ਅਸੀਂ ਸਿੱਖ ਕੌਮ ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਜਾਰੀ ਹੁਕਮਾਂ ਉਤੇ ਦ੍ਰਿੜਤਾ ਨਾਲ ਪਹਿਰਾ ਦਿੱਤਾ : ਮਾਨ
ਫ਼ਤਹਿਗੜ੍ਹ ਸਾਹਿਬ, 29 ਮਈ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਸਮੁੱਚੀ ਸਿੱਖ ਕੌਮ ਦੀ ਇਸ ਗੱਲੋਂ ਤਹਿ ਦਿਲੋਂ ਧੰਨਵਾਦੀ ਹੈ ਜਿਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਆਏ ਉਨ੍ਹਾਂ ਹੁਕਮਾਂ ਕਿ ਕੋਈ ਵੀ ਸਿੱਖ ਕੌਮ ਦੇ ਕਾਤਲ ਕੇ.ਪੀ.ਐਸ. ਗਿੱਲ ਦੇ ਸੰਸਕਾਰ ਤੇ ਨਾ ਪਹੁੰਚੇ, ਉਤੇ ਪੂਰਨ ਰੂਪ ਵਿਚ ਇਮਾਨਦਾਰੀ ਤੇ ਦ੍ਰਿੜਤਾ ਨਾਲ ਪਹਿਰਾ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਰਬੱਤ ਖ਼ਾਲਸਾ ਦੇ ਸਤਿਕਾਰ-ਮਾਣ ਨੂੰ ਕਾਇਮ ਰੱਖਿਆ ਹੈ । ਭਾਵੇ ਕਿ ਹਿੰਦੂਤਵ ਅਖ਼ਬਾਰਾਂ ਅਤੇ ਮੀਡੀਏ ਨੇ ਆਪਣਾ ਪੂਰਾ ਟਿੱਲ ਲਗਾਇਆ ਕਿ ਸਿੱਖ ਕੌਮ ਦੇ ਕਾਤਲ ਕੇ.ਪੀ.ਐਸ. ਗਿੱਲ ਦੇ ਸੰਸਕਾਰ ਤੇ ਸਿੱਖ ਪਹੁੰਚਣ । ਪਰ ਕੋਈ ਵੀ ਸਿੱਖ ਨਾ ਪਹੁੰਚਿਆ ਇਹ ਸਿੱਖ ਕੌਮ ਦੀ ਫ਼ਤਹਿ ਦੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਦਾ ਪ੍ਰਤੱਖ ਸਬੂਤ ਹੈ । ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ੍ਰ਼ੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੀ ਸਿੱਖ ਕੌਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਅੱਗੇ ਚੱਲਕੇ ਕਿਹਾ ਕਿ ਸਿੰਘ ਸਾਹਿਬਾਨ ਨੇ ਇਹ ਵੀ ਹੁਕਮ ਕੀਤਾ ਹੈ ਕਿ ਕੋਈ ਵੀ ਸਿੱਖ ਰਾਗੀ, ਢਾਡੀ, ਅਰਦਾਸੀਆ, ਪ੍ਰਚਾਰਕ ਆਦਿ ਕੇ.ਪੀ.ਐਸ. ਗਿੱਲ ਦੇ ਭੋਗ ਰਸਮ ਵਿਚ ਹਾਜ਼ਰੀ ਨਾ ਭਰੇ । ਕਿਉਂਕਿ ਕੇ.ਪੀ.ਐਸ. ਗਿੱਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖਾਹੀਆ ਕਰਾਰ ਦਿੱਤਾ ਹੋਇਆ ਹੈ ਅਤੇ ਉਸ ਨੂੰ ਖ਼ਾਲਸਾ ਪੰਥ ਵਿਚੋਂ ਛੇਕਿਆ ਹੋਇਆ ਹੈ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸਮੁੱਚੀ ਸਿੱਖ ਕੌਮ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਸ ਅਗਲੇਰੇ ਕੇ.ਪੀ.ਐਸ. ਗਿੱਲ ਦੇ ਭੋਗ ਸੰਬੰਧੀ ਕੀਤੇ ਗਏ ਹੁਕਮਾਂ ਤੇ ਵੀ ਇਸੇ ਤਰ੍ਹਾਂ ਦ੍ਰਿੜਤਾ ਨਾਲ ਪਹਿਰਾ ਦੇਵੇਗੀ ।”