ਕਾਕਾ ਲਵਪ੍ਰੀਤ ਸਿੰਘ ਦੀ ਹੋਈ ਮੌਤ, ਸਿੱਖ ਨੌਜ਼ਵਾਨੀ ਦੀ ਗੈਰ-ਕਾਨੂੰਨੀ ਫੜੋ-ਫੜਾਈ ਅਤੇ ਜ਼ਾਬਰ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਨੂੰ 27 ਜੁਲਾਈ ਨੂੰ ਦਿੱਤਾ ਜਾਵੇਗਾ ਯਾਦ-ਪੱਤਰ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 25 ਜੁਲਾਈ ( ) “ਬੀਤੇ ਕੁਝ ਦਿਨ ਪਹਿਲੇ ਪਿੰਡ ਰੱਤਾ ਖੇੜਾ (ਸੰਗਰੂਰ) ਦੇ ਇਕ ਨਿਰਦੋਸ਼ ਗੁਰਸਿੱਖ ਨਿਮਰਤਾ ਤੇ ਨਿਰਮਾਨਤਾ ਦੇ ਪੁੰਜ ਨੌਜ਼ਵਾਨ ਲਵਪ੍ਰੀਤ ਸਿੰਘ ਨੂੰ ਐਨ.ਆਈ.ਏ. ਅਤੇ ਪੁਲਿਸ ਵੱਲੋਂ ਮਾਨਸਿਕ ਤੇ ਸਰੀਰਕ ਤਸੱਦਦ ਹੋਣ ਦੀ ਬਦੌਲਤ ਜੋ ਜ਼ਬਰੀ ਮੌਤ ਦੇ ਮੂੰਹ ਵਿਚ ਧਕੇਲ ਦਿੱਤਾ ਗਿਆ ਹੈ, ਉਸ ਹੋਏ ਵੱਡੇ ਜੁਲਮ ਦੀ ਸਿਟਿੰਗ ਜੱਜ ਤੋਂ ਨਿਰਪੱਖਤਾ ਨਾਲ ਜਾਂਚ ਕਰਵਾਉਣ ਅਤੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਉਣ ਹਿੱਤ ਅਤੇ ਜੋ ਬੀਤੇ ਇਕ ਮਹੀਨੇ ਤੋਂ ਪੰਜਾਬ ਪੁਲਿਸ, ਖੂਫੀਆ ਏਜੰਸੀਆਂ ਵੱਲੋਂ ਸਿੱਖ ਨੌਜ਼ਵਾਨਾਂ ਨੂੰ ਬਿਨ੍ਹਾਂ ਵਜਹ ਨਿਸ਼ਾਨਾਂ ਬਣਾਕੇ ਦਹਿਸਤ ਪਾਉਣ ਲਈ ਥਾਣਿਆਂ ਵਿਚ ਗੈਰ-ਕਾਨੂੰਨੀ ਤਰੀਕੇ ਬੁਲਾਕੇ ਜ਼ਲੀਲ ਕੀਤਾ ਜਾ ਰਿਹਾ ਹੈ, ਉਸ ਨੂੰ ਫੌਰੀ ਬੰਦ ਕਰਨ ਅਤੇ ਪੰਜਾਬ ਦੇ ਮਾਹੌਲ ਨੂੰ ਅਮਨਮਈ ਰੱਖਣ ਲਈ ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਫੇਸ 7 ਵਿਖੇ 10 ਵਜੇ ਮਿਤੀ 27 ਜੁਲਾਈ ਨੂੰ ਇਕੱਤਰ ਹੋ ਕੇ ਅਮਨਮਈ ਮਾਰਚ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ-ਪੱਤਰ ਦਿੱਤਾ ਜਾਵੇਗਾ । ਜਿਸ ਸੰਬੰਧੀ ਇਹ ਫੈਸਲਾ 23 ਜੁਲਾਈ ਨੂੰ ਰੱਤਾ ਖੇੜਾ ਵਿਖੇ ਸਮੁੱਚੀਆਂ ਪੰਥਕ ਜਥੇਬੰਦੀਆਂ ਦੀ ਹੋਈ ਮੀਟਿੰਗ ਵਿਚ ਸਰਬਸੰਮਤੀ ਨਾਲ ਲਿਆ ਗਿਆ ਸੀ।”
ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰੈਸ ਦੇ ਨਾਮ ਪਾਰਟੀ ਦੇ ਮੁੱਖ ਦਫ਼ਤਰ ਤੋਂ ਬਿਆਨ ਜਾਰੀ ਕਰਦੇ ਹੋਏ ਦਿੱਤੀ । ਸ. ਟਿਵਾਣਾ ਨੇ ਕਿਹਾ ਕਿ ਜੋ ਪੰਜਾਬ ਪੁਲਿਸ, ਖੂਫੀਆ ਏਜੰਸੀਆਂ ਅਤੇ ਸਰਕਾਰੀ ਅਮਲੇ-ਫੈਲੇ ਵੱਲੋਂ ਸਿੱਖ ਕੌਮ ਉਤੇ ਫਿਰ ਤੋਂ ਜ਼ਬਰ ਸੁਰੂ ਕਰਨ ਦੀ ਸਾਜਿ਼ਸ ਰਚੀ ਗਈ ਹੈ, ਉਸ ਨੂੰ ਸਮੁੱਚੀਆਂ ਪੰਥਕ ਜਥੇਬੰਦੀਆਂ ਨੇ ਅਤਿ ਗੰਭੀਰਤਾ ਨਾਲ ਲੈਦੇ ਹੋਏ ਸਖਤ ਨੋਟਿਸ ਲੈਕੇ ਉਪਰੋਕਤ ਯਾਦ-ਪੱਤਰ ਦੇਣ ਅਤੇ ਇਸ ਮਸਲੇ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਬੀੜਾ ਚੁੱਕਿਆ ਹੈ। ਜੇਕਰ ਸਰਕਾਰ ਨੇ ਇਸ ਯਾਦ-ਪੱਤਰ ਪ੍ਰਾਪਤ ਕਰਨ ਉਪਰੰਤ ਵੀ ਇਸ ਦਿਸ਼ਾ ਵੱਲ ਕੋਈ ਸੰਤੁਸਟੀਜਨਕ ਕਦਮ ਨਾ ਉਠਾਏ ਤਾਂ ਸਮੁੱਚੀਆਂ ਪੰਥਕ ਜਥੇਬੰਦੀਆਂ ਫਿਰ ਤੋਂ ਇਕੱਤਰ ਹੋ ਕੇ ਅਗਲੇ ਵੱਡੇ ਐਕਸ਼ਨ ਪ੍ਰੋਗਰਾਮ ਲਈ ਵਿਚਾਰ ਕਰਨਗੀਆ ਅਤੇ ਸਰਬਸੰਮਤੀ ਨਾਲ ਫੈਸਲਾ ਲੈਦੇ ਹੋਏ ਅਗਲੇ ਪ੍ਰੋਗਰਾਮ ਦਾ ਐਲਾਨ ਕਰਨਗੀਆ । ਸ. ਟਿਵਾਣਾ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਯਾਦ ਪੱਤਰ ਵਿਚ ਯੂ.ਏ.ਪੀ.ਏ. ਵਰਗੇ ਜ਼ਾਬਰ ਕਾਨੂੰਨ ਜੋ ਮਨੁੱਖੀ ਹੱਕਾਂ ਅਤੇ ਘੱਟ ਗਿਣਤੀ ਕੌਮਾਂ ਦੀ ਅਣਖ-ਗੈਰਤ ਨੂੰ ਸਪੱਸਟ ਰੂਪ ਵਿਚ ਵੰਗਾਰਦਾ ਹੈ, ਉਸ ਨੂੰ ਪੰਜਾਬ ਸਰਕਾਰ ਨੂੰ ਰੱਦ ਕਰਨ ਲਈ ਵੀ ਇਸ ਯਾਦ-ਪੱਤਰ ਵਿਚ ਅਰਜੋਈ ਕੀਤੀ ਗਈ ਹੈ । ਇਸਦੇ ਨਾਲ ਹੀ ਜੇਲ੍ਹਾਂ ਵਿਚ ਬੰਦੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੌਜ਼ਵਾਨਾਂ ਦੀ ਰਿਹਾਈ, ਲਦਾਂਖ ਵਿਖੇ ਸ਼ਹੀਦ ਹੋਏ 5 ਸਿੱਖ ਅਤੇ 1 ਮੁਸਲਿਮ ਫੌਜੀਆਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ ਬਣਦਾ ਮੁਆਵਜਾ ਦੇਣ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਮਿਲਟਰੀ ਸਕੂਲਾਂ ਵਿਚ ਮੁਫ਼ਤ ਤਾਲੀਮ ਪ੍ਰਦਾਨ ਕਰਨ ਅਤੇ ਹੋਰ ਅਹਿਮ ਮਸਲਿਆ ਨੂੰ ਵੀ ਇਸ ਯਾਦ ਪੱਤਰ ਵਿਚ ਸਾਮਿਲ ਕੀਤਾ ਗਿਆ ਹੈ ।
ਸਮੁੱਚੀਆਂ ਪੰਥਕ ਜਥੇਬੰਦੀਆਂ, ਪੰਥ ਦਰਦੀਆਂ, ਬੁੱਧੀਜੀਵੀਆਂ, ਪੀੜ੍ਹਤ ਪਰਿਵਾਰਾਂ, ਨੌਜ਼ਵਾਨਾਂ, ਲਦਾਂਖ ਅਤੇ ਕਾਰਗਿਲ ਵਿਚ ਸ਼ਹੀਦ ਹੋਏ ਪਰਿਵਾਰਾਂ ਅਤੇ ਸਮਾਜ ਤੇ ਮਨੁੱਖਤਾ ਪੱਖੀ ਸੋਚ ਰੱਖਣ ਵਾਲੀਆ ਸਖਸ਼ੀਅਤਾਂ ਨੂੰ 27 ਜੁਲਾਈ ਨੂੰ ਸਵੇਰੇ 10 ਵਜੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਫੇਸ 7 ਵਿਖੇ ਪਹੁੰਚਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਸਮਾਜਿਕ ਅਤੇ ਕੌਮੀ ਫਰਜਾਂ ਦੀ ਪੂਰਤੀ ਕਰਨ ਵਿਚ ਯੋਗਦਾਨ ਪਾਉਣ ਤਾਂ ਕਿ ਸਮੁੱਚੀ ਸਿੱਖ ਕੌਮ ਇਕ ਤਾਕਤ ਹੋ ਕੇ ਹੋਣ ਵਾਲੀਆ ਬੇਇਨਸਾਫ਼ੀਆਂ ਨੂੰ ਖ਼ਤਮ ਕਰਵਾ ਸਕੇ ਅਤੇ ਪੰਜਾਬ ਦੇ ਮਾਹੌਲ ਨੂੰ ਅਮਲੀ ਮਈ ਤੇ ਜਮਹੂਰੀਅਤ ਪੱਖੀ ਰੱਖਿਆ ਜਾ ਸਕੇ ।
ਸ. ਟਿਵਾਣਾ ਨੇ ਇਹ ਵੀ ਇਕ ਵਿਸ਼ੇਸ਼ ਜਾਣਕਾਰੀ ਦਿੱਤੀ ਕਿ ਪੰਜਾਬ ਪੁਲਿਸ ਵੱਲੋਂ ਸਿੱਖ ਨੌਜ਼ਵਾਨੀ ਨੂੰ ਥਾਣਿਆਂ ਵਿਚ ਬੁਲਾਕੇ ਤੰਗ-ਪ੍ਰੇਸ਼ਾਨ ਕਰਨ ਤੇ ਦਹਿਸਤ ਪਾਉਣ ਵਿਰੁੱਧ ਡੀਜੀਪੀ ਪੰਜਾਬ ਦੇ ਨਾਮ ਪੰਜਾਬ ਦੇ ਸਮੁੱਚੇ ਥਾਣਿਆਂ ਵਿਚ ਥਾਣਾ ਇੰਨਚਾਰਜਾਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਮਿਤੀ 28 ਜੁਲਾਈ, ਦਿਨ ਮੰਗਲਵਾਰ ਨੂੰ ਯਾਦ-ਪੱਤਰ ਦਿੱਤੇ ਜਾਣਗੇ ਅਤੇ ਰੋਸ਼ ਪ੍ਰਗਟ ਕੀਤੇ ਜਾਣਗੇ ।
Webmaster
Lakhvir Singh
Shiromani Akali Dal (Amritsar)
9781-222-567