ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਣ ‘ਤੇ ਵੀ ਮੋਦੀ ਵੱਲੋਂ ਅਪਣਾਇਆ ਹੱਠੀ ਰਵੱਈਆ ਅਫ਼ਸੋਸਨਾਕ ਅਤੇ ਗੈਰ-ਜਿ਼ੰਮੇਵਰਾਨਾਂ : ਮਾਨ
ਫ਼ਤਹਿਗੜ੍ਹ ਸਾਹਿਬ, 08 ਮਾਰਚ ( ) “ਜਦੋਂ ਸਮੁੱਚੇ ਇੰਡੀਆਂ, ਪੰਜਾਬ, ਹਰਿਆਣਾ, ਯੂਪੀ, ਰਾਜਸਥਾਂਨ, ਉਤਰਾਖੰਡ ਆਦਿ ਸੂਬਿਆਂ ਤੋਂ ਲੱਖਾਂ ਦੀ ਗਿਣਤੀ ਵਿਚ ਕਿਸਾਨ ਮਾਰੂ ਕਾਨੂੰਨਾਂ ਨੂੰ ਪੂਰਨ ਰੂਪ ਵਿਚ ਖ਼ਤਮ ਕਰਵਾਉਣ ਲਈ ਦਿੱਲੀ ਬਾਰਡਰਾਂ ਤੇ ਕਿਸਾਨਾਂ-ਮਜ਼ਦੂਰਾਂ ਨੂੰ ਬੈਠਿਆ ਅੱਜ 100 ਦਿਨ ਦਾ ਸਮਾਂ ਪੂਰਾ ਹੋ ਗਿਆ ਹੈ, ਤਾਂ ਇਸਦੇ ਬਾਵਜੂਦ ਵੀ ਸ੍ਰੀ ਮੋਦੀ ਵੱਲੋਂ ਅਤੇ ਹੁਕਮਰਾਨਾਂ ਵੱਲੋਂ ਅਪਣਾਇਆ ਜਾ ਰਿਹਾ ਹੱਠੀ ਰਵੱਈਆ ਅਤਿ ਅਫ਼ਸੋਸਨਾਕ ਅਤੇ ਮੁਲਕ ਦੇ ਕਿਸਾਨਾਂ-ਮਜ਼ਦੂਰਾਂ ਪ੍ਰਤੀ ਗੈਰ-ਜਿ਼ੰਮੇਵਰਾਨਾਂ ਕਾਰਵਾਈ ਦੇ ਨਾਲ-ਨਾਲ ਇਥੋਂ ਦੀ ਆਰਥਿਕਤਾ ਨੂੰ ਤਬਾਹ ਕਰਨ ਵਾਲੇ ਦੁੱਖਦਾਇਕ ਅਮਲ ਹਨ, ਜਿਸ ਤੋਂ ਇਹ ਪ੍ਰਤੱਖ ਹੋ ਜਾਂਦਾ ਹੈ ਕਿ ਇਹ ਹੁਕਮਰਾਨ ਆਪਣੇ ਮੁਲਕ ਦੇ ਨਿਵਾਸੀਆਂ ਅਤੇ ਇੰਡੀਆਂ ਉਤੇ ਰਾਜ ਪ੍ਰਬੰਧ ਕਰਨ ਦੀ ਕਾਬਲੀਅਤ ਨਹੀਂ ਰੱਖਦੇ। ਇਨ੍ਹਾਂ ਦੇ ਅਮਲ ਉਸੇ ਤਰ੍ਹਾਂ ਦੀ ਕਹਾਵਤ ਵਾਲੇ ਹਨ ਕਿ “ਰੋਮ ਜਲ ਰਿਹਾ ਹੈ ਤੇ ਨੀਰੋ ਬੰਸਰੀ ਵਜਾ ਰਿਹਾ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਮੁਲਕ ਦੇ ਕਿਸਾਨਾਂ-ਮਜ਼ਦੂਰਾਂ ਦੀਆਂ ਹੱਕੀ ਅਤੇ ਇਨਸਾਫ਼ ਵਾਲੀਆ ਮੰਗਾਂ ਦੀ ਪੂਰਤੀ ਲਈ ਦਿੱਲੀ ਬਾਰਡਰਾਂ ਉਤੇ ਚੱਲ ਰਹੇ ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਣ ਤੇ ਵੀ ਹੁਕਮਰਾਨਾਂ ਵੱਲੋਂ ਅਪਣਾਏ ਜਾ ਰਹੇ ਹੱਠੀ ਵਤੀਰੇ ਨੂੰ ਗੈਰ-ਜਿ਼ੰਮੇਵਰਾਨਾਂ ਕਰਾਰ ਦਿੰਦੇ ਹੋਏ ਅਤੇ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਮੁਲਕ ਦੇ ਕਿਸਾਨਾਂ-ਮਜ਼ਦੂਰਾਂ ਦੀ ਮਿਹਨਤ ਦੀ ਬਦੌਲਤ ਹੀ ਸਭ ਵਪਾਰੀਆ, ਆੜਤੀਆ, ਦੁਕਾਨਦਾਰਾਂ, ਕਾਰੋਬਾਰੀਆਂ, ਟਰਾਸਪੋਰਟਰਾਂ, ਵੱਡੇ-ਵੱਡੇ ਉਦਯੋਗਪਤੀਆਂ ਇਥੋਂ ਤੱਕ ਹਰ ਨਾਗਰਿਕ ਦੇ ਜੀਵਨ ਨਿਰਵਾਹ ਲਈ ਪੂਰਾ ਸਿਸਟਮ ਚੱਲਦਾ ਹੈ । ਫਿਰ ਕਿਸਾਨ-ਮਜ਼ਦੂਰ ਉਤੇ ਸਮੁੱਚੇ ਮੁਲਕ ਦੀ ਆਰਥਿਕਤਾ ਅਤੇ ਸਭ ਕਾਰੋਬਾਰ ਨਿਰਭਰ ਕਰਦੇ ਹਨ । ਉਸ ਕਿਸਾਨ-ਮਜ਼ਦੂਰ ਵਰਗ ਨਾਲ ਹੁਕਮਰਾਨਾਂ ਵੱਲੋਂ ਕੀਤਾ ਜਾ ਰਿਹਾ ਜ਼ਬਰ-ਜੁਲਮ ਤਾਂ ਸਮੁੱਚੇ ਮੁਲਕ ਦੀ ਆਰਥਿਕ ਵਿਵਸਥਾਂ ਅਤੇ ਚੱਲ ਰਹੀ ਗੱਡੀ ਵਿਚ ਖੜੋਤ ਪੈਦਾ ਕਰਨ ਦੇ ਅਮਲ ਅਤਿ ਨਿੰਦਣਯੋਗ ਹਨ । ਇਨ੍ਹਾਂ ਹੁਕਮਰਾਨਾਂ ਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਜੋ ਇੰਡੀਆ ਮੁਲਕ ਦੀ ਫ਼ੌਜ ਹੈ, ਉਸ ਵਿਚ 90% ਨਫਰੀ ਕਿਸਾਨਾਂ ਅਤੇ ਮਜ਼ਦੂਰਾਂ ਦੇ ਪੁੱਤਰਾਂ ਤੇ ਪਰਿਵਾਰਾਂ ਦੀ ਹੀ ਹੈ । ਜੇਕਰ ਅਜਿਹੀਆ ਕਿਸਾਨ ਮਾਰੂ ਗਲਤ ਨੀਤੀਆ ਉਤੇ ਅਮਲ ਕਰਕੇ ਕਿਸਾਨ-ਮਜ਼ਦੂਰ ਨੂੰ ਨਸਟ ਕਰ ਦਿੱਤਾ ਗਿਆ, ਫਿਰ ਮੁਲਕ ਦੀ ਫ਼ੌਜ ਦੀ ਡਾਵਾਡੋਲ ਹੋਣ ਵਾਲੇ ਹਾਲਾਤਾਂ ਨੂੰ ਕੌਣ ਰੋਕ ਸਕੇਗਾ ? ਉਨ੍ਹਾਂ ਕਿਹਾ ਕਿ ਜਦੋਂ ਇੰਡੀਆਂ ਦੇ ਚੌਗਿਰਦੇ ਵਿਚ ਵੱਸਣ ਵਾਲੇ ਮੁਲਕ ਚੀਨ, ਪਾਕਿਸਤਾਨ, ਨੇਪਾਲ, ਬਰਮਾ, ਭੁਟਾਨ, ਸ੍ਰੀਲੰਕਾ, ਬੰਗਲਾਦੇਸ਼, ਅਫਗਾਨੀਸਤਾਨ ਵਿਚ ਹਾਲਾਤ ਅਕਸਰ ਇੰਡੀਆ ਵਿਰੁੱਧ ਬਣੇ ਹੋਏ ਹਨ ਅਤੇ ਇਨ੍ਹਾਂ ਮੁਲਕਾਂ ਨਾਲ ਇੰਡੀਆਂ ਦੇ ਸੰਬੰਧ ਪਹਿਲੋ ਹੀ ਕੁੜੱਤਣ ਭਰੇ ਬਣੇ ਹੋਏ ਹਨ । ਫਿਰ ਅਜਿਹੇ ਹਾਲਾਤ ਜਾਣਬੁੱਝਕੇ ਪੈਦਾ ਕਰਨ ਉਪਰੰਤ ਇੰਡੀਆਂ ਦੀਆਂ ਸਰਹੱਦਾਂ ਤੇ ਰਾਖੀ ਕਰਨ ਅਤੇ ਦੁਸ਼ਮਣ ਨਾਲ ਸਿੱਝਣ ਦੀ ਜਿ਼ੰਮੇਵਾਰੀ ਕੌਣ ਨਿਭਾਏਗਾ ?
