ਕੈਨੇਡਾ ”ਚ ਜਗਮੀਤ ਸਿੰਘ ਦੀ ਜਿੱਤ ਲਈ ਸਿੱਖ ਭਾਈਚਾਰੇ ਨੂੰ ਵਧਾਈ : ਸੁਖਮਿੰਦਰ ਸਿੰਘ ਹੰਸਰਾ,
ਕੈਨੇਡਾ ਵਿੱਚ ਸਿੱਖ ਕੌਮ ਦਾ ਝੰਡਾ ਬੁਲੰਦ ਕਰਨ ਲਈ ਜਗਮੀਤ ਸਿੰਘ ਅਤੇ ਸਮੁੱਚੀ ਸਿੱਖ ਕੌਮ ਵਧਾਈ ਦੀ ਹੱਕਦਾਰ : ਮਾਨ
ਐਨ ਡੀ ਪੀ ਦੇ ਲੀਡਰ ਚੁਣੇ ਜਾਣ ਤੇ ਕੈਨੇਡਾ ਦਾ ਬਹੁਸਭਿਅਕ ਚਿਹਰਾ ਹੋਰ ਨਿਖਰਿਆ….ਸੁਖਮਿੰਦਰ ਸਿੰਘ ਹੰਸਰਾ
ਨਿਊਯਾਰਕ/ਟੋਰਾਂਟੋ,( ਰਾਜ ਗੋਗਨਾ)—ਟੋਰਾਂਟੋ ਡਾਊਨ ਟਾਊਨ ਦੇ ਆਲੀਸ਼ਨ ਹੋਟਲ ਵਿੱਚ ਕੈਨੇਡੀਅਨ ਸਿੱਖ ਇਤਿਹਾਸ ਦਾ ਸੁਨਿਹਰੀ ਪੰਨਾ ਲਿਖਿਆ ਗਿਆ ਹੈ। ਇਸ ਮੌਕੇ ਕੈਨੇਡਾ ਦੀ ਲੋਕ ਪੱਖੀ ਸਮਝੀ ਜਾਂਦੀ ਐਨ. ਡੀ. ਪੀ. ਪਾਰਟੀ ਦੇ ਲੀਡਰ ਦੀ ਚੋਣ ਦੇ ਨਤੀਜੇ ਸੁਣਾਏ ਗਏ। ਜਗਮੀਤ ਸਿੰਘ ਨੇ ਆਪਣੇ ਤਿੰਨ ਵਿਰੋਧੀ ਉਮੀਦਵਾਰਾਂ ਨੂੰ ਪਹਿਲੇ ਬੈਲਟ ਤੇ ਹੀ ਹਰਾ ਕੇ ਜਿੱਤ ਦੇ ਝੰਡੇ ਬੁਲੰਦ ਕੀਤੇ ਹਨ।
“ਕੈਨੇਡਾ ਵਿੱਚ ਲਿਬਰਲ ਪਾਰਟੀ ਨੇ ਸਿੱਖ ਮੈਂਬਰਾਂ ਨੂੰ ਚੋਟੀ ਦੇ ਮਹਿਕਮੇ ਦੇ ਕੇ ਨਿਵਾਜਿਆ ਹੈ, ਜਿਸ ਨਾਲ ਕੈਨੇਡੀਅਨ ਭਾਈਚਾਰੇ ਵਿੱਚ ਸਿੱਖਾਂ ਦਾ ਅਕਸ ਹੋਰ ਚਮਕਿਆ ਹੈ ਤੇ ਹੁਣ ਐਨ ਡੀ ਪੀ ਦੀ ਲੀਡਰਸ਼ਿਪ ਇੱਕ ਦੁਮਾਲੇ ਵਾਲੇ ਸਿੰਘ ਦੇ ਜਿੱਤ ਕੇ ਸਿੱਖ ਕੌਮ ਦਾ ਮਾਣ ਵਧਾਇਆ ਹੈ। ਅਸੀਂ ਜਗਮੀਤ ਸਿੰਘ ਹੋਰਾਂ ਦੀ ਜਿੱਤ ਤੇ ਐਨ ਡੀ ਪੀ ਦੇ ਨਵੇਂ ਲੀਡਰ ਜਗਮੀਤ ਸਿੰਘ, ਉਨ੍ਹਾਂ ਦੇ ਪ੍ਰੀਵਾਰ ਅਤੇ ਸਮੁੱਚੇ ਕੈਨੇਡੀਅਨ ਸਿੱਖ ਭਾਈਚਾਰੇ ਨੂੰ ਵਧਾਈ ਦਿੰਦੇ ਹਾਂ“ ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਦਿੱਤੇ।
ਸ੍ਰ. ਮਾਨ ਨੇ ਕਿਹਾ, “ਜਿਥੇ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਂਮ ਦੇ ਵਾਰਿਸ, ਗੁਰੂ ਦੇ ਇਸ ਸਿਧਾਂਤ ਦਾ ਪੱਲਾ ਫੜ ਕੇ ਬਾਹਰਲੇ ਮੁਲਕਾਂ ਵਿੱਚ ਤਰੱਕੀਆਂ ਕਰ ਰਹੇ ਹਨ ਉਥੇ ਪੰਜਾਬ ਦੀ ਸਿੱਖ ਲੀਡਰਸ਼ਿਪ ਭਗਵਾਂਕਰਨ ਦੀ ਬੁੱਕਲ ਵਿੱਚ ਸੁੱਤੀ ਪਈ ਹੈ“। ਸ:ਮਾਨ ਨੇ ਕੈਨੇਡਾ ਦੇ ਸਮੁੱਚੇ ਸਿੱਖ ਭਾਈਚਾਰੇ ਨੂੰ ਚੜ੍ਹਦੀ ਕਲਾ ਵਿੱਚ ਰਹਿ ਕੇ ਮੱਲਾਂ ਮਾਰਨ ਤੇ ਵਧਾਈ ਦਿੱਤੀ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ “ਐਨ ਡੀ ਪਾਰਟੀ ਦੀ ਲੀਡਰਸ਼ਿਪ ਦੌੜ ਵਿੱਚ ਬਾਕੀ ਉਮੀਦਵਾਰਾਂ ਦੇ ਮੁਕਾਬਲੇ ਜਗਮੀਤ ਸਿੰਘ ਕਾਫੀ ਦੇਰ ਬਾਅਦ ਸ਼ਾਮਲ ਹੋਏ ਸਨ, ਪਰ ਥੋੜੇ ਸਮ੍ਹੇਂ ਅੰਦਰ ਹੀ ਜਗਮੀਤ ਸਿੰਘ ਨੇ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਅਹਿਸਾਸ ਕਰਵਾ ਦਿੱਤਾ ਸੀ ਕਿ ਉਹ ਹੁਣ ਰੋਕਿਆ ਵੀ ਨਹੀਂ ਰੁਕੇਗਾ। ਕੈਨੇਡਾ ਦੇ ਮੁੱਖਧਾਰਾ ਦਾ ਮੀਡੀਆ ਵੀ ਜਗਮੀਤ ਸਿੰਘ ਦੀ ਹਿੰਮਤ, ਲਿਆਕਤ, ਰਾਜਨੀਤਕ ਸੂਝਬੂਝ ਅਤੇ ਉਸਦੇ ਕਪੜੇ ਪਹਿਨਣ ਦੇ ਸਟਾਇਲ ਤੋਂ ਕਾਇਲ ਸੀ ਅਤੇ ਜਗਮੀਤ ਸਿੰਘ ਨੂੰ ਲਗਾਤਾਰ ਇੱਕ ਪ੍ਰਤੀਬਿੰਬ ਵਾਂਗ ਪ੍ਰਚਾਰਦਾ ਆ ਰਿਹਾ ਸੀ“।
ਹੰਸਰਾ ਨੇ ਅੱਗੇ ਕਿਹਾ, “ਜਗਮੀਤ ਸਿੰਘ ਦੇ ਐਨ. ਡੀ. ਪੀ. ਦੇ ਲੀਡਰ ਚੁਣੇ ਜਾਣ ‘ਤੇ ਕੈਨੇਡਾ ਦਾ ਬਹੁਸੱਭਿਅਕ ਚਿਹਰਾ ਹੋਰ ਨਿਖਰਿਆ ਹੈ।“ ਸੰਨ 2019 ਵਿੱਚ ਕੈਨੇਡਾ ਦੀਆਂ ਆਮ ਚੋਣਾਂ ਵਿੱਚ ਜਗਮੀਤ ਸਿੰਘ ਦੀ ਟੱਕਰ ਲਿਬਰਲ ਆਗੂ ਜਸਟਿਨ ਟਰੂਡੋ, ਕੰਜ਼ਰਵੇਟਿਵ ਆਗੂ ਐਂਡਰੀਊ ਸ਼ੀਅਰ ਨਾਲ ਹੋਵੇਗੀ।