ਐਸ.ਜੀ.ਪੀ.ਸੀ. ਵੱਲੋਂ 40 ਕਰੋੜ ਰੁਪਏ ਦੇ ਘਾਟੇ ਦਾ ਬਜਟ ਪੇਸ਼ ਕਰਨ ਤੋਂ ਇਸ ਸੰਸਥਾਂ ਦੀ ਅਤੇ ਦੋਸ਼ਪੂਰਨ ਪ੍ਰਬੰਧ ਦੀ ਗੱਲ ਖੁਦ ਹੀ ਪ੍ਰਤੱਖ ਹੋ ਜਾਂਦੀ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 01 ਅਪ੍ਰੈਲ ( ) “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿੱਖ ਪਾਰਲੀਮੈਂਟ ਜੋ ਏਸੀਆ ਦੀ ਸਭ ਤੋਂ ਪਹਿਲੀ ਅਤੇ ਪੁਰਾਣੀ ਪਾਰਲੀਮੈਂਟ ਹੈ, ਜਿਸਦੀ ਮੁੱਖ ਜਿ਼ੰਮੇਵਾਰੀ ਇਤਿਹਾਸਿਕ ਗੁਰੂਘਰਾਂ ਦੇ ਪ੍ਰਬੰਧ ਵਿਚ ਪਾਰਦਰਸਤਾਂ ਨੂੰ ਕਾਇਮ ਰੱਖਦੇ ਹੋਏ ਇਨ੍ਹਾਂ ਸਥਾਨਾਂ ਉਤੇ ਆਉਣ-ਜਾਣ ਵਾਲੇ ਸਭ ਕੌਮਾਂ ਤੇ ਧਰਮਾਂ ਨਾਲ ਸੰਬੰਧਤ ਸਰਧਾਲੂਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਪ੍ਰਦਾਨ ਕਰਨ ਦੇ ਨਾਲ-ਨਾਲ ਸਿੱਖ ਧਰਮ ਦਾ ਸਹੀ ਦਿਸ਼ਾ ਵੱਲ ਪ੍ਰਚਾਰ ਤੇ ਪ੍ਰਸਾਰ ਕਰਨਾ, ਕੌਮੀ ਅਣਖ਼-ਗੈਰਤ, ਸਿਧਾਤਾਂ ਅਤੇ ਸੋਚ ਨੂੰ ਹਰ ਕੀਮਤ ਤੇ ਕਾਇਮ ਰੱਖਣਾ ਹੈ । ਪਰ ਬੀਤੇ ਕਈ ਸਾਲਾਂ ਤੋਂ ਇਸ ਕੌਮੀ ਮਹਾਨ ਸੰਸਥਾਂ ਦੇ ਪ੍ਰਬੰਧ ਵਿਚ ਐਨੀਆ ਖਾਮੀਆ ਉਤਪੰਨ ਹੋ ਚੁੱਕੀਆ ਹਨ ਕਿ ਸੰਸਥਾਂ ਦੀ ਵੱਡੀ ਕੌਮੀ ਸ਼ਕਤੀ, ਗੁਰੂਘਰ ਦੀਆਂ ਗੋਲਕਾਂ ਜਿਨ੍ਹਾਂ ਨੂੰ ਗੁਰੂ ਸਾਹਿਬਾਨ ਨੇ ‘ਗੁਰੂ ਕੀ ਗੋਲਕ, ਗਰੀਬ ਦਾ ਮੂੰਹ’ ਨਾਲ ਤਸਬੀਹ ਦੇ ਕੇ ਇਨ੍ਹਾਂ ਗੁਰੂਘਰਾਂ ਦੀ ਆਮਦਨ ਨੂੰ ਸਮੁੱਚੀ ਮਨੁੱਖਤਾ, ਲੋੜਵੰਦਾ, ਮਜ਼ਲੂਮਾਂ, ਬੇਸਹਾਰਿਆ, ਵਿਧਵਾਵਾਂ ਅਤੇ ਦੀਨ ਦੁੱਖੀਆਂ ਦੇ ਜੀਵਨ ਪੱਧਰ ਨੂੰ ਚੰਗੇਰਾਂ ਬਣਾਉਣ ਵਿਚ ਵਰਤੋਂ ਕਰਨ ਲਈ ਸਾਨੂੰ ਸਖਤ ਹਦਾਇਤ ਕੀਤੀ ਹੈ । ਉਨ੍ਹਾਂ ਗੋਲਕਾਂ, ਜ਼ਾਇਦਾਦਾਂ, ਸਾਧਨਾਂ ਦੀ ਦੁਰਵਰਤੋਂ ਸਿਆਸੀ, ਪਰਿਵਾਰਿਕ, ਨਿੱਜੀ ਮੁਫਾਦਾ ਲਈ ਲੰਮੇ ਸਮੇਂ ਤੋਂ ਹੁੰਦੀ ਆ ਰਹੀ ਹੈ । ਜਿਸ ਮਕਸਦ ਦੀ ਪ੍ਰਾਪਤੀ ਲਈ ਇਹ ਸਿੱਖ ਕੌਮ ਦੀ ਪਾਰਲੀਮੈਂਟ ਵੱਡੀਆ ਕੌਮੀ ਕੁਰਬਾਨੀਆ ਉਪਰੰਤ ਹੋਂਦ ਵਿਚ ਆਈ ਸੀ, ਉਸ ਮਕਸਦ ਨੂੰ ਇਸ ਸੰਸਥਾਂ ਉਤੇ ਬੈਠੇ ਮੁੱਖ ਸੇਵਾਦਾਰ, ਅੰਤਰਿੰਗ ਕਮੇਟੀ ਮੈਬਰ ਅਤੇ ਇਨ੍ਹਾਂ ਦੇ ਸਕੱਤਰ, ਮੀਤ ਸਕੱਤਰ ਦੇ ਅਹੁਦਿਆ ਦਾ ਆਨੰਦ ਮਾਣਦੇ ਆ ਰਹੇ ਵੱਡੇ ਪੱਧਰ ਉਤੇ ਦੁਰਵਰਤੋਂ ਕਰਦੇ ਆ ਰਹੇ ਹਨ । ਇਹੀ ਵਜਹ ਹੈ ਕਿ ਅੱਜ ਸਾਡੀ ਇਸ ਕੌਮੀ ਮਹਾਨ ਸੰਸਥਾਂ ਸਿੱਖ ਪਾਰਲੀਮੈਟ ਦੇ ਸਲਾਨਾ ਬਜਟ ਨੂੰ 40 ਕਰੋੜ ਦੇ ਵੱਡੇ ਘਾਟੇ ਵਾਲਾ ਪਾਸ ਕਰਕੇ ਵੀ ਮੁੱਖ ਸੇਵਾਦਾਰ ਅਤੇ ਹੋਰ ਅਹੁਦੇਦਾਰ ਸਾਹਿਬਾਨ ਬਹੁਤ ਵੱਡੀ ਖੁਸ਼ੀ ਦਾ ਇਜਹਾਰ ਕਰ ਰਹੇ ਹਨ । ਜਦੋਂਕਿ ਐਨੇ ਵੱਡੇ ਘਾਟੇ ਦਾ ਬਜਟ ਪਾਸ ਕਰਨ ਲਈ ਇਸ ਸੰਸਥਾਂ ਦੇ ਪ੍ਰਬੰਧਕ ਅਤੇ ਦੋਸ਼ਪੂਰਨ ਪ੍ਰਬੰਧ ਸਿੱਧੇ ਤੌਰ ਤੇ ਜਿ਼ੰਮੇਵਾਰ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਮਾਤਾ ਜਗੀਰ ਕੌਰ ਦੀ ਅਗਵਾਈ ਵਿਚ ਪਾਸ ਕੀਤੇ ਗਏ ਵੱਡੇ ਘਾਟੇ ਵਾਲੇ ਵਿੱਤੀ ਬਜਟ ਉਤੇ ਤਿੱਖਾ ਪ੍ਰਤੀਕਰਮ ਅਤੇ ਉਸ ਲਈ ਇਨ੍ਹਾਂ ਦੇ ਦੋਸ਼ਪੂਰਨ ਪ੍ਰਬੰਧ ਨੂੰ ਜਿ਼ੰਮੇਵਾਰ ਠਹਿਰਾਉਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਜਿਸ ਗੁਰੂ ਦੀ ਗੋਲਕ ਦੀ ਵਰਤੋਂ ਸਮੁੱਚੀ ਮਨੁੱਖਤਾ ਅਤੇ ਸਿੱਖ ਕੌਮ ਦੀ ਬਿਹਤਰੀ, ਪ੍ਰਚਾਰ, ਪ੍ਰਸਾਰ ਲਈ ਹੋਣੀ ਚਾਹੀਦੀ ਹੈ, ਉਸ ਸੰਸਥਾਂ ਦੀ ਮੁੱਖੀ ਮਾਤਾ ਜਗੀਰ ਕੌਰ ਵੱਲੋਂ ਸਮੁੱਚੇ ਪੰਜਾਬ, ਹਰਿਆਣਾ, ਦਿੱਲੀ, ਚੰਡੀਗੜ੍ਹ, ਹਿਮਾਚਲ ਵਿਚ ਵੱਡੀ ਗਿਣਤੀ ਵਿਚ ਆਪਣੀ ਫੋਟੋ ਵਾਲੇ ਵੱਡੇ-ਵੱਡੇ ਫਲੈਕਸ ਲਗਵਾਕੇ ਆਪਣਾ ਹੀ ਪ੍ਰਚਾਰ ਕਰ ਰਹੇ ਹਨ । ਜਦੋਂਕਿ ਗੁਰੂ ਦੀ ਸੋਚ, ਸਿੱਖੀ ਪ੍ਰਚਾਰ ਤੇ ਪ੍ਰਸਾਰ ਵਿਚ ਇਹ ਸੰਸਥਾਂ ਬੁਰੀ ਤਰ੍ਹਾਂ ਪੱਛੜੀ ਪਈ ਹੈ । ਅਜਿਹੇ ਫਲੈਕਸ ਲਗਵਾਕੇ ਕੌਮੀ ਖਜਾਨੇ ਦੀ ਦੁਰਵਰਤੋਂ ਹੀ ਤਾਂ ਕੀਤੀ ਜਾ ਰਹੀ ਹੈ । ਮਾਤਾ ਜਗੀਰ ਕੌਰ ਵੱਲੋਂ ਲਗਵਾਏ ਗਏ ਫਲੈਕਸਾਂ ਉਤੇ ਕੌਮੀ ਖਜਾਨੇ ਵਿਚੋਂ ਕਿੰਨਾ ਖਰਚਾ ਹੋਇਆ ਹੈ, ਉਸਦੀ ਜਾਣਕਾਰੀ ਸਿੱਖ ਕੌਮ ਨੂੰ ਅਵੱਸ ਮਿਲਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਲੰਮੇਂ ਸਮੇਂ ਤੋਂ ਜੋ ਗੁਰੂਘਰ ਦੀਆਂ ਜ਼ਮੀਨਾਂ-ਜ਼ਾਇਦਾਦਾਂ ਹਨ ਅਤੇ ਜਿਨ੍ਹਾਂ ਦਾ ਸਲਾਨਾ ਠੇਕਾ ਪ੍ਰਤੀ ਏਕੜ ਬਜਾਰੂ ਕੀਮਤੇ ਅਨੁਸਾਰ 50 ਹਜ਼ਾਰ ਰੁਪਏ ਹੁੰਦਾ ਹੈ, ਉਨ੍ਹਾਂ ਜ਼ਮੀਨਾਂ ਨੂੰ ਇਨ੍ਹਾਂ ਬਾਦਲਾਂ ਤੇ ਪ੍ਰਬੰਧਕਾਂ ਨੇ ਆਪੋ-ਆਪਣੇ ਚਿਹਤਿਆ, ਰਿਸਤੇਦਾਰਾਂ ਨੂੰ ਨਾਂਮਾਤਰ ਰਕਮਾਂ ਉਤੇ ਠੇਕੇ ਤੇ ਦਿੱਤੀਆ ਹੋਈਆ ਹਨ। ਜੋ ਐਸ.ਜੀ.ਪੀ.ਸੀ. ਦੇ ਵਹੀਕਲਜ ਕਾਰਾਂ, ਟਰੱਕ, ਬੱਸਾਂ ਆਦਿ ਹਨ, ਉਨ੍ਹਾਂ ਦੀ ਦੁਰਵਰਤੋਂ ਬਾਦਲ ਦਲ ਅਤੇ ਇਸ ਸੰਸਥਾਂ ਵਿਚ ਬੈਠੇ ਸਿਆਸੀ ਲੋਕ ਆਪੋ-ਆਪਣੀ ਸਿਆਸੀ ਤਾਕਤ ਨੂੰ ਉਭਾਰਨ, ਸਿਆਸੀ ਰੈਲੀਆ ਨੂੰ ਕਾਮਯਾਬ ਕਰਨ ਲਈ ਨਿਰੰਤਰ ਦੁਰਵਰਤੋਂ ਕਰਦੇ ਆ ਰਹੇ ਹਨ । ਵੱਡੀ ਮਾਤਰਾ ਵਿਚ ਰੋਜ਼ਾਨਾ ਹੀ ਹਜ਼ਾਰਾਂ ਲੀਟਰ ਪੈਟਰੋਲ-ਡੀਜ਼ਲ ਕੌਮੀ ਖਜਾਨੇ ਵਿਚੋਂ ਇਨ੍ਹਾਂ ਗੱਡੀਆਂ ਵਿਚ ਪਵਾਕੇ ਆਪੋ-ਆਪਣੇ ਨਿੱਜੀ, ਸਿਆਸੀ ਤੇ ਪਰਿਵਾਰਿਕ ਕੰਮਾਂ ਲਈ ਦੁਰਵਰਤੋਂ ਹੁੰਦੀ ਆ ਰਹੀ ਹੈ । ਇਥੇ ਹੀ ਬਸ ਨਹੀਂ ਗੁਰੂਘਰ ਦੇ ਸੇਵਾਦਾਰਾਂ, ਮਾਲੀਆ, ਲਾਗਰੀਆ ਨੂੰ ਆਪਣੇ ਘਰਾਂ, ਬੰਗਲਿਆ ਵਿਚ ਲਗਾਇਆ ਹੋਇਆ ਹੈ ਅਤੇ ਤਨਖਾਹਾਂ ਕੌਮੀ ਖਜਾਨੇ ਵਿਚੋਂ ਦਿੱਤੀਆ ਜਾ ਰਹੀਆ ਹਨ । ਇਥੋਂ ਤੱਕ ਕਈ ਸਿਆਸਤਦਾਨਾਂ ਤੇ ਅਹੁਦੇਦਾਰਾਂ ਦੇ ਘਰਾਂ ਵਿਚ ਖੰਡ, ਪੱਤੀ, ਘਿਓ, ਦਾਲਾਂ ਅਤੇ ਹੋਰ ਵਸਤਾਂ ਵੀ ਗੁਰੂਘਰਾਂ ਵਿਚੋਂ ਸਿੱਖੀ ਨਿਯਮਾਂ ਦਾ ਉਲੰਘਣ ਕਰਕੇ ਸਪਲਾਈ ਕੀਤੀ ਜਾ ਰਹੀ ਹੈ । ਗੁਰੂਘਰ ਦੇ ਲੰਗਰਾਂ, ਬਿਜਲਈ ਵਸਤਾਂ ਦੀ ਖਰੀਦੋ-ਫਰੋਖਤ ਕਰਦੇ ਸਮੇਂ ਵੱਡੇ ਘਪਲੇ ਹੁੰਦੇ ਆ ਰਹੇ ਹਨ । ਕੌਮੀ ਖਜਾਨੇ ਦੀ ਦੋਵੇ ਹੱਥੋਂ ਲੁੱਟ ਹੁੰਦੀ ਆ ਰਹੀ ਹੈ । ਇਹੀ ਵਜਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਲਾਪਤਾ ਹੋਏ ਹਨ ਅਤੇ ਸਾਡੇ ਗੁਰੂ ਸਾਹਿਬਾਨ ਦਾ ਅਪਮਾਨ ਹੋਇਆ ਹੈ । ਸੰਬੰਧਤ ਦੋਸ਼ੀਆਂ ਨੂੰ ਬਣਦੀ ਸਜ਼ਾਂ ਦਿਵਾਉਣ ਦੀ ਬਜਾਇ ਖੁਦ ਮੁੱਖ ਸੇਵਾਦਾਰ, ਅੰਤਰਿੰਗ ਕਮੇਟੀ ਮੈਬਰ ਹੀ ਬਚਾਉਣ ਵਿਚ ਲੱਗੇ ਹੋਏ ਹਨ । ਜਦੋਂ ਐਨੇ ਵੱਡੇ ਪੱਧਰ ਤੇ ਗਬਨ, ਰਿਸਵਤਖੋਰੀ ਹੋ ਰਹੀ ਹੈ ਤਾਂ ਬਾਕੀ ਦੇ ਛੋਟੇ ਅਧਿਕਾਰੀ ਕੀ ਕੁਝ ਨਹੀਂ ਕਰਦੇ ਹੋਣਗੇ ਉਸਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ ।
ਇਹ ਕਿੰਨੇ ਦੁੱਖ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਮਾਰਨ ਵਾਲੇ ਅਮਲ ਹੋ ਰਹੇ ਹਨ ਕਿ ਹਰ 5 ਸਾਲ ਬਾਅਦ ਕਾਨੂੰਨੀ ਤੌਰ ਤੇ ਇਹ ਸਿੱਖ ਪਾਰਲੀਮੈਂਟ ਦੀਆਂ ਜੋ ਜਰਨਲ ਚੋਣਾਂ ਸਮੇਂ ਅਨੁਸਾਰ ਹੋਣੀਆ ਚਾਹੀਦੀਆ ਹਨ, ਉਹ 2011 ਤੋਂ ਬਾਅਦ ਚੋਣਾਂ ਹੀ ਨਹੀਂ ਕਰਵਾਈਆ ਜਾ ਰਹੀਆ । ਇਸ ਸੰਸਥਾਂ ਉਤੇ ਜ਼ਬਰੀ ਕਾਬਜ ਹੋਈ ਧਿਰ ਇਹ ਚੋਣਾਂ ਕਰਵਾਉਣ ਤੇ ਸਿੱਖ ਕੌਮ ਨੂੰ ਇਹ ਜਮਹੂਰੀ ਹੱਕ ਪ੍ਰਦਾਨ ਕਰਨ ਲਈ ਕੋਈ ਸੁਹਿਰਦ ਯਤਨ ਨਹੀਂ ਕਰ ਰਹੀ । ਜਿਨ੍ਹਾਂ ਨੇ ਇਹ ਚੋਣ ਕਰਵਾਉਣ ਲਈ ਨੋਟੀਫਿਕੇਸਨ ਜਾਰੀ ਕਰਨਾ ਹੈ ਅਤੇ ਜੋ ਇਸ ਸਮੇਂ ਕਾਬਜ ਹਨ ਇਹ ਦੋਵੇ ਧਿਰਾਂ ਮਤਲਬ “ਚੋਰ ਅਤੇ ………” ਮਿਲੇ ਹੋਏ ਹਨ । ਜੋ ਹੋਰ ਵੀ ਗੈਰ-ਵਿਧਾਨਿਕ ਅਤੇ ਇਨਸਾਨੀ ਕਦਰਾ-ਕੀਮਤਾ ਦਾ ਜਨਾਜ਼ਾਂ ਕੱਢਣ ਵਾਲੇ ਦੁੱਖਦਾਇਕ ਅਮਲ ਹੋ ਰਹੇ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਇਸ ਗੱਲ ਦੀ ਗੰਭੀਰ ਮੰਗ ਕਰਦੀ ਹੈ ਕਿ ‘ਚੋਰ ਅਤੇ ……….’ ਦੇ ਦੋਸਤੀ ਵਾਲੇ ਸਮਾਜ ਵਿਰੋਧੀ ਅਮਲ ਤੋ ਤੋਬਾ ਕਰਕੇ ਸਿੱਖ ਕੌਮ ਦੀਆਂ ਭਾਵਨਾਵਾਂ ਅਤੇ ਵਿਧਾਨਿਕ ਲੀਹਾਂ ਅਨੁਸਾਰ ਤੁਰੰਤ ਇਸ ਸਿੱਖ ਕੌਮ ਦੀ ਪਾਰਲੀਮੈਂਟ ਦੀ ਜਰਨਲ ਚੋਣ ਕਰਵਾਉਣ ਦੇ ਆਦੇਸ਼ ਹੋਣ । ਤਾਂ ਕਿ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਇਸ ਸੰਸਥਾਂ ਵਿਚ ਨੁਮਾਇੰਦੇ ਪਹੁੰਚਕੇ ਇਸਦੇ ਦੋਸ਼ਪੂਰਨ ਪ੍ਰਬੰਧ ਦਾ ਖਾਤਮਾ ਕਰ ਸਕਣ ਸਿੱਖੀ ਪ੍ਰਚਾਰ ਤੇ ਪ੍ਰਸਾਰ ਦੀ ਜਿ਼ੰਮੇਵਾਰੀ ਨਿਭਾਅ ਸਕਣ ।