Verify Party Member
Header
Header
ਤਾਜਾ ਖਬਰਾਂ

ਇੰਡੀਆਂ ਦੇ ਰੱਖਿਆ ਵਜ਼ੀਰ ਸ੍ਰੀ ਰਾਜਨਾਥ ਸਿੰਘ ਵੱਲੋਂ ਫ਼ੌਜੀ ਜਰਨੈਲਾਂ ਅਤੇ ਅਮਰੀਕਨਾਂ ਨਾਲ ਗੱਲਬਾਤ ਕਰਦੇ ਹੋਏ, ਕਿਸੇ ਇਕ ਵੀ ਸਿੱਖ ਨੁਮਾਇੰਦੇ ਦਾ ਨਾ ਹੋਣਾ ਅਫ਼ਸੋਸਨਾਕ : ਮਾਨ

ਇੰਡੀਆਂ ਦੇ ਰੱਖਿਆ ਵਜ਼ੀਰ ਸ੍ਰੀ ਰਾਜਨਾਥ ਸਿੰਘ ਵੱਲੋਂ ਫ਼ੌਜੀ ਜਰਨੈਲਾਂ ਅਤੇ ਅਮਰੀਕਨਾਂ ਨਾਲ ਗੱਲਬਾਤ ਕਰਦੇ ਹੋਏ, ਕਿਸੇ ਇਕ ਵੀ ਸਿੱਖ ਨੁਮਾਇੰਦੇ ਦਾ ਨਾ ਹੋਣਾ ਅਫ਼ਸੋਸਨਾਕ : ਮਾਨ

ਫ਼ਤਹਿਗੜ੍ਹ ਸਾਹਿਬ, 29 ਅਕਤੂਬਰ ( ) “ਇਤਿਹਾਸ ਇਸ ਗੱਲ ਦੀ ਪ੍ਰਤੱਖ ਗਵਾਹੀ ਭਰਦਾ ਹੈ ਕਿ ਭਾਵੇ ਇੰਡੀਆਂ ਦੀ ਸਰਹੱਦਾਂ ਉਤੇ ਰਾਖੀ ਕਰਨ ਦੀ ਗੱਲ ਹੋਵੇ, ਭਾਵੇ ਸਮੁੱਚੇ ਮੁਲਕ ਨਿਵਾਸੀਆਂ ਦੇ ਢਿੱਡ ਭਰਨ ਦੀ ਗੱਲ ਹੋਵੇ, ਭਾਵੇ ਕੋਈ ਵੱਡੀ ਕੁਦਰਤੀ ਆਫ਼ਤ ਆਉਣ ਤੇ ਮਨੁੱਖਤਾ ਦੀ ਸੇਵਾ ਕਰਨ ਦੀ ਗੱਲ ਹੋਵੇ ਜਾਂ ਇਨਸਾਨੀ ਕਦਰਾ-ਕੀਮਤਾਂ ਨੂੰ ਕਾਇਮ ਰੱਖਣ ਦੀ ਗੱਲ ਹੋਵੇ, ਸਿੱਖ ਕੌਮ ਜੋ ਇੰਡੀਆਂ ਦੀ ਆਬਾਦੀ ਦਾ ਕੇਵਲ 2% ਹਿੱਸਾ ਹੈ, ਉਸ ਵੱਲੋਂ ਹਰ ਖੇਤਰ ਵਿਚ ਮਾਰੀਆ ਗਈਆ ਫਖ਼ਰ ਵਾਲੀਆ ਮੱਲ੍ਹਾ 80-85% ਹੈ ਅਤੇ ਕਦੇ ਵੀ ਵੱਡੇ ਤੋਂ ਵੱਡਾ ਔਖਾ ਸਮਾਂ ਆਉਣ ਤੇ ਸਿੱਖ ਕੌਮ ਨੇ ਮੋਹਰਲੀਆ ਕਤਾਰਾ ਵਿਚ ਹੋ ਕੇ ਭੂਮਿਕਾ ਨਿਭਾਉਦੀ ਆ ਰਹੀ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਹੁਣ ਤੱਕ ਦੀਆਂ ਇੰਡੀਆਂ ਦੀ ਸੈਂਟਰ ਹਕੂਮਤ ਤੇ ਕਾਬਜ ਰਹਿਣ ਵਾਲੀਆ ਪਾਰਟੀਆਂ ਜਾਂ ਸਿਆਸੀ ਆਗੂਆਂ ਨੇ ਸਿੱਖ ਕੌਮ ਨੂੰ ਨਾ ਤਾਂ ਬਣਦਾ ਮਾਣ-ਸਤਿਕਾਰ ਪ੍ਰਦਾਨ ਕੀਤਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾ ਰਿਹਾ ਹੈ । ਹੁਣੇ ਹੀ ਇੰਡੀਆਂ ਦੇ ਰੱਖਿਆ ਵਜ਼ੀਰ ਸ੍ਰੀ ਰਾਜਨਾਥ ਸਿੰਘ ਇੰਡੀਆ ਦੇ ਫ਼ੌਜੀ ਜਰਨੈਲਾਂ ਨਾਲ ਮੁਲਾਕਾਤ ਕਰ ਰਹੇ ਹਨ ਅਤੇ ਇਨ੍ਹੀ ਦਿਨੀਂ ਹੀ ਅਮਰੀਕਨਾਂ ਤੇ ਇਨ੍ਹਾਂ ਹਿੰਦੂਤਵ ਮੁਤੱਸਵੀ ਆਗੂਆਂ ਦੀ ਮੁਲਾਕਾਤ ਹੋ ਰਹੀ ਹੈ । ਪਰ ਇਨ੍ਹਾਂ ਦੋਵਾਂ ਮੁਲਾਕਾਤਾਂ ਵਿਚ ਕਿਸੇ ਵੀ ਫ਼ੌਜੀ ਸਿੱਖ ਜਰਨੈਲ ਜਾਂ ਸਿੱਖ ਸਖਸ਼ੀਅਤ ਦੀ ਸਮੂਲੀਅਤ ਨਾ ਹੋਣ ਦੇ ਅਮਲ ਅਤਿ ਅਫ਼ਸੋਸਨਾਕ ਅਤੇ ਵੱਡੇ ਵਿਤਕਰੇ ਵਾਲੇ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਰਾਜਨਾਥ ਸਿੰਘ ਰੱਖਿਆ ਵਜ਼ੀਰ ਦੀ ਫ਼ੌਜੀ ਜਰਨੈਲਾਂ ਨਾਲ ਅਤੇ ਅਮਰੀਕਨਾਂ ਨਾਲ ਵਿਦੇਸ਼ ਵਜ਼ੀਰ ਸ੍ਰੀ ਜੈਸੰਕਰ ਵਿਚਕਾਰ ਹੋਣ ਵਾਲੀਆ ਮੁਲਾਕਾਤਾਂ ਦੌਰਾਨ ਕਿਸੇ ਵੀ ਸਿੱਖ ਸਖਸ਼ੀਅਤ ਜਾਂ ਸਿੱਖ ਜਰਨੈਲ ਦੀ ਸਮੂਲੀਅਤ ਨਾ ਹੋਣ ਉਤੇ ਗਹਿਰਾ ਅਫ਼ਸੋਸ ਪ੍ਰਗਟ ਕਰਦੇ ਹੋਏ ਅਤੇ ਹਿੰਦੂਤਵ ਹੁਕਮਰਾਨਾਂ ਦੀਆਂ ਸਿੱਖ ਕੌਮ ਵਿਰੋਧੀ ਨੀਤੀਆਂ ਤੇ ਅਮਲਾਂ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਨ੍ਹਾਂ ਹੁਕਮਰਾਨਾਂ ਅਤੇ ਸਿਆਸਤਦਾਨਾਂ ਨੂੰ ਕੌਮਾਂਤਰੀ ਚੌਰਾਹੇ ਵਿਚ ਸਵਾਲ ਕਰਦੇ ਹੋਏ ਕਿਹਾ ਕਿ ਜਿਸ ਇੰਡੀਆਂ ਅਤੇ ਮੁਤੱਸਵੀ ਹੁਕਮਰਾਨਾਂ ਦੀ ਉਹ ਅਕਸਰ ਗੱਲ ਕਰਦੇ ਆ ਰਹੇ ਹਨ, ਉਨ੍ਹਾਂ ਵੱਲੋਂ ਅਜਿਹੀਆ ਮਹੱਤਵਪੂਰਨ ਕੌਮਾਂਤਰੀ ਅਤੇ ਫ਼ੌਜੀ ਪੱਧਰ ਦੀਆਂ ਮੀਟਿੰਗਾਂ ਵਿਚ ਸਿੱਖ ਸਖਸ਼ੀਅਤਾਂ ਕਿਉਂ ਨਹੀਂ ਨਜ਼ਰ ਆ ਰਹੀਆ ਅਤੇ ਉਨ੍ਹਾਂ ਨੂੰ ਅਜਿਹੇ ਮੌਕਿਆਂ ਤੇ ਸਾਮਿਲ ਕਿਉਂ ਨਹੀਂ ਕੀਤਾ ਜਾਂਦਾ ? ਸ. ਮਾਨ ਨੇ ਇਕ ਹੋਰ ਤਾਜ਼ਾਂ ਅਮਲ ਦੀ ਗੱਲ ਕਰਦੇ ਹੋਏ ਕਿਹਾ ਕਿ ਇੰਡੀਆਂ ਦੇ ਵਿਦੇਸ਼ ਸਕੱਤਰ ਸ੍ਰੀ ਹਰਸ ਵਰਧਨ ਸਰਿੰਗਲਾ ਫ਼ਰਾਂਸ, ਜਰਮਨ ਅਤੇ ਯੂ.ਕੇ. ਦੇ ਇਕ ਹਫਤੇ ਦੇ ਦੌਰੇ ਤੇ ਜਾ ਰਹੇ ਹਨ । ਕੀ ਜਿਨ੍ਹਾਂ ਦਸਤਾਰ ਵਾਲੇ ਸਿੱਖ ਫ਼ੌਜਾਂ ਨੇ ਸੰਸਾਰ ਦੀ ਪਹਿਲੀ ਤੇ ਦੂਜੀ ਜੰਗ ਵਿਚ ਫ਼ਰਾਂਸ ਨੂੰ ਜਰਮਨ ਤੋਂ ਆਜ਼ਾਦ ਕਰਵਾਇਆ ਸੀ, ਉਹ ਫ਼ਰਾਂਸ ਮੁਲਕ ਆਪਣੇ-ਆਪ ਨੂੰ ਧਰਮ ਨਿਰਪੱਖ ਪ੍ਰਵਾਨ ਕਰਦਾ ਹੈ । ਲੇਕਿਨ ਫ਼ਰਾਂਸ ਦੇ ਪ੍ਰੈਜੀਡੈਟ, ਪਾਰਲੀਮੈਂਟ ਮੈਂਬਰ ਅਤੇ ਹੋਰ ਵੱਡੇ ਅਫ਼ਸਰ ਸਭ ਨੈਕਟਾਈ ਪਹਿਨਦੇ ਹਨ, ਜੋ ਕਿ ਇਸਾਈਆਂ ਦਾ ਧਾਰਮਿਕ ਚਿੰਨ੍ਹ ਹੈ । ਜਿਸਨੇ ਸਿੱਖ ਕੌਮ ਦੀ ਧਾਰਮਿਕ ਚਿੰਨ੍ਹ ਦਸਤਾਰ ਉਤੇ ਕਾਨੂੰਨੀ ਪਾਬੰਦੀ ਲਗਾਈ ਹੋਈ ਹੈ । ਜੇਕਰ ਉਹ ਆਪਣੇ-ਆਪ ਨੂੰ ਧਰਮ ਨਿਰਪੱਖ ਪ੍ਰਵਾਨ ਕਰਦੇ ਹਨ, ਫਿਰ ਉਹ ਆਪਣੇ ਇਸਾਈਆ ਦੇ ਧਾਰਮਿਕ ਚਿੰਨ੍ਹ ਨੈਕਟਾਈ ਕਿਉਂ ਪਹਿਨਦੇ ਹਨ ? ਕੀ ਸ੍ਰੀ ਹਰਸ ਵਰਧਨ ਸਰਿੰਗਲਾ ਉਥੇ ਪਹੁੰਚਕੇ ਸਿੱਖ ਕੌਮ ਦੇ ਇਸ ਕੌਮੀ ਤੇ ਧਾਰਮਿਕ ਦਸਤਾਰ ਦੇ ਮੁੱਦੇ ਉਤੇ ਗੰਭੀਰਤਾ ਤੇ ਦ੍ਰਿੜਤਾ ਨਾਲ ਗੱਲ ਕਰਕੇ ਸਿੱਖ ਕੌਮ ਦੀ ਇਸ ਅਣਖ਼-ਇੱਜ਼ਤ ਦੀ ਨਿਸ਼ਾਨੀ ਦੇ ਮਾਣ-ਸਨਮਾਨ ਨੂੰ ਬਹਾਲ ਕਰਵਾਉਣ ਦੀ ਜਿ਼ੰਮੇਵਾਰੀ ਨਿਭਾਉਣਗੇ ? ਸਾਨੂੰ ਇਸ ਗੱਲ ਦਾ ਵੀ ਗਹਿਰਾ ਦੁੱਖ ਹੈ ਕਿ ਸ੍ਰੀ ਹਰਸ ਵਰਧਨ ਸਰਿੰਗਲਾ ਉਸ ਨੈਕਟਾਈ ਨੂੰ ਪਹਿਨਕੇ ਜਾ ਰਹੇ ਹਨ, ਜਿਸ ਨੂੰ ਇਸਾਈਆਂ ਦੇ ਈਸਾ ਮਸੀਹ ਨੂੰ ਸੂਲੀ ਤੇ ਟੰਗਣ ਦੇ ਚਿੰਨ੍ਹ ਵੱਜੋਂ ਵੇਖਿਆ ਜਾਂਦਾ ਹੈ । ਕਿਉਂਕਿ ਇਸਾਈ ਇਹ ਨੈਕਟਾਈ ਉਪਰੋਕਤ ਪੈਗੰਬਰ ਦੀ ਯਾਦ ਵਿਚ ਹੀ ਪਹਿਨਦੇ ਹਨ । ਫਿਰ ਸ੍ਰੀ ਹਰਸ ਵਰਧਨ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਜਰਾਇਲ ਦੇ ਮੁਸਲਮਾਨ ਅਤੇ ਹੋਰ ਮੁਲਕਾਂ ਦੇ ਮੁਸਲਮਾਨ ਕਦੀ ਵੀ ਨੈਕਟਾਈ ਨਹੀਂ ਪਹਿਨਦੇ ਕਿਉਂਕਿ ਇਹ ਇਸਾਈਆ ਦੀ ਧਾਰਮਿਕ ਨਿਸ਼ਾਨੀ ਹੈ ।

ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਜੋ ਇੰਡੀਆਂ ਦੀ ਆਈ.ਬੀ. ਅਤੇ ਰਾਅ ਦੀਆਂ ਏਜੰਸੀਆਂ ਹਨ, ਇਨ੍ਹਾਂ ਦੀ ਜਿ਼ੰਮੇਵਾਰੀ ਦੂਸਰੇ ਮੁਲਕਾਂ ਵਿਚ ਕੌਮਾਂਤਰੀ ਪੱਧਰ ਦੀਆਂ ਸਭ ਅਗਾਊ ਸੂਚਨਾਵਾਂ ਅਤੇ ਸੰਕੇਤ ਇੰਡੀਆਂ ਹੁਕਮਰਾਨਾਂ ਨੂੰ ਦੇਣਾ ਹੈ । ਲੇਕਿਨ ਆਈ.ਬੀ. ਅਤੇ ਰਾਅ ਦੇ ਅਫ਼ਸਰ ਅਕਸਰ ਹੀ ਬਾਹਰਲੇ ਮੁਲਕਾਂ ਦੇ ਗੁਰੂਘਰਾਂ ਵਿਚ ਬੈਠਕੇ ਉਥੋਂ ਸੂਚਨਾਂ ਪ੍ਰਾਪਤ ਕਰਕੇ ਆਪਣੀ ਜਿ਼ੰਮੇਵਾਰੀ ਪੂਰੀ ਕਰ ਦਿੰਦੇ ਹਨ । ਇਹੀ ਵਜਹ ਹੈ ਕਿ ਉਪਰੋਕਤ ਦੋਵੇ ਏਜੰਸੀਆਂ ਚੀਨ ਵੱਲੋਂ ਲਦਾਂਖ ਜਿਸਨੂੰ 1834 ਵਿਚ ਲਾਹੌਰ ਖ਼ਾਲਸਾ ਦਰਬਾਰ ਦੀਆਂ ਫ਼ੌਜਾਂ ਨੇ ਫ਼ਤਹਿ ਕਰਕੇ ਆਪਣੇ ਖ਼ਾਲਸਾ ਰਾਜ ਵਿਚ ਸਾਮਿਲ ਕੀਤਾ ਸੀ, ਉਸ ਲਦਾਂਖ ਉਤੇ ਦੋ ਵਾਰੀ ਚੀਨ ਵੱਲੋਂ ਹੋ ਚੁੱਕੇ ਹਮਲਿਆ ਦੀ ਜਾਣਕਾਰੀ ਕਿਉਂ ਨਾ ਦਿੱਤੀ ?  