ਉਨ੍ਹਾਂ ਕਿਹਾ ਕਿ ਬੇਸ਼ੱਕ ਨਿਸ਼ਾਨ ਸਾਹਿਬ, ਖ਼ਾਲਿਸਤਾਨ ਅਤੇ ਹੋਰ ਕੌਮੀ ਗੰਭੀਰ ਮੁੱਦੇ ਅਜੋਕੇ ਸਮੇਂ ਵਿਚ ਬਹੁਤ ਵੱਡਾ ਮਹੱਤਵ ਰੱਖਦੇ ਹਨ ਅਤੇ ਸਿੱਖੀ ‘ਸਰਬੱਤ ਦੇ ਭਲੇ’ ਵਾਲੀ ਸੋਚ ਤੋਂ ਬਿਨ੍ਹਾਂ ਇਥੋਂ ਦੇ ਨਿਵਾਸੀਆਂ ਦੀ ਚੌਹਪੱਖੀ ਬਿਹਤਰੀ ਨਹੀਂ ਹੋ ਸਕਦੀ । ਸਮਾਂ ਆਉਣ ਤੇ ਉਪਰੋਕਤ ਮੁੱਦਿਆ ਉਤੇ ਵੀ ਸੰਜ਼ੀਦਾ ਹੋ ਕੇ ਸੰਘਰਸ਼ ਕਰਨਾ ਪਵੇਗਾ । ਪਰ ਕਿਸਾਨ ਆਗੂਆਂ ਨੂੰ ਚਾਹੀਦਾ ਹੈ ਕਿ ਜੋ ਕਿਸਾਨ ਅੰਦੋਲਨ ਹੁਣ ਚੱਲ ਰਿਹਾ ਹੈ, ਉਸ ਲਈ ਕੇਵਲ ਤੇ ਕੇਵਲ ਕਿਸਾਨੀ ਮੰਗਾਂ ਦੀ ਪੂਰਤੀ ਲਈ ਸਭ ਵਿਚਾਰਾਂ ਦੇ ਵਖਰੇਵਿਆ ਤੋਂ ਉਪਰ ਉੱਠਕੇ ਇਨ੍ਹਾਂ ਮੁੱਦਿਆ ਨੂੰ ਹੱਲ ਕਰਵਾਉਣ ਲਈ ਹੱਠੀ ਹੁਕਮਰਾਨਾਂ ਉਤੇ ਪ੍ਰਭਾਵਸ਼ਾਲੀ ਰਣਨੀਤੀ ਰਾਹੀ ਹੱਲ ਕਰਵਾਉਣ ਲਈ ਅਸਰਦਾਰ ਪ੍ਰੋਗਰਾਮ ਉਲੀਕਿਆ ਜਾਵੇ । ਤਦ ਹੀ ਹਊਮੈ ਵਿਚ ਗ੍ਰਸਤ ਹੁਕਮਰਾਨਾਂ ਨੂੰ ਕਿਸਾਨੀ ਮੰਗਾਂ ਮੰਨਵਾਉਣ ਲਈ ਅਤੇ ਐਮ.ਐਸ.ਪੀ. ਸੰਬੰਧੀ ਕਾਨੂੰਨ ਬਣਾਉਣ ਲਈ ਮਜ਼ਬੂਰ ਕੀਤਾ ਜਾ ਸਕੇਗਾ । ਸ. ਮਾਨ ਨੇ ਕਿਸਾਨ ਅੰਦੋਲਨ ਵਿਚ ਸਭ ਸੂਬਿਆਂ ਦੇ ਨਿਵਾਸੀਆਂ, ਕਿਸਾਨੀ ਆਗੂਆਂ, ਨੌਜ਼ਵਾਨੀ ਤੇ ਇਸ ਸੰਘਰਸ਼ ਵਿਚ ਸਾਮਿਲ ਸਭ ਸਮਾਜਿਕ, ਰਾਜਨੀਤਿਕ, ਧਾਰਮਿਕ ਧਿਰਾਂ ਤੇ ਆਗੂਆਂ ਤੋਂ ਇਹ ਉਮੀਦ ਪ੍ਰਗਟ ਕੀਤੀ ਕਿ ਉਹ ਇਕ ਤਾਕਤ ਹੋ ਕੇ ਇਕ ਸਾਂਝੇ ਪ੍ਰਭਾਵਸ਼ਾਲੀ ਅਸਰਦਾਰ ਪ੍ਰੋਗਰਾਮ ਉਲੀਕਕੇ ਕਿਸਾਨੀ ਮੰਗਾਂ ਪੂਰਨ ਕਰਵਾਉਣ ਲਈ ਆਪਣੀ ਮੰਜਿ਼ਲ ਵੱਲ ਵੱਧਣਗੇ ਅਤੇ ਫ਼ਤਹਿ ਪ੍ਰਾਪਤ ਕਰਕੇ ਹੀ ਆਪੋ-ਆਪਣੇ ਸੂਬਿਆਂ ਨੂੰ ਵਾਪਸ ਪਰਤਣਗੇ ।