Verify Party Member
Header
Header
ਤਾਜਾ ਖਬਰਾਂ

ਇੰਡੀਆਂ ਦੇ ਵਿਧਾਨ ਵਿਚ ਸਿੱਖ ਕੌਮ ਦੇ ਹੱਕ-ਹਕੂਕ ਮਹਿਫੂਜ਼ ਨਹੀਂ ਕੀਤੇ ਗਏ, ਇਸ ਲਈ ਸਿੱਖ ਕੌਮ 26 ਜਨਵਰੀ ਕਤਈ ਨਹੀਂ ਮਨਾਏਗੀ : ਮਾਨ

ਇੰਡੀਆਂ ਦੇ ਵਿਧਾਨ ਵਿਚ ਸਿੱਖ ਕੌਮ ਦੇ ਹੱਕ-ਹਕੂਕ ਮਹਿਫੂਜ਼ ਨਹੀਂ ਕੀਤੇ ਗਏ, ਇਸ ਲਈ ਸਿੱਖ ਕੌਮ 26 ਜਨਵਰੀ ਕਤਈ ਨਹੀਂ ਮਨਾਏਗੀ : ਮਾਨ
ਸ. ਹੁਕਮ ਸਿੰਘ ਅਤੇ ਸ. ਭੁਪਿੰਦਰ ਸਿੰਘ ਮਾਨ ਸਿੱਖ ਨੁਮਾਇੰਦਿਆਂ ਨੇ ਇੰਡੀਆਂ ਦੇ ਵਿਧਾਨ ਤੇ ਦਸਤਖ਼ਤ ਨਹੀਂ ਸਨ ਕੀਤੇ

ਫ਼ਤਹਿਗੜ੍ਹ ਸਾਹਿਬ, 23 ਜਨਵਰੀ ( ) “ਇੰਡੀਆਂ ਦੀ ਵਿਧਾਨ ਘਾੜਤਾ ਕਮੇਟੀ ਵਿਚ ਜੋ ਸਿੱਖ ਨੁਮਾਇੰਦੇ ਸ. ਹੁਕਮ ਸਿੰਘ ਅਤੇ ਸ. ਭੁਪਿੰਦਰ ਸਿੰਘ ਮਾਨ ਸਨ, ਉਨ੍ਹਾਂ ਨੇ ਇਸ ਵਿਧਾਨ ਉਤੇ ਇਸ ਕਰਕੇ ਦਸਤਖ਼ਤ ਨਹੀਂ ਸਨ ਕੀਤੇ, ਕਿਉਂਕਿ ਇਸ ਵਿਧਾਨ ਵਿਚ ਸਿੱਖ ਕੌਮ ਦੇ ਹੱਕ-ਹਕੂਕ, ਆਜ਼ਾਦੀ, ਮਾਣ-ਸਨਮਾਨ ਨੂੰ ਮਹਿਫੂਜ਼ ਨਹੀਂ ਸਨ । ਜੋ ਹਿੰਦੂ ਆਗੂਆਂ ਗਾਂਧੀ, ਨਹਿਰੂ ਅਤੇ ਪਟੇਲ ਨੇ ਸਿੱਖ ਕੌਮ ਨਾਲ 1947 ਤੋਂ ਪਹਿਲੇ ਵਾਅਦੇ ਕੀਤੇ ਸਨ ਕਿ ‘ਸਿੱਖ ਕੌਮ ਨੂੰ ਇੰਡੀਆਂ ਦੇ ਉਤਰੀ ਖਿੱਤੇ ਵਿਚ ਇਕ ਅਜਿਹਾ ਆਜ਼ਾਦ ਖਿੱਤਾ ਦਿੱਤਾ ਜਾਵੇਗਾ ਜਿਥੇ ਸਿੱਖ ਕੌਮ ਆਪਣੀ ਆਜ਼ਾਦੀ ਅਤੇ ਆਪਣੇ ਮਾਣ-ਸਨਮਾਨ ਦਾ ਨਿੱਘ ਮਾਣ ਸਕਣਗੇ’। ਇਨ੍ਹਾਂ ਹਿੰਦੂ ਆਗੂਆਂ ਨੇ ਆਪਣੇ ਸਭ ਬਚਨਾਂ, ਕੌਲ-ਇਕਰਾਰਾ ਨੂੰ ਪਿੱਠ ਦੇ ਕੇ ਸਿੱਖ ਕੌਮ ਨਾਲ ਬਹੁਤ ਵੱਡਾ ਧੋਖਾ ਕੀਤਾ। ਇਸ ਵਿਧਾਨ ਦੀ ਧਾਰਾ 25 ਰਾਹੀ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਗਰਦਾਨਿਆ ਗਿਆ । ਸਿੱਖ ਕੌਮ ਦੀ ਵਿਲੱਖਣਤਾ ਵਾਲੀ ਪਹਿਚਾਣ ਨੂੰ ਕਾਇਮ ਰੱਖਣ ਲਈ ਜੋ ਇੰਡੀਆਂ ਦੇ ਵਿਧਾਨ ਵਿਚ ਆਨੰਦ ਮੈਰਿਜ ਐਕਟ ਦਰਜ ਕਰਨਾ ਸੀ, ਉਹ ਨਹੀਂ ਕੀਤਾ ਗਿਆ । ਜੋ ਅੰਗਰੇਜ਼ਾਂ ਸਮੇਂ ਫ਼ੌਜ ਵਿਚ ਸਿੱਖਾਂ ਦੀ ਭਰਤੀ ਦਾ ਕੋਟਾ 33% ਸੀ, ਉਸਨੂੰ ਘਟਾਕੇ ਨਾਮਾਤਰ ਕਰਦੇ ਹੋਏ 2% ਕਰ ਦਿੱਤਾ ਗਿਆ । ਜੋ ਇਨ੍ਹਾਂ ਨੇ 1947 ਤੋਂ ਬਾਅਦ ਇੰਡੀਆਂ ਦਾ ਝੰਡਾ ਬਣਾਇਆ ਉਸ ਵਿਚ ਭਗਵਾ ਰੰਗ ਹਿੰਦੂਆਂ ਦਾ ਰੱਖਿਆ ਗਿਆ, ਚਿੱਟਾ ਰੰਗ ਜੈਨੀਆ ਦਾ ਜੋ ਅਸੋਕ ਚੱਕਰ ਹੈ ਉਹ ਬੁੱਧ ਧਰਮ ਦਾ ਹੈ ਅਤੇ ਹਰਾ ਰੰਗ ਮੁਸਲਮਾਨਾਂ ਦਾ ਰੱਖਿਆ ਗਿਆ । ਇਸ ਝੰਡੇ ਵਿਚ ਸਿੱਖਾਂ ਦੀ ਪਹਿਚਾਣ ਨੂੰ ਕੋਈ ਸਥਾਂਨ ਨਹੀਂ ਦਿੱਤਾ ਗਿਆ, ਬਲਕਿ ਜਾਣਬੁੱਝ ਕੇ ਸਿੱਖ ਕੌਮ ਦੇ ਮਾਣ-ਸਨਮਾਨ ਨੂੰ ਨਜ਼ਰ ਅੰਦਾਜ ਕੀਤਾ ਗਿਆ । ਇਸ ਲਈ ਜਿਸ ਮਕਾਰਤਾ ਭਰੇ ਵਿਧਾਨ ਵਿਚ ਅਤੇ ਇੰਡੀਆਂ ਦੇ ਝੰਡੇ ਵਿਚ ਸਿੱਖ ਕੌਮ ਦਾ ਕੋਈ ਸਥਾਨ ਜਾਂ ਸਤਿਕਾਰ ਹੀ ਨਹੀਂ, ਉਸ 26 ਜਨਵਰੀ 1950 ਲਾਗੂ ਹੋਏ ਉਸ ਵਿਧਾਨ ਜਿਸ ਨੂੰ ਸਿੱਖ ਨੁਮਾਇੰਦਿਆ ਨੇ ਉਸ ਸਮੇਂ ਹੀ ਰੱਦ ਕਰ ਦਿੱਤਾ ਸੀ, ਉਸ ਦਿਨ ਦੇ ਸਮਾਗਮਾਂ ਵਿਚ ਸਿੱਖ ਕੌਮ ਕਤਈ ਸਮੂਲੀਅਤ ਨਹੀਂ ਕਰੇਗੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 26 ਜਨਵਰੀ ਦੇ ਹਿੰਦੂਤਵ ਆਗੂਆਂ ਤੇ ਹਿੰਦੂ ਰਾਸ਼ਟਰ ਵਾਲਿਆਂ ਦੇ ਮਨਾਏ ਜਾ ਰਹੇ ਸਮਾਗਮਾਂ ਸੰਬੰਧੀ ਸਿੱਖ ਕੌਮ ਦਾ ਪੱਖ ਬਾਦਲੀਲ ਢੰਗ ਨਾਲ ਕੌਮਾਂਤਰੀ ਪੱਧਰ ਤੇ ਰੱਖਦੇ ਹੋਏ ਸਮੁੱਚੀ ਸਿੱਖ ਕੌਮ ਦੀ ਇਨ੍ਹਾਂ ਸਮਾਗਮਾਂ ਵਿਚ ਕੋਈ ਸਮੂਲੀਅਤ ਨਾ ਹੋਣ, ਜਿਨ੍ਹਾਂ ਮੁਲਾਜ਼ਮਾਂ ਦੀ ਡਿਊਟੀ ਹੈ, ਉਨ੍ਹਾਂ ਨੂੰ ਕਾਲੀਆ ਪੱਟੀਆ, ਦਸਤਾਰਾ, ਚੁੰਨੀਆ, ਕਾਲੀਆ ਜੁਰਾਬਾਂ ਆਦਿ ਪਹਿਨਕੇ ਇਸ ਦਿਨ ਨੂੰ ਨਾ ਪ੍ਰਵਾਨ ਕਰਨ ਦੇ ਢੰਗ-ਤਰੀਕੇ ਅਪਣਾਉਣ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਥੇ ਹੀ ਬਸ ਨਹੀਂ ਇਨ੍ਹਾਂ ਹਿੰਦੂ ਆਗੂਆਂ ਨੇ ਸਿੱਖ ਕੌਮ ਨਾਲ ਧੋਖੇ-ਫਰੇਬ ਕਰਨ ਵਿਚ ਸਭ ਹੱਦਾਂ ਪਾਰ ਕਰ ਦਿੱਤੀਆ ਹਨ। ਕਿਉਂਕਿ ਗਦਰੀ ਸਿੱਖਾਂ ਨੇ ਬਾਬਾ ਰਾਮ ਸਿੰਘ ਅਤੇ ਉਨ੍ਹਾਂ ਦੇ ਪੈਰੋਕਾਰਾਂ ਨੇ ਅਤੇ ਹੋਰ ਵੱਡੀ ਗਿਣਤੀ ਵਿਚ ਫ਼ਾਂਸੀਆਂ, ਕਾਲੇਪਾਣੀ ਦੀ ਸਜ਼ਾ, ਬਜਬਜਘਾਟ ਉਤਾਰਨ ਵਰਗੀਆ ਵੱਡੀਆਂ ਸਖ਼ਤ ਸਜ਼ਾਵਾਂ ਤੇ ਕੁਰਬਾਨੀਆਂ ਕਰਨ ਵਾਲੀ ਸਿੱਖ ਕੌਮ ਨੇ ਅਜਿਹਾ ਇਸ ਲਈ ਨਹੀਂ ਸੀ ਕੀਤਾ ਕਿ ਹਿੰਦੂ ਆਗੂ ਮਕਾਰਤਾ ਦਾ ਸਹਾਰਾ ਲੈਕੇ, ਅੰਗੇਰਜ਼ਾਂ ਨਾਲ ਸਮਝੋਤੇ ਕਰਕੇ ਆਪਣਾ ਹਿੰਦੂ ਇੰਡੀਆਂ ਵੱਖਰਾ ਮੁਲਕ ਬਣਾ ਲੈਣ ਅਤੇ ਮੁਸਲਿਮ ਆਗੂ ਆਪਣਾ ਵੱਖਰਾ ਮੁਸਲਿਮ ਮੁਲਕ ਪਾਕਿਸਤਾਨ ਬਣਾ ਲੈਣ । ਇਹ ਸ਼ਹੀਦੀਆਂ ਤੇ ਕੁਰਬਾਨੀਆਂ ਇਸ ਲਈ ਦਿੱਤੀਆ ਸਨ ਕਿ ਵੰਡ ਤੋ ਪਹਿਲੇ ਤਿੰਨੇ ਕੌਮਾਂ ਹਿੰਦੂ, ਸਿੱਖ, ਮੁਸਲਿਮ ਕੌਮਾਂ ਦੇ ਆਗੂਆਂ ਨੇ ਇਹ ਸਾਂਝਾ ਫੈਸਲਾ ‘ਫਤਵਾ’ ਦਿੱਤਾ ਸੀ ਕਿ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਜੋ ਇੰਡੀਆਂ ਦਾ ਰਾਜ ਪ੍ਰਬੰਧ ਹੋਵੇਗਾ, ਉਸ ਵਿਚ ਤਿੰਨੇ ਉਪਰੋਕਤ ਕੌਮਾਂ ਦਾ ਬਰਾਬਰਤਾ ਦੇ ਆਧਾਰ ਤੇ ਸਾਂਝਾ ਪ੍ਰਬੰਧ ਹੋਵੇਗਾ ਅਤੇ ਸਾਂਝੇ ਤੌਰ ਤੇ ਤਿੰਨੇ ਕੌਮਾਂ ਨੂੰ ਬਰਾਬਰਤਾ ਦਾ ਮਾਣ-ਸਨਮਾਨ, ਹੱਕ-ਹਕੂਕ ਪ੍ਰਾਪਤ ਹੋਣਗੇ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਉਪਰੋਕਤ ਹਿੰਦੂ ਆਗੂਆਂ ਗਾਂਧੀ, ਨਹਿਰੂ ਅਤੇ ਪਟੇਲ ਨੇ 85-90% ਕੁਰਬਾਨੀਆਂ ਕਰਨ ਵਾਲੀ ਸਿੱਖ ਕੌਮ ਨਾਲ ਧੋਖਾ ਕਰਕੇ ਆਪਣਾ ਹਿੰਦੂਆਂ ਦਾ ਵੱਖਰਾ ਇੰਡੀਆ ਮੁਲਕ ਬਣਾ ਲਿਆ ਅਤੇ ਸ੍ਰੀ ਜਿਨਾਹ ਮੁਸਲਿਮ ਆਗੂ ਨੇ ਵੀ ਧੋਖਾ ਕਰਕੇ ਵੱਖਰਾ ਮੁਲਕ ਪਾਕਿਸਤਾਨ ਬਣਾ ਲਿਆ ।

ਇਸ ਉਪਰੰਤ 1984 ਦਾ ਸਿੱਖ ਕਤਲੇਆਮ ਦਿੱਲੀ, ਬਕਾਰੋ, ਕਾਨਪੁਰ, ਲਖਨਊ ਅਤੇ ਹੋਰ ਬਹੁਤ ਵੱਡੇ ਹਿੱਸਿਆ ਵਿਚ ਹੋਇਆ । ਅੱਜ 33 ਸਾਲ ਬੀਤ ਜਾਣ ਤੱਕ ਵੀ ਸਿੱਖ ਕਤਲੇਆਮ ਦੇ ਕਾਤਲ ਦੋਸ਼ੀਆਂ ਨੂੰ ਕੋਈ ਵੀ ਸਜ਼ਾਵਾਂ ਨਹੀਂ ਦਿੱਤੀਆ ਗਈਆ । ਬਲਕਿ ਉਨ੍ਹਾਂ ਨੂੰ ਕਾਨੂੰਨ ਤੇ ਅਦਾਲਤੀ ਮਾਰ ਤੋਂ ਬਚਾਉਣ ਦੇ ਅਮਲ ਹੋ ਰਹੇ ਹਨ । ਫਿਰ ਬਲਿਊ ਸਟਾਰ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਅਤੇ 36 ਹੋਰ ਇਤਿਹਾਸਿਕ ਗੁਰੂਘਰਾਂ ਉਤੇ ਫ਼ੌਜੀ ਹਮਲਾ ਬੀਜੇਪੀ, ਆਰ.ਐਸ.ਐਸ, ਕਾਂਗਰਸ ਅਤੇ ਹਿੰਦੂਤਵ ਜਮਾਤਾਂ ਨੇ ਸਾਂਝੀ ਸਾਜਿ਼ਸ ਅਧੀਨ ਕੀਤਾ ਅਤੇ ਫਿਰ ਨਿਰਦੋਸ਼ ਸਿੱਖਾਂ ਦਾ ਦੂਸਰੀ ਵਾਰ ਕਤਲੇਆਮ ਕੀਤਾ । ਸਾਡੇ ਤੋਸਾਖਾਨਾ, ਸਿੱਖ ਰੈਫਰੈਸ ਲਾਈਬ੍ਰੇਰੀ ਵਿਚ ਬੇਸ਼ਕੀਮਤੀ ਕੌਮੀ ਦੁਰਲੱਭ ਵਸਤਾਂ, ਇਤਿਹਾਸ ਆਦਿ ਸਭ ਲੁੱਟ ਕੇ ਲੈ ਗਏ ਜੋ ਅਜੇ ਤੱਕ ਸਿੱਖ ਕੌਮ ਨੂੰ ਵਾਪਸ ਨਹੀਂ ਕੀਤਾ ਗਿਆ । ਖ਼ਾਲਸਾ ਰਾਜ ਦੀ ਰਾਜਧਾਨੀ ਪਹਿਲੇ ਲਾਹੌਰ ਸੀ ਅਤੇ ਬਾਅਦ ਵਿਚ ਚੰਡੀਗੜ੍ਹ ਬਣੀ। ਉਸ ਰਾਜਧਾਨੀ ਨੂੰ ਵੀ ਪੰਜਾਬ ਦੇ ਸਪੁਰਦ ਨਹੀਂ ਕੀਤਾ ਜਾ ਰਿਹਾ । ਸਾਡੇ ਪੰਜਾਬੀ ਬੋਲਦੇ ਇਲਾਕੇ, ਨਹਿਰਾਂ ਤੇ ਦਰਿਆਵਾਂ ਦੇ ਕੀਮਤੀ ਪਾਣੀਆਂ, ਬਿਜਲੀ ਪੈਦਾ ਕਰਨ ਵਾਲੇ ਹੈਡਵਰਕਸ ਆਦਿ ਨੂੰ ਗੈਰ-ਕਾਨੂੰਨੀ ਢੰਗ ਨਾਲ ਸੈਂਟਰ ਹਕੂਮਤ ਨੇ ਆਪਣੇ ਕਬਜੇ ਵਿਚ ਰੱਖਿਆ ਹੋਇਆ ਹੈ । ਇਥੋ ਤੱਕ ਸਾਡੇ ਕੀਮਤੀ ਪਾਣੀਆਂ ਅਤੇ ਬਿਜਲੀ ਦੀ ਰਿਅਲਟੀ ਕੀਮਤ ਵੀ ਸਾਨੂੰ ਨਹੀਂ ਦਿੱਤੀ ਜਾ ਰਹੀ । ਇਹ ਸਭ ਬੇਇਨਸਾਫ਼ੀਆਂ ਅੱਜ ਵੀ ਹਿੰਦੂਤਵ ਹੁਕਮਰਾਨਾਂ ਵੱਲੋ ਜਾਰੀ ਹਨ । ਮਰਹੂਮ ਬੇਅੰਤ ਸਿੰਘ, ਭੱਠਲ, ਸ੍ਰੀ ਬਰਾੜ, ਸ. ਬਾਦਲ ਦੀਆਂ ਹਕੂਮਤਾਂ ਪੰਜਾਬ ਵਿਚ ਰਹੀਆ, ਹੁਣ ਕੈਪਟਨ ਅਮਰਿੰਦਰ ਸਿੰਘ ਦੀ ਦੂਸਰੀ ਵਾਰ ਹਕੂਮਤ ਬਣੀ ਹੈ । ਸ. ਬਾਦਲ ਤਿੰਨ ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ, ਪਰ ਕਿਸੇ ਨੇ ਵੀ ਉਪਰੋਕਤ ਸਿੱਖ ਕੌਮ ਨਾਲ ਹੁੰਦੀਆ ਆ ਰਹੀਆ ਬੇਇਨਸਾਫ਼ੀਆਂ ਨੂੰ ਦੂਰ ਕਰਵਾਉਣ ਲਈ ਨਾ ਤਾਂ ਕੋਈ ਉਦਮ ਕੀਤਾ ਅਤੇ ਨਾ ਹੀ ਸਿੱਖ ਕੌਮ ਨੂੰ ਇਨਸਾਫ਼ ਦਿਵਾਉਣ ਦੀ ਜਿੰਮੇਵਾਰੀ ਨਿਭਾਈ ਹੈ ।

ਇਸ ਲਈ ਸਿੱਖ ਕੌਮ ਹਿੰਦੂ ਆਗੂਆਂ ਦੇ ਧੋਖਿਆ ਨਾਲ ਬਣਾਏ ਗਏ ਇੰਡੀਆਂ ਦੀ ਆਜ਼ਾਦੀ ਦੇ ਜ਼ਸਨਾਂ ਵਿਚ ਕਤਈ ਸਮੂਲੀਅਤ ਨਹੀਂ ਕਰੇਗੀ । ਜੋ ਸਿੱਖ ਮੁਲਾਜ਼ਮ ਹਨ ਜਿਨ੍ਹਾਂ ਨੇ ਸਰਕਾਰੀ ਤੌਰ ਤੇ ਡਿਊਟੀਆਂ ਦੇਣੀਆ ਹਨ, ਉਹ ਕਾਲੀ ਦਸਤਾਰ, ਕਾਲੀ ਪੱਟੀ ਬੰਨ੍ਹਕੇ, ਕਾਲੀਆ ਜੁਰਾਬਾਂ ਪਾ ਕੇ ਕਾਲੀ ਚੁੰਨੀ ਲੈਕੇ ਆਦਿ ਢੰਗ ਨਾਲ ਇਸ ਵਿਧਾਨ ਅਤੇ ਹਿੰਦੂਆਂ ਦੇ ਨਿਜਾਮ ਦਾ ਵਿਰੋਧ ਕਰਨ । ਸਿੱਖ ਕੌਮ ਸਟੇਟਲੈਸ ਕੌਮ ਹੈ । ਉਨ੍ਹਾਂ ਦਾ ਇਸ ਮੰਦਭਾਵਨਾ ਭਰੀ ਸੋਚ ਨਾਲ ਬਣਾਏ ਗਏ ਵਿਧਾਨ ਇਥੋ ਦੇ ਮਨੁੱਖੀ ਹੱਕਾਂ ਦਾ ਨਿਰੰਤਰ ਘਾਣ ਕਰਨ ਵਾਲੇ ਪ੍ਰਬੰਧ ਨਾਲ ਕੋਈ ਸੰਬੰਧ ਨਹੀਂ ਅਤੇ ਨਾ ਹੀ ਅਸੀ ਅਜਿਹੇ ਦੋਸ਼ਪੂਰਨ ਪ੍ਰਬੰਧ ਨੂੰ ਅਤੇ ਵਿਤਕਰੇ ਵਾਲੇ ਵਰਤਾਰੇ ਨੂੰ ਪ੍ਰਵਾਨ ਕਰਾਂਗੇ । ਕਿਉਂਕਿ ਸਿੱਖਾਂ ਨੇ ਨਾ ਤਾਂ ਮੁਗਲਾਂ, ਨਾ ਅਫ਼ਗਾਨਾਂ, ਨਾ ਅੰਗਰੇਜ਼ਾਂ ਦੀ ਕਦੀ ਗੁਲਾਮੀ ਨੂੰ ਪ੍ਰਵਾਨ ਕੀਤਾ ਹੈ ਅਤੇ ਨਾ ਹੀ ਮੌਜੂਦਾ ਹਿੰਦੂ ਆਗੂਆਂ ਦੀ ਗੁਲਾਮੀ ਨੂੰ ਪ੍ਰਵਾਨ ਕਰਾਂਗੇ । ਆਪਣੇ ਸਰਬਸਾਂਝੇ ਸਭਨਾਂ ਨੂੰ ਬਰਾਬਰਤਾ ਦੇ ਆਧਾਰ ਤੇ ਹੱਕ-ਹਕੂਕ, ਮਾਣ-ਸਨਮਾਨ ਦੇਣ ਵਾਲਾ ਸਾਫ਼-ਸੁਥਰਾਂ ਰਿਸ਼ਵਤ ਤੋ ਰਹਿਤ ਇਨਸਾਫ਼ ਵਾਲੇ ਰਾਜ ਪ੍ਰਬੰਧ ਨੂੰ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ, ਗੁਜਰਾਤ ਦੇ ਕੱਛ ਵਿਚ ਕਾਇਮ ਕਰਾਂਗੇ । ਹਿੰਦੂਤਵ ਆਗੂਆਂ ਵੱਲੋਂ ਉਪਰੋਕਤ ਸਿੱਖ ਵਸੋਂ ਵਾਲੇ ਇਲਾਕੇ ਨੂੰ ‘ਜੰਗ ਦਾ ਅਖਾੜਾ’ ਬਣਾਉਣ ਦੀ ਕਤਈ ਇਜ਼ਾਜਤ ਨਹੀਂ ਦੇਵਾਂਗੇ। ਕਿਉਂਕਿ ਇਸ ਨਾਲ ਇਥੇ ਵੱਸਣ ਵਾਲੇ ਭਾਵੇ ਉਹ ਸਿੱਖ ਹੋਣ, ਭਾਵੇ ਹਿੰਦੂ, ਭਾਵੇ ਮੁਸਲਮਾਨ, ਭਾਵੇ ਇਸਾਈ ਜਾਂ ਕੋਈ ਹੋਰ ਜੰਗ ਲੱਗਣ ਦੀ ਸੂਰਤ ਵਿਚ ਮਨੁੱਖਤਾ ਦਾ ਨਾਸ ਹੋਵੇਗਾ । ਜਿਸ ਨੂੰ ਅਸੀਂ ਨਹੀਂ ਹੋਣ ਦੇਵਾਂਗੇ ।

About The Author

Related posts

Leave a Reply

Your email address will not be published. Required fields are marked *