Select your Top Menu from wp menus
Header
Header
ਤਾਜਾ ਖਬਰਾਂ

ਕੈਬਨਿਟ ਵਜ਼ੀਰ ਸ. ਸੁਖਜਿੰਦਰ ਸਿੰਘ ਰੰਧਾਵਾ ਦੇ ਮੇਰੇ ਨਾਨਾ ਜੀ ਦੇ ਖਿਲਾਫ਼ ਲਗਾਇਆ ਗਿਆ ਦੋਸ਼ ਅਸਲੀਅਤ ਤੋਂ ਕੋਹਾ ਦੂਰ ਅਤੇ ਮੈਂ ਸ. ਰੰਧਾਵਾ ਦੇ ਕਥਨਾਂ ਅਨੁਸਾਰ ਮੁਆਫ਼ੀ ਨਹੀਂ ਮੰਗੀ ਅਤੇ ਅੱਜ ਵੀ ਮੈਂ ਹਿੰਦੂਤਵਾਂ ਦੀ ਹਕੂਮਤ ਨੂੰ ਕਬੂਲ ਨਹੀਂ ਕਰਦਾ । ਮੈਂ ਜੋ ਤੱਥ ਲਿਖੇ ਹਨ, ਸ. ਰੰਧਾਵਾ ਨੂੰ ਉਨ੍ਹਾਂ ਦਾ ਜੁਆਬ ਦੇਣਾ ਬਣਦਾ ਹੈ

ਕੈਬਨਿਟ ਵਜ਼ੀਰ ਸ. ਸੁਖਜਿੰਦਰ ਸਿੰਘ ਰੰਧਾਵਾ ਦੇ ਮੇਰੇ ਨਾਨਾ ਜੀ ਦੇ ਖਿਲਾਫ਼ ਲਗਾਇਆ ਗਿਆ ਦੋਸ਼ ਅਸਲੀਅਤ ਤੋਂ ਕੋਹਾ ਦੂਰ ਅਤੇ ਮੈਂ ਸ. ਰੰਧਾਵਾ ਦੇ ਕਥਨਾਂ ਅਨੁਸਾਰ ਮੁਆਫ਼ੀ ਨਹੀਂ ਮੰਗੀ ਅਤੇ ਅੱਜ ਵੀ ਮੈਂ ਹਿੰਦੂਤਵਾਂ ਦੀ ਹਕੂਮਤ ਨੂੰ ਕਬੂਲ ਨਹੀਂ ਕਰਦਾ । ਮੈਂ ਜੋ ਤੱਥ ਲਿਖੇ ਹਨ, ਸ. ਰੰਧਾਵਾ ਨੂੰ ਉਨ੍ਹਾਂ ਦਾ ਜੁਆਬ ਦੇਣਾ ਬਣਦਾ ਹੈ

ਸਅਦਅ/6363/2019          26 ਫਰਵਰੀ 2019
ਸਤਿਕਾਰਯੋਗ ਸ. ਰੰਧਾਵਾ ਜੀਓ,
ਵਾਹਿਗੁਰੂ ਜੀ ਕਾ ਖ਼ਾਲਸਾ,
ਵਾਹਿਗੁਰੂ ਜੀ ਕੀ ਫ਼ਤਹਿ॥

ਆਪ ਜੈਸੇ ਨੇਕ ਇਮਾਨਦਾਰ ਇਨਸਾਫ ਪਸੰਦ ਇਨਸਾਨਾਂ ਦੀਆਂ ਸੁਭ ਇਛਾਵਾਂ, ਗੁਰੂ ਸਾਹਿਬਾਨ ਜੀ ਦੀਆਂ ਅਪਾਰ ਕ੍ਰਿਪਾ ਅਤੇ ਬਖ਼ਸਿਸ਼ਾਂ ਸਦਕਾ ਅਸੀਂ ਇਸ ਸਥਾਨ ਪਰ ਪੂਰਨ ਚੜ੍ਹਦੀ ਕਲਾ ਵਿਚ ਹਾਂ । ਆਪ ਜੀ ਦੀ, ਆਪ ਜੀ ਦੇ ਪਰਿਵਾਰ ਦੇ ਮੈਬਰਾਂ ਦੀ ਅਤੇ ਆਪ ਜੀ ਦੇ ਉੱਚੇ-ਸੁੱਚੇ ਖਿਆਲਤਾ ਦੀ ਚੜ੍ਹਦੀ ਕਲਾ ਲਈ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਤਹਿ ਦਿਲੋਂ ਅਰਦਾਸ ਕਰਦੇ ਹਾਂ । ਉਮੀਦ ਹੈ ਆਪ ਜੀ ਪੂਰਨ ਚੜ੍ਹਦੀ ਕਲਾ ਵਿਚ ਵਿਚਰ ਰਹੇ ਹੋਵੋਗੇ ।

ਸਨਿਮਰ ਬੇਨਤੀ ਕੀਤੀ ਜਾਂਦੀ ਹੈ ਕਿ ਹੁਣੇ ਹੀ ਆਪ ਜੀ ਨੇ ਅਸੈਬਲੀ ਅਤੇ ਅਖ਼ਬਾਰਾਂ ਨੂੰ ਇਹ ਬਿਆਨ ਦਿੱਤਾ ਹੈ ਕਿ ਮੇਰੇ ਨਾਨਾ ਜੀ ਸਰਦਾਰ ਬਹਾਦਰ ਅਰੂੜ ਸਿੰਘ ਨੇ ਸ. ਭਗਤ ਸਿੰਘ ਦੇ ਖਿਲਾਫ਼ ਜੋ ਬਿਆਨ ਦਿੱਤਾ ਸੀ, ਉਸਦੀ ਮੈਂ (ਸਿਮਰਨਜੀਤ ਸਿੰਘ ਮਾਨ) ਮੁਆਫ਼ੀ ਮੰਗੀ ਸੀ । ਇਹ ਆਪ ਜੀ ਦਾ ਕਥਨ ਬਿਲਕੁਲ ਗਲਤ ਹੈ । ਮੈਂ ਬਤੌਰ ਐਸ.ਜੀ.ਪੀ.ਸੀ. ਦੇ ਮੈਂਬਰ ਹੁੰਦੇ ਹੋਏ ਐਸ.ਜੀ.ਪੀ.ਸੀ. ਦੇ ਇਜਲਾਸ ਵਿਚ ਇਹ ਮੁਆਫ਼ੀ ਮੰਗੀ ਸੀ ਕਿ ਮੇਰੇ ਨਾਨਾ ਜੀ ਸਰਦਾਰ ਬਹਾਦਰ ਅਰੂੜ ਸਿੰਘ ਨੇ ਅੰਗਰੇਜ਼ ਬ੍ਰਿਗੇਡੀਅਰ ਜਰਨਲ ਡਾਇਰ ਨੂੰ ਸ੍ਰੀ ਦਰਬਾਰ ਸਾਹਿਬ ਦਾ ਰਸੀਵਰ ਹੁੰਦੇ ਹੋਏ, ਸਿਰਪਾਓ ਦਿੱਤਾ ਸੀ । ਉਸ ਸਮੇਂ ਦੇ ਇਤਿਹਾਸਿਕ ਦਸਤਾਵੇਜ ਦੇ ਮੁਤਾਬਿਕ ਜੋ ਖ਼ਾਲਸਾ ਕਾਲਜ ਦੇ ਅੰਗਰੇਜ ਪ੍ਰਿੰਸੀਪਲ ਸਨ, ਉਸ ਸਮੇਂ ਦੌਰਾਨ ਮੇਰੇ ਨਾਨਾ ਜੀ ਸ੍ਰੀ ਦਰਬਾਰ ਸਾਹਿਬ ਦੇ ਰਸੀਵਰ ਸਨ । ਮੇਰੇ ਨਾਨਾ ਜੀ ਨੂੰ ਇਹ ਖ਼ਬਰ ਪਹੁੰਚਾਈ ਗਈ ਸੀ ਕਿ ਜਰਨਲ ਡਾਇਰ ਨੂੰ ਕਿਸੇ ਤਰੀਕੇ ਠੰਡਾ ਕਰੋ । ਕਿਉਂਕਿ ਉਸ ਸਮੇਂ ਬਰਤਾਨੀਆ ਹਕੂਮਤ ਸਾਕਾ ਜ਼ਲ੍ਹਿਆਵਾਲੇ ਬਾਗ ਦੇ ਦੁਖਾਂਤ ਤੋਂ ਘਬਰਾਈ ਹੋਈ ਸੀ ਅਤੇ ਤਿਆਰੀ ਕਰ ਲਈ ਸੀ, ਜਿਵੇਂ ਅੱਜ ਦੀ ਖ਼ਬਰ ਦੇ ਮੁਤਾਬਿਕ ਹਿੰਦੂ ਇੰਡੀਆਂ ਨੇ ਪਾਕਿਸਤਾਨ ਜਾ ਹਵਾਈ ਬੰਬਾਰੀ ਕੀਤੀ ਹੈ ਅਤੇ ਜਿਸ ਨਾਲ ਪ੍ਰਮਾਣੂ ਜੰਗ ਛਿੜ ਸਕਦਾ ਹੈ, ਇਸੇ ਤਰ੍ਹਾਂ ਉਸ ਸਮੇਂ ਦੌਰਾਨ ਹਵਾਈ ਜਹਾਜ਼ਾਂ ਰਾਹੀ ਬੰਬਾਰੀ ਕਰਨ ਦੀ ਐਨੀ ਆਧੁਨਿਕ ਤਕਨੀਕ ਨਹੀਂ ਸੀ ਕਿ ਨਿਸ਼ਾਨਾਂ ਸਹੀ ਸਥਾਂਨ ਤੇ ਲੱਗੇ ਅਤੇ ਬੰਬ ਜ਼ਲ੍ਹਿਆਵਾਲੇ ਬਾਗ ਵਿਚ ਹੀ ਡਿੱਗੇ । ਖ਼ਾਲਸਾ ਕਾਲਜ ਦੇ ਅੰਗਰੇਜ ਪ੍ਰਿੰਸੀਪਲ ਨੂੰ ਇਹ ਖਦਸਾ ਸੀ ਕਿ ਜੋ ਦਰਬਾਰ ਸਾਹਿਬ, ਜ਼ਲ੍ਹਿਆਵਾਲੇ ਬਾਗ ਦੇ ਬਿਲਕੁਲ ਨਾਲ ਹੈ ਅਤੇ ਇਹ ਨਿਸ਼ਾਨਾਂ ਗਲਤੀ ਨਾਲ ਸ੍ਰੀ ਦਰਬਾਰ ਸਾਹਿਬ ਤੇ ਨਾ ਡਿੱਗ ਪਵੇ । ਜੇਕਰ ਇਹ ਬੰਬ ਸ੍ਰੀ ਦਰਬਾਰ ਸਾਹਿਬ ਡਿੱਗ ਜਾਂਦਾ ਤਾਂ ਸਿੱਖ ਕੌਮ ਨੇ ਬਹੁਤ ਬੁਰੀ ਤਰ੍ਹਾਂ ਤੜਫ਼ ਉੱਠਣਾ ਸੀ ਜਿਵੇਂ 1984 ਦੇ ਸਾਕਾ ਨੀਲਾ ਤਾਰਾ ਦੇ ਹਮਲੇ ਤੋਂ ਬਾਅਦ ਸਿੱਖ ਕੌਮ ਤੜਫ਼ ਉੱਠੀ ਸੀ ਅਤੇ ਇਨਕਲਾਬ ਸੁਰੂ ਹੋ ਗਿਆ ਸੀ । ਇਸ ਕਰਕੇ ਹੀ ਸਰਦਾਰ ਬਹਾਦਰ ਅਰੂੜ ਸਿੰਘ ਮੇਰੇ ਨਾਨਾ ਜੀ ਨੇ ਬ੍ਰਿਗੇਡੀਅਰ ਜਰਨਲ ਡਾਇਰ ਨੂੰ ਸ੍ਰੀ ਦਰਬਾਰ ਸਾਹਿਬ ਬੁਲਾਕੇ ਸਿਰਪਾਓ ਦਿੱਤਾ ਸੀ ਤਾਂ ਕਿ ਹਵਾਈ ਜਹਾਜ ਰਾਹੀ ਹਕੂਮਤ ਬੰਬਾਰੀ ਨਾ ਕਰ ਸਕੇ ।

ਮੇਰੇ ਨਾਨਾ ਜੀ ਸਰਦਾਰ ਬਹਾਦਰ ਅਰੂੜ ਸਿੰਘ ਨੇ 1919 ਦੇ ਵਿਚ ਬ੍ਰਿਗੇਡੀਅਰ ਜਰਨਲ ਡਾਇਰ ਨੂੰ ਪੁਖਤਾਂ ਤੱਥਾਂ ਨੂੰ ਵਰਨਣ ਕਰਦਿਆ ਹੋਇਆ ਸਿਪਰਾਓ ਦਿੱਤਾ ਸੀ । ਪਰ ਉਹੀ ਸਰਦਾਰ ਬਹਾਦਰ ਅਰੂੜ ਸਿੰਘ ਦੇ ਦੋਹਤੇ (ਸਿਮਰਨਜੀਤ ਸਿੰਘ ਮਾਨ) ਨੇ 1984 ਦੇ ਵਿਚ ਸਾਕਾ ਨੀਲਾ ਤਾਰਾ ਨਾ ਬਰਦਾਸਤ ਕਰਦਿਆ ਹੋਇਆ ਆਈ.ਪੀ.ਐਸ. ਤੋਂ ਅਸਤੀਫਾਂ ਦਿੱਤਾ ਸੀ ਅਤੇ ਅੱਜ ਤੱਕ ਉਹੀ ਉਨ੍ਹਾਂ ਦਾ ਦੋਹਤਾ ਹਿੰਦੂਤਵਾਂ ਹਕੂਮਤ ਜਿਸਦਾ ਸੰਵਿਧਾਨ ਸਿੱਖ ਨੁਮਾਇੰਦਿਆ ਨੇ ਰੱਦ ਕਰ ਦਿੱਤਾ ਸੀ, ਉਸ ਨੂੰ ਨਹੀਂ ਮੰਨਦਾ ਅਤੇ ਨਾ ਹੀ ਜਿਹੜੇ ਹਿੰਦੂਤਵਾਂ ਮੋਦੀ ਸਰਕਾਰ ਨੇ ਇਸਲਾਮਿਕ ਪਾਕਿਸਤਾਨ ਤੇ ਹਵਾਈ ਹਮਲੇ ਕੀਤੇ ਹਨ, ਨਾ ਹੀ ਮੰਨਦਾ ਹੈ ਅਤੇ ਉਸਦਾ ਪੂਰਨ ਖੰਡਨ ਕਰਦਾ ਹੈ । ਆਪ ਜੀ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਜੋ ਜ਼ਬਰ ਅੰਗਰੇਜ਼ਾਂ ਨੇ ਜ਼ਲ੍ਹਿਆਵਾਲੇ ਬਾਗ ਦੇ ਵਿਚ 1919 ਵਿਚ ਕੀਤਾ, ਉਸਦੀ ਸਿੱਖ ਨੁਮਾਇੰਦੀ ਜਮਾਤ ਐਸ.ਜੀ.ਪੀ.ਸੀ. ਨੇ ਅੱਜ ਤੱਕ ਖੰਡਨ ਨਹੀਂ ਕੀਤਾ । ਆਪ ਜੀ ਤੇ ਆਪ ਜੀ ਦੀ ਪਾਰਟੀ ਨੂੰ ਚਾਹੀਦਾ ਹੈ ਕਿ ਜਿਥੇ ਜ਼ਲ੍ਹਿਆਵਾਲਾ ਬਾਗ ਦੀ ਮੁਆਫ਼ੀ ਆਪ ਜੀ ਦੀ ਪਾਰਟੀ ਤੇ ਹੋਰ ਹਿੰਦੂਤਵਾਂ ਸੰਗਠਨ ਬਰਤਾਨੀਆ ਤੋਂ ਮੰਗ ਰਹੇ ਹੋ, ਫਿਰ ਸਾਕਾ ਨੀਲਾ ਤਾਰਾ ਤੇ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਰਾਜੀਵ ਗਾਂਧੀ ਤੋਂ ਕਰਵਾਈ ਗਈ ਸਿੱਖਾਂ ਦੀ ਨਸ਼ਲਕੁਸੀ ਦੀ ਵੀ ਆਪਣੀ ਹਕੂਮਤ ਅਤੇ ਪਾਰਲੀਮੈਂਟ ਤੋਂ ਮੁਆਫ਼ੀ ਮੰਗਵਾਓ । ਜਿਹੜੇ 2013 ਦੇ ਵਿਚ ਸ੍ਰੀ ਨਰਿੰਦਰ ਮੋਦੀ ਜੋ ਗੁਜਰਾਤ ਦੇ ਚੀਫ਼ ਮਨਿਸਟਰ ਸਨ, ਉਨ੍ਹਾਂ ਨੇ 60,000/- ਸਿੱਖ ਕਿਸਾਨਾਂ ਨੂੰ ਆਪਣੀਆਂ ਕਾਨੂੰਨੀ ਤੌਰ ਤੇ ਹਾਸਿਲ ਕੀਤੀਆ ਮਲਕੀਅਤ ਜ਼ਮੀਨਾਂ ਤੋਂ ਉਜਾੜ ਦਿੱਤਾ ਸੀ। ਉਸ ਵਕਤ 2013 ਦੇ ਵਿਚ ਕਾਂਗਰਸ ਪਾਰਟੀ ਦੇ ਸ. ਮਨਮੋਹਨ ਸਿੰਘ ਆਪ ਜੀ ਦੇ ਵਜੀਰ-ਏ-ਆਜ਼ਮ ਸਨ । ਕੀ ਐਨਾ ਵੱਡਾ ਸਿੱਖਾਂ ਦਾ ਉਜਾੜਾ ਹੁੰਦਿਆ ਕਾਂਗਰਸ ਪਾਰਟੀ ਦੇ ਵਜੀਰ-ਏ-ਆਜ਼ਮ ਸ. ਮਨਮੋਹਨ ਸਿੰਘ ਨੇ ਸ੍ਰੀ ਮੋਦੀ ਦੇ ਖਿਲਾਫ਼ ਕਾਨੂੰਨੀ ਤੇ ਸੰਵਿਧਾਨਿਕ ਤੌਰ ਤੇ ਐਕਸ਼ਨ ਲੈਣਾ ਨਹੀਂ ਸੀ ਬਣਦਾ ?

ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਜੋ ਮੈਂ ਆਪਣੇ ਨਾਨਾ ਜੀ ਸਰਦਾਰ ਬਹਾਦਰ ਅਰੂੜ ਸਿੰਘ ਸੰਬੰਧੀ ਮੁਆਫ਼ੀ ਮੰਗੀ ਸੀ ਉਹ ਪੂਰੇ ਐਸ.ਜੀ.ਪੀ.ਸੀ. ਦੇ ਹਾਊਂਸ ਤੋਂ ਮੰਗੀ ਸੀ । ਕਿਉਂਕਿ ਮੇਰੇ ਬਜੁਰਗ ਸਰਦਾਰ ਬਹਾਦਰ ਲੈਫਟੀਨੈਟ ਕਰਨਲ ਜੋਗਿੰਦਰ ਸਿੰਘ ਮਾਨ ਇਹ ਠੀਕ ਨਹੀਂ ਸਨ ਸਮਝਦੇ ਕਿ ਮੇਰੇ ਨਾਨਾ ਜੀ ਨੇ ਅੰਗਰੇਜ ਜਰਨਲ ਡਾਇਰ ਨੂੰ ਸਿਰਪਾਓ ਕਿਉਂ ਦਿੱਤਾ । ਮੇਰੇ ਨਾਨਾ ਜੀ ਦੇ ਅੱਗੇ ਦੋ ਸਪੁੱਤਰ ਸਨ ਜੋ ਕਿ ਮੇਰੇ ਮਾਮਾ ਜੀ ਸਰਦਾਰ ਬਹਾਦਰ ਬੂਟਾ ਸਿੰਘ ਅਤੇ ਸ. ਸੁਰਿੰਦਰ ਸਿੰਘ। ਮੇਰੇ ਦੋਵੇ ਮਾਮਾ ਜੀ ਦੇ ਅੱਗੋ ਖਾਨਦਾਨੀ ਦੀ ਜਿ਼ੰਮੇਵਾਰੀ ਨਿਭਾਉਣ ਲਈ ਮਰਦ ਔਲਾਨ ਨਹੀਂ ਸੀ । ਇਸ ਕਰਕੇ ਜਿ਼ੰਮੇਵਾਰੀ ਦੇ ਨਾਤੇ ਹੀ ਮੈਂ ਆਪਣੇ ਪਰਿਵਾਰ ਵੱਲੋਂ ਇਹ ਮੁਆਫ਼ੀ ਮੰਗੀ ਸੀ ।

ਦੂਸਰੇ ਪਾਸੇ ਆਪ ਜੀ ਨੂੰ ਪਤਾ ਹੀ ਹੈ ਕਿ ਜ਼ਲ੍ਹਿਆਵਾਲਾ ਬਾਗ ਦੇ ਸਾਕੇ 1919 ਤੋਂ ਬਾਅਦ ਕਾਂਗਰਸ ਪਾਰਟੀ ਨੇ ਜਦੋਂ ਸੈਂਟਰ ਵਿਚ ਮਰਹੂਮ ਇੰਦਰਾ ਗਾਂਧੀ ਵਜ਼ੀਰ-ਏ-ਆਜ਼ਮ ਸੀ, ਉਸ ਸਮੇਂ 1984 ਵਿਚ ਸਾਕਾ ਨੀਲਾ ਤਾਰਾ ਆਪ੍ਰੇਸ਼ਨ ਸਟੇਟਲੈਸ ਸਿੱਖ ਕੌਮ ਉਤੇ ਕਰਵਾਇਆ । ਇਸ ਜਾਲਮ ਬੀਬੀ ਨੇ ਸੋਵੀਅਤ ਰੂਸ, ਬਰਤਾਨੀਆ ਅਤੇ ਹਿੰਦ ਦੀਆਂ ਤਿੰਨੇ ਪ੍ਰਮਾਣੂ ਫ਼ੌਜਾਂ ਨਾਲ ਸ੍ਰੀ ਦਰਬਾਰ ਸਾਹਿਬ ਅਤੇ 36 ਹੋਰ ਗੁਰੂਘਰਾਂ ਉਤੇ ਹਮਲੇ ਕਰਕੇ ਤਬਾਹ ਕਰ ਦਿੱਤੇ । ਜੋ 26 ਹਜ਼ਾਰ ਦੇ ਕਰੀਬ ਸਿੱਖ ਸਰਧਾਲੂ ਜਿਨ੍ਹਾਂ ਵਿਚ ਬੀਬੀਆਂ, ਬੱਚੇ, ਨੌਜ਼ਵਾਨ ਅਤੇ ਬਜੁਰਗ ਸਨ । ਜੋ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਆਏ ਸਨ ਉਨ੍ਹਾਂ ਦਾ ਕਤਲੇਆਮ ਕਰਵਾ ਦਿੱਤਾ । ਸਿੱਖ ਕੌਮ ਦੀ ਨੌਜ਼ਵਾਨ ਲੀਡਰਸਿ਼ਪ ਜੋ ਉੱਭਰ ਰਹੀ ਸੀ, ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਅਤੇ ਉਨ੍ਹਾਂ ਦੇ ਸਾਥੀਆਂ ਦਾ ਕਤਲੇਆਮ ਕਰਵਾ ਦਿੱਤਾ । ਕਾਂਗਰਸ ਜਮਾਤ ਦੇ ਪ੍ਰੈਜੀਡੈਟ ਗਿਆਨੀ ਜੈਲ ਸਿੰਘ ਸਨ । ਜੋ ਸਾਕਾ ਨੀਲਾ ਤਾਰਾ ਆਪ੍ਰੇਸ਼ਨ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਦੇ ਦੌਰੇ ਤੇ ਗਏ । ਉਨ੍ਹਾਂ ਨੂੰ ਹਕੂਮਤੀ ਪੱਧਰ ਤੇ ਸੁਰੱਖਿਆ ਛੱਤਰੀ ਦਿੱਤੀ ਗਈ ਅਤੇ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਕੀਤੀ ਅਤੇ ਉਨ੍ਹਾਂ ਨੂੰ ਸਿੱਖ ਕੌਮ ਉਤੇ ਵਾਪਰੇ ਦੁਖਾਂਤ ਦਾ ਕੋਈ ਤਰਸ ਨਾ ਆਇਆ । ਉਸ ਤੋਂ ਬਾਅਦ ਬਹੁਤ ਸਾਰੇ ਸਿੱਖ ਸਿਆਸਤਦਾਨਾਂ ਅਤੇ ਹਿੰਦੂਤਵ ਹੁਕਮਰਾਨਾਂ ਦੇ ਝੋਲੀ ਚੁੱਕਾ ਨੇ ਮਰਹੂਮ ਇੰਦਰਾ ਗਾਂਧੀ ਦੇ ਇਸ ਮਨੁੱਖਤਾ ਵਿਰੋਧੀ ਕੁਕਰਮਾ ਦੀ ਬੇਸ਼ਰਮੀ ਨਾਲ ਸਲਾਘਾ ਕੀਤੀ, ਉਨ੍ਹਾਂ ਸੰਬੰਧੀ ਆਪ ਜੀ ਕਾਂਗਰਸ ਜਮਾਤ ਵਿਚ ਹੋਣ ਕਰਕੇ ਭਲੀਭਾਂਤ ਸਭ ਜਾਣਕਾਰੀ ਰੱਖਦੇ ਹੋ ।

ਫਿਰ 1984 ਤੋਂ ਬਾਅਦ ਕਾਂਗਰਸ ਦੇ ਹੀ ਰਾਜੀਵ ਗਾਂਧੀ ਵਜ਼ੀਰ-ਏ-ਆਜ਼ਮ ਬਣੇ । ਜਿਨ੍ਹਾਂ ਨੇ ਸਿੱਖ ਕੌਮ ਦੀ ਸਾਰੇ ਇੰਡੀਆਂ ਵਿਚ ਨਸ਼ਲਕੁਸੀ ਕਰਵਾਈ । ਉਸ ਸਮੇਂ ਵੀ ਗਿਆਨੀ ਜੈਲ ਸਿੰਘ ਇੰਡੀਆਂ ਦੇ ਕਾਂਗਰਸ ਪਾਰਟੀ ਦੇ ਸਦਰ ਸਨ । ਪਰ ਦੁੱਖ ਅਤੇ ਅਫ਼ਸੋਸ ਹੈ ਕਾਂਗਰਸ, ਬੀਜੇਪੀ, ਆਰ.ਐਸ.ਐਸ, ਕਾਮਰੇਡਾਂ ਅਤੇ ਹੋਰ ਪਾਰਟੀਆਂ ਵਿਚ ਜਿੰਨੇ ਵੀ ਸਿੱਖ ਵਿਚਰ ਰਹੇ ਸਨ, ਨਾ ਤਾਂ ਉਨ੍ਹਾਂ ਨੇ ਇਸ ਸਟੇਟਲੈਸ ਸਿੱਖ ਕੌਮ ਵਿਰੋਧੀ ਕਤਲੇਆਮ ਦੀ ਨਿੰਦਾ ਕੀਤੀ ਅਤੇ ਨਾ ਹੀ ਆਪਣੇ ਸੰਬੰਧ ਜੁਲਮ ਕਰਨ ਵਾਲੀ ਕਾਂਗਰਸ ਪਾਰਟੀ ਨੂੰ ਛੱਡਿਆ । ਇਸ ਸੰਬੰਧੀ ਵੀ ਆਪ ਜੀ ਕਾਂਗਰਸੀ ਸਿੱਖਾਂ ਦੇ ਕਿਰਦਾਰ ਬਾਰੇ ਭਰਪੂਰ ਜਾਣਕਾਰੀ ਰੱਖਦੇ ਹੋ ।

ਫਿਰ ਜਦੋਂ ਇੰਦਰਾ ਗਾਂਧੀ ਨੇ ਐਸ.ਵਾਈ.ਐਲ. ਕੱਢਣ ਤੇ ਪੰਜਾਬ ਦੇ ਕੀਮਤੀ ਪਾਣੀਆਂ ਨੂੰ ਖੋਹਣ ਲਈ ਕਪੂਰੀ ਵਿਖੇ ਟੱਕ ਲਗਾਇਆ, ਤਾਂ ਉਸ ਪੰਜਾਬ ਸੂਬੇ ਅਤੇ ਸਿੱਖ ਕੌਮ ਵਿਰੋਧੀ ਬੇਹੁੱਦਾ ਔਰਤ ਦੇ ਨਾਲ ਕਿਹੜੇ-ਕਿਹੜੇ ਚਿਹਰੇ ਅਤੇ ਕਾਂਗਰਸੀ ਸਿੱਖ ਸਿਆਸਤਦਾਨ ਹਾਜ਼ਰ ਸਨ, ਉਨ੍ਹਾਂ ਤੋਂ ਵੀ ਆਪ ਭਲੀਭਾਂਤ ਜਾਣੂ ਹੀ ਹੋ । ਆਪ ਜੀ ਨੂੰ ਇਹ ਵੀ ਪਤਾ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਨੇ 100 ਕਰੋੜ ਰੁਪਏ ਇਸ ਨਹਿਰ ਨੂੰ ਕੱਢਵਾਉਣ ਲਈ ਸ੍ਰੀ ਦੇਵੀ ਲਾਲ ਤੋਂ ਪ੍ਰਾਪਤ ਕੀਤੇ।
ਪੰਜਾਬ ਸੂਬੇ ਦੇ ਮੋਰਚੇ ਦੌਰਾਨ ਕਾਂਗਰਸੀ ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋ ਨੇ 60 ਹਜ਼ਾਰ ਸਿੱਖਾਂ ਨੂੰ ਜੇਲ੍ਹਾਂ ਵਿਚ ਬੰਦੀ ਬਣਾ ਦਿੱਤਾ ਅਤੇ ਤਸੀਹੇ ਵੀ ਦਿੱਤੇ ਸਨ । ਆਪ ਜੀ ਨੂੰ ਇਸ ਗੱਲ ਦੀ ਪੂਰੀ ਖ਼ਬਰ ਹੈ ਕਿ ਉਸ ਅਕਾਲੀ ਦਲ ਦੇ ਆਗੂ ਜਥੇਦਾਰ ਮੋਹਣ ਸਿੰਘ ਤੁੜ ਸਨ । ਸ. ਪ੍ਰਤਾਪ ਸਿੰਘ ਦੇ ਖਿਲਾਫ਼ ਦ੍ਰਿੜਤਾ ਨਾਲ ਚੋਣਾਂ ਲੜੇ ਸਨ । ਪਰ ਆਪ ਜੀ ਦੀ ਕਾਂਗਰਸ ਹਕੂਮਤ ਨੇ ਹੇਰਾ-ਫੇਰੀ ਕਰਕੇ ਜਥੇਦਾਰ ਮੋਹਣ ਸਿੰਘ ਤੁੜ ਨੂੰ ਹਰਾਇਆ ਅਤੇ ਪ੍ਰਤਾਪ ਸਿੰਘ ਕੈਰੋ ਨੂੰ ਜਿਤਾਇਆ । ਆਪ ਜੀ ਨੇ ਕਿਹਾ ਹੈ ਕਿ ਮੇਰੇ ਨਾਨਾ ਜੀ ਸਰਦਾਰ ਬਹਾਦਰ ਅਰੂੜ ਸਿੰਘ ਨੇ ਸ. ਭਗਤ ਸਿੰਘ ਦੇ ਵਿਰੁੱਧ ਗਵਾਹੀ ਦਿੱਤੀ ਸੀ । ਇਹ ਗੱਲ ਤੱਥਾਂ ਤੋਂ ਰਹਿਤ ਅਤੇ ਸੱਚਾਈ ਤੋਂ ਉਲਟ ਹੈ । ਸ. ਖੁਸਵੰਤ ਸਿੰਘ ਨਾਮ ਦੇ ਪ੍ਰਮੁੱਖ ਲਿਖਾਰੀ ਦੇ ਪਿਤਾ ਸ. ਸੋਭਾ ਸਿੰਘ ਨੇ ਇਹ ਗਵਾਹੀ ਦਿੱਤੀ ਸੀ । ਜਦੋਂਕਿ ਮੇਰੇ ਨਾਨਾ ਜੀ ਨੇ ਨਹੀਂ । ਸ. ਭਗਤ ਸਿੰਘ ਨੇ ਦੋ ਬੇਗੁਨਾਹ ਪੁਲਿਸ ਅਫ਼ਸਰ ਮਾਰ ਦਿੱਤੇ ਸਨ, ਜਿਨ੍ਹਾਂ ਵਿਚ ਇਕ ਅੰਗਰੇਜ ਨੌਜ਼ਵਾਨ ਅਸਿਸਟੈਟ ਸੂਪਰਡੈਂਟ ਪੁਲਿਸ ਸਾਂਡਰਸ ਅਤੇ ਇਕ ਅੰਮ੍ਰਿਤਧਾਰੀ ਹੈਡਕਾਂਸਟੇਬਲ ਸ. ਚੰਨਣ ਸਿੰਘ ਸਨ । ਉਸ ਤੋਂ ਬਾਅਦ ਭਗਤ ਸਿੰਘ ਨੇ ਦਿੱਲੀ ਦੀ ਬੈਠੀ ਹੋਈ ਅਸੈਬਲੀ ਵਿਚ ਬੰਬ ਸੁੱਟ ਦਿੱਤਾ ਸੀ । ਜੇਕਰ ਇਹ ਬੰਬ ਚੱਲ ਜਾਂਦਾ ਤਾਂ ਬਹੁਤ ਬੇਗੁਨਾਹ ਮਾਰੇ ਜਾਣੇ ਸਨ । ਬੰਬ ਨਾ ਫਟਣ ਦੇ ਕਾਰਨ ਨੁਕਸਾਨ ਨਹੀਂ ਹੋਇਆ । ਹੁਣ ਆਪ ਜੀ ਪੰਜਾਬ ਦੀ ਜਿੰਮੇਵਾਰ ਕੈਬਨਿਟ ਦੇ ਵਜ਼ੀਰ ਹੋ ਅਤੇ ਸਮਝ ਸਕਦੇ ਹੋ ਕਿ ਬੇਗੁਨਾਹ ਪੁਲਿਸ ਅਫ਼ਸਰਾਂ ਅਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆ ਨੂੰ ਮਾਰ ਦੇਣ ਦੀ ਕਾਰਵਾਈ ਕੀ ਦਹਿਸਤਗਰਦੀ ਹੈ ਜਾਂ ਦੇਸ਼ ਭਗਤੀ ? ਇਸ ਗੱਲ ਨੂੰ ਆਪ ਜੀ ਮੌਜੂਦਾ ਪੁਲਿਸ ਅਫ਼ਸਰਾਂ ਅਤੇ ਨੁਮਾਇੰਦਿਆ ਤੋਂ ਵੀ ਪੁੱਛ ਸਕਦੇ ਹੋ ।

ਜਿਥੋਂ ਤੱਕ ਮੇਰਾ ਸਵਾਲ ਹੈ ਮੈਂ ਆਪਣਾ ਕੰਮ ਤੇ ਜਿੰਮੇਵਾਰੀ ਪੂਰਨ ਕਰ ਦਿੱਤੀ ਸੀ ਅਤੇ ਮੈਂ ਆਪਣੇ ਖਾਨਦਾਨ ਦੇ ਬਿਨ੍ਹਾਂ ਤੇ ਮੁਆਫ਼ੀ ਮੰਗ ਲਈ ਸੀ । ਹੁਣ ਤੁਹਾਡੀ ਕਾਂਗਰਸ ਅਤੇ ਸਿੱਖਾਂ ਉਤੇ ਜ਼ਬਰ-ਜੁਲਮ ਕਰਨ ਵਾਲਿਆ ਦੀ ਵਾਰੀ ਹੈ ਕਿ 1947 ਤੋਂ ਬਾਅਦ ਕਾਂਗਰਸ, ਬੀਜੇਪੀ-ਬਾਦਲ ਦਲ ਜਿਨ੍ਹਾਂ ਨੇ ਵੀ ਸਿੱਖਾਂ ਉਤੇ ਜੁਲਮ ਕੀਤੇ ਹਨ, ਉਨ੍ਹਾਂ ਨੇ ਇਸ ਦਿਸ਼ਾ ਵੱਲ ਕੀ ਕਰਨਾ ਹੈ ?

ਐਸ.ਜੀ.ਪੀ.ਸੀ. ਸਿੱਖ ਕੌਮ ਦੀ ਇਕੋ-ਇਕ ਨੁਮਾਇੰਦਾ ਜ਼ਮਾਤ ਹੈ, ਉਸ ਵੱਲੋਂ ਹੀ ਸਿੱਖ ਕੌਮ ਉਤੇ ਸਾਕਾ ਨੀਲਾ ਤਾਰਾ ਸਮੇਂ ਅਤੇ ਸਿੱਖ ਕੌਮ ਦੀ ਹੋਈ ਨਸ਼ਲਕੁਸੀ ਸੰਬੰਧੀ ਜਿ਼ੰਮੇਵਾਰ ਹੁਕਮਰਾਨਾਂ ਵੱਲੋਂ ਮੁਆਫ਼ੀ ਮੰਗਣ ਦਾ ਮਤਾ ਪਾਸ ਕੀਤਾ ਹੈ ਅਤੇ ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਆਪ ਜੀ ਨੇ ਬਰਗਾੜੀ ਇਨਸਾਫ਼ ਮੋਰਚੇ ਵਿਚ ਸਰਕਾਰ ਦੀ ਤਰਫੋ ਕੌਮ ਪੱਖੀ ਭੂਮਿਕਾ ਨਿਭਾਈ ਹੈ ਜਿਸ ਤੋਂ ਸਮੁੱਚੀ ਸਿੱਖ ਕੌਮ ਜਾਣਕਾਰੀ ਰੱਖਦੀ ਹੈ ਅਤੇ ਆਪ ਜੀ ਵੱਲੋਂ ਨਿਭਾਈ ਗਈ ਕੌਮ ਪੱਖੀ ਭੂਮਿਕਾ ਆਉਣ ਵਾਲੇ ਸਮੇਂ ਵਿਚ ਸਿੱਖ ਇਤਿਹਾਸ ਦਾ ਹਿੱਸਾ ਬਣੇਗੀ । ਜਿਸ ਦੀ ਅਸੀਂ ਤਹਿ ਦਿਲੋਂ ਪ੍ਰਸ਼ੰਸ਼ਾਂ ਵੀ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਮੇਰੇ ਵੱਲੋਂ ਜਿਸ ਮਕਸਦ ਨੂੰ ਮੁੱਖ ਰੱਖਕੇ ਮੁਆਫ਼ੀ ਮੰਗੀ ਗਈ ਹੈ, ਉਸਨੂੰ ਸਮਝਣ ਅਤੇ ਫਿਰ ਕੋਈ ਬਿਆਨਬਾਜੀ ਜਾਂ ਵਿਚਾਰ ਪ੍ਰਗਟਾਉਣ ਦੀ ਖੇਚਲ ਕਰੋਗੇ । ਨਾ ਕਿ ਤੱਥਾਂ ਤੋਂ ਉਲਟ ਮੇਰਾ ਹਵਾਲਾ ਦੇ ਕੇ ਕੋਈ ਗੱਲ ਕਰੋਗੇ । ਧੰਨਵਾਦੀ ਹੋਵਾਂਗੇ ।

ਪੂਰਨ ਸਤਿਕਾਰ ਤੇ ਉਮੀਦ ਸਹਿਤ,

ਗੁਰੂਘਰ ਤੇ ਪੰਥ ਦਾ ਦਾਸ,

ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)।

ਸ. ਸੁਖਜਿੰਦਰ ਸਿੰਘ ਰੰਧਾਵਾ,
ਕੈਬਨਿਟ ਵਜੀਰ,
ਸਹਿਕਾਰਤਾ ਅਤੇ ਜੇਲ੍ਹ ਵਿਭਾਗ ਪੰਜਾਬ,
ਚੰਡੀਗੜ੍ਹ ।

 

About The Author

Related posts

Leave a Reply

Your email address will not be published. Required fields are marked *