ਦੂਸਰੇ ਪਾਸੇ ਰਾਅ ਦੀ ਏਜੰਸੀ ਨੇ ਜਰਮਨ ਵਿਚ ਇਕ ਆਮ ਸਧਾਰਨ ਸਿੱਖ ਨੂੰ ਪਟਾਕੇ ਉਸ ਤੋਂ ਜਰਮਨ ਹੁਕਮਰਾਨਾਂ ਦੀ ਜਾਣਕਾਰੀ ਇਕੱਤਰ ਕਰਦੇ ਸਨ, ਜਿਸ ਨੂੰ ਪਤਾ ਲੱਗਣ ਤੇ ਜਰਮਨ ਦੀ ਖੂਫੀਆ ਏਜੰਸੀ ਨੇ ਫੜਕੇ ਕੈਦ ਕਰਵਾ ਦਿੱਤਾ ਸੀ। ਕਿਸੇ ਮੁਲਕ ਵਿਚ ਅਫਰਾ-ਤਫਰੀ ਫੈਲਾਉਣ ਜਾਂ ਉਨ੍ਹਾਂ ਦੀਆਂ ਗੁਪਤ ਸੂਚਨਾਵਾਂ ਭੇਜਣ ਦੀ ਹਰਕਤ ਨਹੀਂ ਸੀ ਕਰਨੀ ਚਾਹੀਦੀ । ਇਥੇ ਇਹ ਵੀ ਜਾਣਕਾਰੀ ਦੇਣਾ ਅਸੀਂ ਆਪਣਾ ਫਰਜ ਸਮਝਦੇ ਹਾਂ ਕਿ ਜਦੋਂ 25 ਮਾਰਚ 2020 ਨੂੰ ਅਫ਼ਗਾਨੀਸਤਾਨ ਦੇ ਕਾਬਲ ਦੇ ਗੁਰੂਘਰ ਵਿਚ 25 ਨਿਰਦੋਸ਼ ਸਿੱਖਾਂ ਨੂੰ ਇਸਲਾਮਿਕ ਸਟੇਟ ਨੇ ਕਤਲ ਕਰ ਦਿੱਤਾ ਸੀ, ਤਾਂ ਇਨ੍ਹਾਂ ਦੀਆਂ ਉਪਰੋਕਤ ਰਾਅ ਤੇ ਆਈ.ਬੀ. ਦੀਆਂ ਖੂਫੀਆ ਏਜੰਸੀਆਂ ਨੇ ਇੰਡੀਆਂ ਦੀ ਸਰਕਾਰ ਨੂੰ ਇਸ ਹੋਣ ਵਾਲੀ ਘਟਨਾ ਦੀ ਕੋਈ ਅਗਾਊ ਇਤਲਾਹ ਨਹੀਂ ਸੀ ਦਿੱਤੀ । ਫਿਰ ਅਜਿਹੀਆ ਖੂਫੀਆ ਏਜੰਸੀਆਂ ਕੀ ਦੂਸਰੇ ਮੁਲਕਾਂ ਵਿਚ ਅਫਰਾ-ਤਫਰੀ ਫੈਲਾਉਣ ਜਾਂ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਦੀਆਂ ਧਾਰਮਿਕ, ਸਿਆਸੀ ਗਤੀਵਿਧੀਆਂ ਦੀ ਜਾਣਕਾਰੀ ਦੇਣ ਜਾਂ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਣ ਲਈ ਰੱਖੀਆ ਹੋਈਆ ਹਨ ?

ਸਾਨੂੰ ਆਪਣੇ ਬਰਤਾਨੀਆ ਦੇ ਅਤਿ ਭਰੋਸੇਯੋਗ ਵਸੀਲਿਆ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਇੰਡੀਆਂ ਦੀਆਂ ਖੂਫੀਆ ਏਜੰਸੀਆਂ ਬਰਤਾਨੀਆ ਵਿਚ ਵੱਸਣ ਵਾਲੇ ਉਨ੍ਹਾਂ ਸਿੱਖਾਂ ਜੋ ਉਥੋਂ ਦੇ ਨਾਗਰਿਕ ਹਨ, ਉਨ੍ਹਾਂ ਦੇ ਘਰਾਂ-ਕਾਰੋਬਾਰਾਂ ਦੇ ਪਤਿਆ ਦੀ ਜਾਣਕਾਰੀ ਅਤੇ ਹੋਰ ਸੂਚਨਾਵਾਂ ਇਕੱਠੀਆਂ ਕਰ ਰਹੇ ਹਨ । ਜੋ ਉਨ੍ਹਾਂ ਦੀ ਨਿੱਜੀ ਜਿੰਦਗੀ ਵਿਚ ਦਖਲ ਦੇਣ ਜਾਂ ਉਨ੍ਹਾਂ ਨੂੰ ਪ੍ਰੇਸ਼ਾਨੀ ਵਿਚ ਪਾਉਣ ਦੀਆਂ ਗੈਰ-ਵਿਧਾਨਿਕ ਅਤੇ ਕੌਮਾਂਤਰੀ ਨਿਯਮਾਂ ਦੀ ਉਲੰਘਣਾ ਕਰਨ ਵਾਲੀਆ ਕਾਰਵਾਈਆ ਹਨ । ਅਜਿਹੇ ਅਮਲ ਯੂਰਪ ਦੇ ਦੂਸਰੇ ਮੁਲਕਾਂ ਵਿਚ ਵੀ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਇਸ ਲਈ ਅਸੀਂ ਆਪਣੀ ਪਾਰਟੀ ਦੇ ਯੂਰਪ ਦੇ ਪ੍ਰਧਾਨ ਸ. ਚੈਨ ਸਿੰਘ ਅਤੇ ਬਰਤਾਨੀਆ ਦੇ ਪਾਰਟੀ ਚੇਅਰਮੈਨ ਸ. ਗੁਰਦਿਆਲ ਸਿੰਘ ਅਟਵਾਲ ਨੂੰ ਇਹ ਬੇਨਤੀ ਕਰਨੀ ਚਾਹਵਾਂਗੇ ਕਿ ਉਹ ਸ੍ਰੀ ਹਰਸ ਵਰਧਨ ਸਰਿੰਗਲਾ ਵਿਦੇਸ਼ ਸਕੱਤਰ ਦੇ ਇੱਥੇ ਪਹੁੰਚਣ ਤੇ ਬਰਤਾਨੀਆ ਅਤੇ ਯੂਰਪ ਵਿਚ ਸਿੱਖ ਕੌਮ ਦੇ ਬਣ ਰਹੇ ਹਾਲਾਤਾਂ ਬਾਰੇ ਸੰਜ਼ੀਦਗੀ ਨਾਲ ਗੱਲ ਕਰਨ । ਤਾਂ ਕਿ ਸਾਨੂੰ ਸਿੱਖ ਕੌਮ ਨੂੰ ਇਹ ਜਾਣਕਾਰੀ ਮਿਲ ਸਕੇ ਕਿ ਉਹ ਬਰਤਾਨੀਆ ਤੇ ਯੂਰਪ ਦੇ ਸਿੱਖਾਂ ਦੀ ਜਾਣਕਾਰੀ ਦੀ ਇਤਲਾਹ ਕਿਉਂ ਇਕੱਤਰ ਕਰ ਰਹੇ ਹਨ ਅਤੇ ਇਸਦੇ ਪਿੱਛੇ ਕੀ ਸਿਆਸੀ ਜਾਂ ਭੂਗੋਲਿਕ ਵਜ੍ਹਾ ਹੈ ?

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *