਕਤ ਨਾਲ ਮਨਾਉਦੇ ਰਹਿਣਗੇ । ਇਸ ਮਹਾਨ ਮੌਕੇ ਤੇ ਜਿਥੇ ਸ. ਮਾਨ ਵੱਲੋਂ ਸਿੱਖ ਕੌਮ ਨੂੰ ਇਹ ਸੰਜ਼ੀਦਾ ਬੇਨਤੀ ਕੀਤੀ ਗਈ ਕਿ ਵਿਚਾਰਾਂ ਦੇ ਵਖਰੇਵਿਆ ਦੇ ਬਾਵਜੂਦ ਵੀ ਸਮੁੱਚੀ ਸਿੱਖ ਕੌਮ ਅਤੇ ਸਮੁੱਚੀ ਸਿੱਖ ਲੀਡਰਸਿ਼ਪ ਨੂੰ ਇਸ ਖ਼ਾਲਿਸਤਾਨ ਡੇ ਦੇ ਮੌਕੇ ਉਤੇ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਖ਼ਾਲਿਸਤਾਨ ਸਟੇਟ ਨੂੰ ਕਾਇਮ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਾਗੇ । ਕਿਉਂਕਿ ਸਿੱਖ ਕੌਮ ਦੇ ਸਭ ਮਸਲਿਆ, ਮੁਸਕਿਲਾਂ ਦਾ ਹੱਲ ਖ਼ਾਲਿਸਤਾਨ ਸਟੇਟ ਹੀ ਹੈ, ਉਥੇ ਸਮੁੱਚੇ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਜੰਮੂ-ਕਸ਼ਮੀਰ ਆਦਿ ਸੂਬਿਆਂ ਤੋਂ ਜੋ ਅੱਜ ਖ਼ਾਲਿਸਤਾਨ ਡੇ ਉਤੇ ਪੁਲਿਸ ਜ਼ਬਰ ਦੀ ਦਹਿਸਤ ਦੇ ਬਾਵਜੂਦ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਪਹੁੰਚੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਇਸਦੇ ਨਾਲ ਹੀ ਉਸ ਅਕਾਲ ਪੁਰਖ ਦੀ ਬਖਸਿ਼ਸ਼ ਕੀਤੀ ਗਈ ਤਾਕਤ ਅਤੇ ਦ੍ਰਿੜਤਾ ਲਈ ਸੁਕਰਾਨਾ ਵੀ ਅਦਾ ਕੀਤਾ।

ਉਨ੍ਹਾਂ ਨੇ ਸੈਂਟਰ ਹਕੂਮਤ ਵੱਲੋਂ ਸ੍ਰੀ ਦਿਨਕਰ ਗੁਪਤਾ ਅਤੇ ਸੰਮਤ ਗੋਇਲ ਵਰਗੇ ਉਨ੍ਹਾਂ ਪੁਲਿਸ ਅਫ਼ਸਰਾਂ ਦੀਆਂ ਸਿੱਖ ਵਿਰੋਧੀ ਕੀਤੀਆ ਜਾਣ ਵਾਲੀਆ ਸਾਜਿ਼ਸਾਂ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ, ਜਿਸ ਰਾਹੀ ਹਿੰਦੂਤਵ ਹੁਕਮਰਾਨਾਂ ਨੇ ਉਪਰੋਕਤ ਅਫ਼ਸਰਸ਼ਾਹੀ ਨੂੰ ਪੰਜਾਬ ਸੂਬੇ ਅਤੇ ਸਿੱਖੀ ਸੰਸਥਾਵਾਂ, ਸੰਗਠਨਾਂ ਅਤੇ ਵਿਦਿਅਕ ਅਦਾਰਿਆ, ਗੁਰੂਘਰਾਂ ਵਿਚ ਦਖਲਅੰਦਾਜੀ ਕਰਨ ਅਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਣ ਦੀ ਜਿ਼ੰਮੇਵਾਰੀ ਦਿੱਤੀ ਹੈ, ਉਸ ਲਈ ਸਮੁੱਚੀਆ ਪੰਥਕ ਜਥੇਬੰਦੀਆਂ ਅਤੇ ਲੀਡਰਸਿ਼ਪ ਨੂੰ ‘ਖ਼ਾਲਿਸਤਾਨ’ ਦੇ ਕੌਮੀ ਮਿਸ਼ਨ ਉਤੇ ਇਕੱਤਰ ਹੋ ਕੇ ਫੈਸਲਾਕੁੰਨ ਮੰਜਿ਼ਲ ਪ੍ਰਾਪਤੀ ਵੱਲ ਵੱਧਣ ਦੀ ਵੀ ਅਪੀਲ ਕੀਤੀ ।

ਇਸ ਮੌਕੇ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਪ੍ਰੋ. ਮਹਿੰਦਰਪਾਲ ਸਿੰਘ, ਹਰਪਾਲ ਸਿੰਘ ਬਲੇਰ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਕੁਲਦੀਪ ਭਾਗੋਵਾਲ, ਮਾਸਟਰ ਕਰਨੈਲ ਸਿੰਘ ਨਾਰੀਕੇ, ਗੁਰਸੇਵਕ ਸਿੰਘ ਜਵਾਹਰਕੇ (ਸਾਰੇ ਜਰਨਲ ਸਕੱਤਰ), ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਅੰਮ੍ਰਿਤਪਾਲ ਸਿੰਘ ਛੰਦੜਾ ਯੂਥ ਪ੍ਰਧਾਨ, ਹਰਭਜਨ ਸਿੰਘ ਕਸਮੀਰੀ, ਗੁਰਚਰਨ ਸਿੰਘ ਭੁੱਲਰ, ਗੁਰਜੰਟ ਸਿੰਘ ਕੱਟੂ ਨਿੱਜੀ ਸਹਾਇਕ ਸ. ਸਿਮਰਨਜੀਤ ਸਿੰਘ ਮਾਨ, ਬਲਵੰਤ ਸਿੰਘ ਗੋਪਾਲਾ ਪ੍ਰਧਾਨ ਸਿੱਖ ਫੈਡਰੇਸ਼ਨ ਭਿੰਡਰਾਂਵਾਲਾ, ਹਰਬੀਰ ਸਿੰਘ ਸੰਧੂ ਦਫ਼ਤਰ ਸਕੱਤਰ ਅੰਮ੍ਰਿਤਸਰ ਆਦਿ ਆਗੂ ਹਾਜ਼ਰ ਸਨ । ਇਸ ਮੌਕੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਸੰਦੇਸ਼ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸੰਗਤਾਂ ਨੂ ਪੜ੍ਹਕੇ ਸੁਣਾਇਆ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *