Verify Party Member
Header
Header
ਤਾਜਾ ਖਬਰਾਂ

ਕੋਟਕਪੂਰਾ ਅਤੇ ਬਹਿਬਲ ਕਲਾਂ ਵਿਚ ਸਿੱਖਾਂ ‘ਤੇ ਚਲਾਈ ਗਈ ਗੋਲੀ ਲਈ ਸ. ਪ੍ਰਕਾਸ਼ ਸਿੰਘ ਬਾਦਲ ਜਿ਼ੰਮੇਵਾਰ, ਉਨ੍ਹਾਂ ਉਤੇ ਤੁਰੰਤ ਕਤਲ ਕੇਸ ਦਰਜ ਹੋਵੇ : ਮਾਨ

ਕੋਟਕਪੂਰਾ ਅਤੇ ਬਹਿਬਲ ਕਲਾਂ ਵਿਚ ਸਿੱਖਾਂ ‘ਤੇ ਚਲਾਈ ਗਈ ਗੋਲੀ ਲਈ ਸ. ਪ੍ਰਕਾਸ਼ ਸਿੰਘ ਬਾਦਲ ਜਿ਼ੰਮੇਵਾਰ, ਉਨ੍ਹਾਂ ਉਤੇ ਤੁਰੰਤ ਕਤਲ ਕੇਸ ਦਰਜ ਹੋਵੇ : ਮਾਨ

ਫ਼ਤਹਿਗੜ੍ਹ ਸਾਹਿਬ, 12 ਅਕਤੂਬਰ ( ) “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2015 ਵਿਚ ਹੋਏ ਅਪਮਾਨ ਵਿਰੁੱਧ ਸਿੱਖ ਕੌਮ ਵੱਲੋਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਤੇ ਕਾਨੂੰਨੀ ਕਾਰਵਾਈ ਲਈ ਜੋ ਕੋਟਕਪੂਰੇ ਅਤੇ ਬਹਿਬਲ ਕਲਾਂ ਵਿਖੇ ਅਮਨਮਈ ਢੰਗ ਨਾਲ ਰੋਸ਼ ਧਰਨਾ ਦਿੱਤਾ ਜਾ ਰਿਹਾ ਸੀ, ਤਾਂ ਉਸ ਸਮੇਂ ਦੇ ਡੀਜੀਪੀ ਸੁਮੇਧ ਸੈਣੀ ਦੇ ਹੁਕਮਾਂ ਉਤੇ ਲੁਧਿਆਣਾ ਦੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਆਪਣੇ ਕਾਨੂੰਨੀ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਆਪਣੇ ਚਿਹਤੇ ਪੁਲਿਸ ਅਫ਼ਸਰਾਂ ਅਤੇ ਕਾਸਟੇਬਲਾਂ ਰਾਹੀ ਸਿੱਖਾਂ ਤੇ ਗੋਲੀਆਂ ਚਲਵਾਈਆ ਅਤੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਨੂੰ ਸ਼ਹੀਦ ਕਰਨ ਦੇ ਨਾਲ-ਨਾਲ ਅਨੇਕਾਂ ਸਿੱਖਾਂ ਨੂੰ ਜਖ਼ਮੀ ਕੀਤਾ । ਉਪਰੋਕਤ ਦੋਵੇ ਪੁਲਿਸ ਅਫ਼ਸਰਾਂ ਤੋਂ ਇਲਾਵਾ ਬਲਜੀਤ ਸਿੰਘ ਡੀਐਸਪੀ ਕੋਟਕਪੂਰਾ, ਗੁਰਦੀਪ ਸਿੰਘ ਐਚ.ਐਚ.ਓ. ਕੋਟਕਪੂਰਾ, ਏਡੀਸੀਪੀ ਲੁਧਿਆਣਾ ਪਰਮਜੀਤ ਸਿੰਘ ਪੰਨੂੰ ਅਤੇ ਐਮ.ਐਲ.ਏ. ਮਨਤਾਰ ਸਿੰਘ ਬਰਾੜ ਚੱਲ ਰਹੇ ਸੈਣੀ ਕੇਸ ਵਿਚ ਦੋਸ਼ੀ ਨਾਮਜਦ ਹੋਏ ਹਨ । ਪਰ ਇਨ੍ਹਾਂ ਪਿੱਛੇ ਜੋ ਇਸ ਦੁਖਾਂਤ ਨੂੰ ਅਮਲੀ ਰੂਪ ਦੇਣ ਦੇ ਮੁੱਖ ਜਿ਼ੰਮੇਵਾਰ ਸਨ, ਉਹ ਉਸ ਸਮੇਂ ਦੇ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਸਨ । ਜਿਨ੍ਹਾਂ ਨੇ ਇਨ੍ਹਾਂ ਸਾਰੇ ਮਨੁੱਖਤਾ ਵਿਰੋਧੀ ਜਾਲਮ ਪੁਲਿਸ ਅਫ਼ਸਰਾਂ ਨੂੰ ਟੈਲੀਫੋਨਾਂ ਰਾਹੀ ਹਦਾਇਤ ਕਰਕੇ ਸਿੱਖ ਕੌਮ ਉਤੇ ਗੋਲੀ ਚਲਾਉਣ ਅਤੇ ਇਸ ਇੱਕਠ ਨੂੰ ਖਿਡਾਉਣ ਦਾ ਆਦੇਸ਼ ਦਿੱਤਾ । ਜਦੋਂ ਕੰਵਰਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਬਣੀ ਐਸ.ਆਈ.ਟੀ. ਨੇ ਸਮੁੱਚੇ ਸਬੂਤਾਂ ਸਮੇਤ ਪੁਲਿਸ ਅਫ਼ਸਰਾਂ ਨੂੰ ਦੋਸ਼ੀ ਨਾਮਜਦ ਕਰ ਦਿੱਤਾ ਹੈ ਅਤੇ ਇਨ੍ਹਾਂ ਅਫ਼ਸਰਾਂ ਨਾਲ ਸ. ਪ੍ਰਕਾਸ਼ ਸਿੰਘ ਬਾਦਲ ਦੀ ਟੈਲੀਫੋਨ ਉਤੇ ਹੋਈਆ ਗੱਲਾਬਾਤਾਂ ਦੀ ਬਦੌਲਤ ਅਸਲ ਸੱਚ ਪ੍ਰਤੱਖ ਹੋ ਗਿਆ ਹੈ ਤਾਂ ਹੁਣ ਇਨ੍ਹਾਂ ਕਾਤਲ ਅਫ਼ਸਰਾਂ ਦੇ ਨਾਲ-ਨਾਲ ਸ. ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਵੀ ਕਤਲ ਕੇਸ ਤੁਰੰਤ ਦਰਜ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਕਾਨੂੰਨ ਅਨੁਸਾਰ ਗ੍ਰਿਫ਼ਤਾਰੀ ਹੋਣੀ ਬਣਦੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਐਸ.ਆਈ.ਟੀ. ਵੱਲੋਂ ਹੁਣ ਤੱਕ ਦੇ ਇਨ੍ਹਾਂ ਕਾਤਲ ਪੁਲਿਸ ਅਫ਼ਸਰਾਂ ਵਿਰੁੱਧ ਇਕੱਤਰ ਹੋਏ ਤੱਥਾਂ ਤੇ ਸਬੂਤਾਂ ਤੇ ਅਧਾਰਿਤ ਹੋ ਰਹੀ ਕਾਰਵਾਈ ਦੀ ਅਗਲੀ ਫੋਨਾਂ ਉਤੇ ਹੋਈ ਗੱਲਬਾਤ ਦੇ ਆਏ ਵੇਰਵਿਆ ਅਧੀਨ ਸ. ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਕਤਲ ਕੇਸ ਦਰਜ ਕਰਦੇ ਹੋਏ ਅਗਲੇਰੀ ਕਾਨੂੰਨੀ ਕਾਰਵਾਈ ਅਧੀਨ ਸਜ਼ਾਵਾਂ ਦਾ ਪ੍ਰਬੰਧ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਇਸ ਗੱਲ ਤੇ ਗਹਿਰਾ ਦੁੱਖ ਜਾਹਰ ਕੀਤਾ ਕਿ ਜਦੋਂ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਅਤੇ ਸਮੁੱਚੇ ਸੰਸਾਰ ਸਾਹਮਣੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਹੋਣ ਦੀ ਡੂੰਘੀ ਸਾਜਿ਼ਸ ਅਤੇ ਇਸ ਸਾਜਿ਼ਸ ਨੂੰ ਨੇਪਰੇ ਚਾੜਨ ਵਾਲੇ ਡੇਰਾ ਸਿਰਸੇ ਦੇ ਬਲਾਤਕਾਰੀ ਅਤੇ ਕਾਤਲ ਸਾਧ ਰਾਮ ਰਹੀਮ, ਉਸਦੇ ਚੇਲੇ, ਸ. ਪ੍ਰਕਾਸ਼ ਸਿੰਘ ਬਾਦਲ, ਪੰਜਾਬ ਸਰਕਾਰ ਅਤੇ ਉਨ੍ਹਾਂ ਦੇ ਪੁਲਿਸ ਅਫ਼ਸਰਾਂ ਦੀ ਸਮੂਲੀਅਤ ਅਤੇ ਦੋਸ਼ੀ ਹੋਣ ਦੇ ਸਭ ਸਬੂਤ ਸਾਹਮਣੇ ਆ ਚੁੱਕੇ ਹਨ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ 13-14 ਅਕਤੂਬਰ 2015 ਦੀ ਰਾਤ ਨੂੰ ਸਵੇਰੇ 2 ਵਜੇ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਕੋਟਕਪੂਰੇ ਦੀ ਸਥਿਤੀ ਨੂੰ ਜਾਨਣ ਅਤੇ ਅਗਲੇਰੀ ਕਾਰਵਾਈ ਦੀ ਯੋਜਨਾ ਤਹਿਤ ਫੋਨ ਤੇ ਗੱਲਬਾਤ ਕੀਤੀ ਸੀ । ਜੋ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਵਿਚ ਵੀ ਦਰਜ ਹੈ । ਤਾਂ ਸ. ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਵੀ ਸੰਬੰਧਤ ਐਫ.ਆਈ.ਆਰ. ਵਿਚ ਦਰਜ ਹੋਣਾ ਚਾਹੀਦਾ ਹੈ ਤਦ ਹੀ ਸਿੱਖ ਕੌਮ ਦੀ ਸੰਤੁਸਟੀ ਹੋ ਸਕੇਗੀ, ਵਰਨਾ ਸਿੱਖ ਕੌਮ ਤੇ ਪੰਜਾਬੀ ਦੁੱਖੀ ਮਨ ਨਾਲ ਇਹ ਮਹਿਸੂਸ ਕਰਨਗੇ ਕਿ ਮੌਜੂਦਾ ਇੰਡੀਆਂ ਅਤੇ ਪੰਜਾਬ ਦੇ ਹੁਕਮਰਾਨ ਕਿਸੇ ਨਾ ਕਿਸੇ ਢੰਗ ਨਾਲ ਉਪਰੋਕਤ ਸਿਆਸਤਦਾਨਾਂ ਨੂੰ ਇਸ ਡੂੰਘੀ ਸਿੱਖ ਕੌਮ ਦੇ ਮਨਾਂ ਨੂੰ ਠੇਸ ਪਹੁੰਚਾਉਣ ਵਾਲੀ ਸਾਜਿ਼ਸ ਵਿਚੋਂ ਬਾਹਰ ਕਰਨ ਦੇ ਮਨਸੂਬੇ ਘੜ ਰਹੇ ਹਨ । ਜਿਸ ਨੂੰ ਸਿੱਖ ਕੌਮ ਕਤਈ ਬਰਦਾਸਤ ਨਹੀਂ ਕਰੇਗੀ ।

ਸ. ਮਾਨ ਨੇ ਯੂਪੀ ਦੀ ਹਾਥਰਸ ਦੀ ਇਕ ਦਲਿਤ ਬੀਬਾ ਮਨੀਸਾ ਦੇ ਜ਼ਬਰ-ਜਿ਼ਨਾਹ ਅਤੇ ਕਤਲ ਸੰਬੰਧੀ ਗੱਲ ਕਰਦੇ ਹੋਏ ਕਿਹਾ ਕਿ ਬੇਸ਼ੱਕ ਸੈਂਟਰ ਦੀ ਹਕੂਮਤ ਨੇ ਇਸ ਹੋਏ ਜ਼ਬਰ ਜੁਲਮ ਸੰਬੰਧੀ ਅਗਲੇਰੀ ਛਾਣਬੀਨ ਕਰਨ ਲਈ ਸੀ.ਬੀ.ਆਈ. ਨੂੰ ਇਕ ਨੋਟੀਫਿਕੇਸਨ ਦੁਆਰਾ ਸੌਪ ਦਿੱਤੀ ਹੈ । ਪਰ ਜਿਸ ਸੀ.ਬੀ.ਆਈ. ਦੀ ਜਾਂਚ ਏਜੰਸੀ ਦੇ ਬੀਤੇ ਸਮੇਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਰਹਿ ਚੁੱਕੀ ਬੀਬੀ ਜਗੀਰ ਕੌਰ ਵੱਲੋਂ ਆਪਣੀ ਸਪੁੱਤਰੀ ਅਤੇ ਉਸਦੇ ਪੇਟ ਵਿਚ ਪਲ ਰਹੇ ਬੱਚੇ ਦੇ ਕਤਲ ਦੇ ਦੁੱਖਦਾਇਕ ਅਮਲ ਹੋਏ ਸਨ, ਉਸ ਸਾਰੇ ਸੱਚ ਨੂੰ ਦਬਾਉਣ ਲਈ ਕੇਵਲ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸਿਆਸੀ ਅਹੁਦੇ ਦੀ ਦੁਰਵਰਤੋਂ ਹੀ ਨਹੀਂ ਕੀਤੀ, ਬਲਕਿ ਆਪਣੀ ਸੈਂਟਰ ਹਕੂਮਤ ਨਾਲ ਸਾਂਝ ਦੀ ਬਦੌਲਤ ਸੀ.ਬੀ.ਆਈ. ਵੱਲੋਂ ਕੀਤੀ ਜਾ ਰਹੀ ਜਾਂਚ ਨੂੰ ਵੀ ਸਿਆਸੀ ਤਾਕਤ ਨਾਲ ਸੱਚ ਨੂੰ ਦਬਾਇਆ ਗਿਆ । ਹੁਣ ਇਸ ਸੀ.ਬੀ.ਆਈ. ਵੱਲੋਂ ਕੀਤੀ ਜਾ ਰਹੀ ਉਪਰੋਕਤ ਬੀਬਾ ਦੇ ਕਤਲ ਦੀ ਜਾਂਚ ਵਿਚ ਇਹ ਏਜੰਸੀ ਇਮਾਨਦਾਰੀ ਨਾਲ ਸੱਚ ਨੂੰ ਸਾਹਮਣੇ ਲਿਆਏਗੀ, ਇਸਦਾ ਵਿਸਵਾਸ਼ ਇਥੋਂ ਦੇ ਨਿਵਾਸੀ ਕਿਵੇਂ ਕਰ ਸਕਦੇ ਹਨ ? ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਜੋ ਇਕ ਸਾਧ ਦੇ ਡੇਰੇ ਦਾ ਮੁੱਖੀ ਅਦਿਤਿਆ ਨਾਥ ਯੋਗੀ ਜੋ ਇਸ ਸਮੇਂ ਯੂਪੀ ਦਾ ਮੁੱਖ ਮੰਤਰੀ ਹੈ ਅਤੇ ਜੋ ਸ੍ਰੀ ਮੋਦੀ, ਅਮਿਤ ਸ਼ਾਹ, ਆਰ.ਐਸ.ਐਸ. ਦੇ ਮੁੱਖੀ ਭਗਵਤ ਸਭ ਮੁਤੱਸਵੀ ਰਲਕੇ ਇਥੇ ਉਹ ਪੁਰਾਤਨ ਮੰਨੂੰਸਮ੍ਰਿਤੀ ਵਾਲੇ ਫੈਸਲੇ ਤਾਨਾਸ਼ਾਹੀ ਸੋਚ ਅਧੀਨ ਲਾਗੂ ਕਰਕੇ ‘ਹਿੰਦੂ ਰਾਸ਼ਟਰ’ ਸਥਾਪਿਤ ਕਰਨਾ ਲੌੜਦੇ ਹਨ, ਉਹ ਜਿਵੇਂ ਮੰਨੂੰਸਮ੍ਰਿਤੀ ਦੇ ਪੁਰਾਤਨ ਸਮੇਂ ਵਿਚ ਉਸ ਅਕਾਲ ਪੁਰਖ ਦਾ ਨਾਮ ਲੈਣ ਵਾਲੇ ਦਲਿਤਾਂ, ਰੰਘਰੇਟਿਆ, ਪੱਛੜੇ ਵਰਗਾਂ, ਕਬੀਲਿਆ ਦੀਆਂ ਜੀਭਾਂ ਕੱਟ ਦਿੰਦੇ ਸਨ ਅਤੇ ਉਸ ਅਕਾਲ ਪੁਰਖ ਦਾ ਨਾਮ ਸੁਣਨ ਵਾਲੇ ਉਪਰੋਕਤ ਵਰਗਾਂ ਦੇ ਕੰਨਾਂ ਵਿਚ ਸਿੱਕਾ ਪਿਘਲਾਕੇ ਪਾ ਦਿੰਦੇ ਸਨ, ਇਹ ਉਪਰੋਕਤ ਮੁਤੱਸਵੀ ਚੌਕੜੀ ਵੱਲੋਂ ਬੀਬਾ ਮਨੀਸਾ ਦੀ ਜੀਭ ਕੱਟਕੇ ਅਤੇ ਉਸ ਉਤੇ ਅਣਮਨੁੱਖੀ ਅਤਿ ਸ਼ਰਮਨਾਕ ਤਸੱਦਦ ਕਰਕੇ ਜੋ ਜਾਲਮਨਾਂ ਕਾਰਵਾਈ ਕੀਤੀ ਹੈ, ਇਹ ਆਪਣੇ ਇਸ ਸਿਆਸੀ ਅਤੇ ਤਾਨਾਸ਼ਾਹੀ ਸੋਚ ਵਾਲੇ ਪ੍ਰਭਾਵ ਨੂੰ ਆਪਣੀ ਹੀ ਸੀ.ਬੀ.ਆਈ. ਏਜੰਸੀ ਉਤੇ ਨਹੀਂ ਵਰਤਨਣਗੇ, ਇਸਦਾ ਵਿਸ਼ਵਾਸ ਅਸੀਂ ਕਿਵੇਂ ਕਰ ਸਕਦੇ ਹਾਂ ? ਇਨ੍ਹਾਂ ਫਿਰਕੂਆਂ ਨੇ ਪਹਿਲੇ ਹੀ ਉੜੀਸਾ, ਝਾਰਖੰਡ, ਮਹਾਰਾਸਟਰਾਂ, ਛੱਤੀਸਗੜ੍ਹ, ਮੱਧ ਪ੍ਰਦੇਸ਼ ਆਦਿ ਵਿਚ ਵੱਸਣ ਵਾਲੇ ਕਬੀਲਿਆ, ਆਦਿਵਾਸੀਆ ਅਤੇ ਘੱਟ ਗਿਣਤੀਆਂ ਨਾਲ ਗੈਰ ਕਾਨੂੰਨੀ ਢੰਗ ਨਾਲ ਪੇਸ਼ ਹੀ ਨਹੀਂ ਆਇਆ ਜਾ ਰਿਹਾ, ਬਲਕਿ ਇਥੋਂ ਦੇ ਨਿਵਾਸੀਆਂ ਦੇ ਸਭ ਕੁਦਰਤੀ ਸਾਧਨਾਂ ਜੋ ਉਨ੍ਹਾਂ ਦੀ ਮਲਕੀਅਤ ਹੈ, ਉਨ੍ਹਾਂ ਜੰਗਲਾਂ ਅਤੇ ਜ਼ਮੀਨ ਵਿਚ ਸਥਿਤ ਖਣਿਜ ਪਦਾਰਥਾਂ ਉਤੇ ਕਾਰਪੋਰੇਟ ਘਰਾਣਿਆ ਦੇ ਜ਼ਬਰੀ ਕਬਜੇ ਕਰਵਾਕੇ ਉਨ੍ਹਾਂ ਦਾ ਜੀਊਣਾ ਦੁੱਭਰ ਕੀਤਾ ਹੋਇਆ ਹੈ ਅਤੇ ਉਨ੍ਹਾਂ ਦੀ ਆਜ਼ਾਦੀ ਅਤੇ ਸਨਮਾਨ ਨੂੰ ਨਿਰੰਤਰ ਗਹਿਰੀ ਸੱਟ ਮਾਰੀ ਜਾ ਰਹੀ ਹੈ। ਫਿਰ ਦਲਿਤ ਬੀਬੀਆਂ ਅਤੇ ਮਨੁੱਖਾ ਨਾਲ ਹੋ ਰਹੇ ਹੁਕਮਰਾਨੀ ਦੁਰਵਿਵਹਾਰ ਨੂੰ ਇਹ ਹੁਕਮਰਾਨ ਉਦੋ ਤੱਕ ਨਹੀਂ ਰੋਕਣਗੇ, ਜਦੋਂ ਤੱਕ ਸਭ ਘੱਟ ਗਿਣਤੀ ਕੌਮਾਂ, ਦਲਿਤ, ਰੰਘਰੇਟੇ, ਪੱਛੜੇ ਵਰਗ, ਕਬੀਲੇ, ਆਦਿਵਾਸੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਅਨੁਸਾਰ ਹਰ ਤਰ੍ਹਾਂ ਦੇ ਜ਼ਬਰ-ਜੁਲਮ ਵਿਰੁੱਧ ਡੱਟਣ ਹਿੱਤ ਗੁਰੂ ਦੇ ਸਿੱਖ ਬਣਕੇ ਇਨ੍ਹਾਂ ਜਾਲਮਾਂ ਨੂੰ ਚੁਣੋਤੀ ਨਹੀਂ ਦਿੰਦੇ ਅਤੇ ਇਥੇ ਸਰਬੱਤ ਦੇ ਭਲੇ ਦੀ ਸੋਚ ਅਧੀਨ ‘ਹਲੀਮੀ ਰਾਜ’ ਸਥਾਪਿਤ ਕਰਨ ਵਿਚ ਯੋਗਦਾਨ ਨਹੀਂ ਪਾਉਦੇ । ਇਸ ਲਈ ਮੌਜੂਦਾ ਹੁਕਮਰਾਨਾਂ ਦੇ ਤਾਨਾਸ਼ਾਹੀ ਅਮਲ ਇਸ ਗੱਲ ਦੀ ਮੰਗ ਕਰਦੇ ਹਨ ਕਿ ਸਭ ਜ਼ਬਰ-ਜੁਲਮ ਤੋਂ ਪੀੜ੍ਹਤ ਵਰਗ ਇਕ ਪਲੇਟਫਾਰਮ ਤੇ ਇਕੱਤਰ ਹੋ ਕੇ ਇਨ੍ਹਾਂ ਮੰਨੂੰਸਮ੍ਰਿਤੀ ਵਾਲੀ ਸੋਚ ਦੇ ਮਾਲਕਾਂ ਦੇ ਜ਼ਬਰ ਜੁਲਮ ਤੇ ਬੇਇਨਸਾਫ਼ੀਆਂ ਦਾ ਇਕ ਤਾਕਤ ਹੋ ਕੇ ਮੁਕਾਬਲਾ ਕਰਨ ਅਤੇ ਇਥੇ ਪਣਪ ਰਹੀਆ ਹੁਕਮਰਾਨੀ ਬੁਰਾਈਆ ਦਾ ਅੰਤ ਕਰਨ ਲਈ ਸਮੂਹਿਕ ਪ੍ਰਣ ਕਰਨ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *