Verify Party Member
Header
Header
ਤਾਜਾ ਖਬਰਾਂ

ਅਯੁੱਧਿਆ ਵਿਖੇ ਬਾਬਰੀ ਮਸਜਿ਼ਦ ਦੇ ਗੰਭੀਰ ਮੁੱਦੇ ਲਈ ਸੁਪਰੀਮ ਕੋਰਟ ਦੇ ਮੁੱਖ ਜੱਜ ਸ੍ਰੀ ਗੰਗੋਈ ਨੂੰ ਬਲੈਕਮੇਲ ਕਰਕੇ ਰਾਮ-ਮੰਦਰ ਦੇ ਹੱਕ ਵਿਚ ਫੈਸਲਾ ਕਰਵਾਇਆ ਗਿਆ : ਮਾਨ

ਅਯੁੱਧਿਆ ਵਿਖੇ ਬਾਬਰੀ ਮਸਜਿ਼ਦ ਦੇ ਗੰਭੀਰ ਮੁੱਦੇ ਲਈ ਸੁਪਰੀਮ ਕੋਰਟ ਦੇ ਮੁੱਖ ਜੱਜ ਸ੍ਰੀ ਗੰਗੋਈ ਨੂੰ ਬਲੈਕਮੇਲ ਕਰਕੇ ਰਾਮ-ਮੰਦਰ ਦੇ ਹੱਕ ਵਿਚ ਫੈਸਲਾ ਕਰਵਾਇਆ ਗਿਆ : ਮਾਨ

ਫ਼ਤਹਿਗੜ੍ਹ ਸਾਹਿਬ, 22 ਜੁਲਾਈ ( ) “1992 ਵਿਚ ਅਯੁੱਧਿਆ ਵਿਖੇ ਮੁਸਲਿਮ ਕੌਮ ਦੀ ਬਾਬਰੀ ਮਸਜਿ਼ਦ ਨੂੰ ਹੁਕਮਰਾਨਾਂ ਅਤੇ ਬਹੁਗਿਣਤੀ ਵੱਲੋਂ ਮੰਦਭਾਵਨਾ ਅਧੀਨ ਗਿਰਾਉਣ ਲਈ ਉਸ ਸਮੇਂ ਦੇ ਬੀਜੇਪੀ ਦੇ ਆਗੂ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਦੀ ਅਗਵਾਈ ਵਿਚ ਸਮੁੱਚੀ ਬੀਜੇਪੀ ਲੀਡਰਸਿ਼ਪ, ਫਿਰਕੂ ਸੰਗਠਨਾਂ ਅਤੇ ਵੱਡੀ ਗਿਣਤੀ ਵਿਚ ਬਹੁਗਿਣਤੀ ਨਾਲ ਸੰਬੰਧਤ ਲੋਕਾਂ ਨੇ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਦੇ ਹੋਏ ਗੈਤੀਆਂ, ਹਥੌੜਿਆਂ ਨਾਲ ਲੈਸ ਹੋ ਕੇ ਹੱਲਾ ਬੋਲ ਦਿੱਤਾ ਅਤੇ ਮੁਸਲਿਮ ਕੌਮ ਦੇ ਵੱਡੇ ਧਾਰਮਿਕ ਸਥਾਂਨ ਨੂੰ ਗਿਰਾਉਣ ਦੇ ਨਾਲ-ਨਾਲ ਮੁਸਲਿਮ ਮਨਾਂ ਅਤੇ ਆਤਮਾਵਾਂ ਨੂੰ ਵੀ ਡੂੰਘੀ ਠੇਸ ਪਹੁੰਚਾਈ ਗਈ । ਬਹੁਤ ਦੁੱਖ ਅਤੇ ਅਫ਼ਸੋਸ ਵਾਲੇ ਇਹ ਅਮਲ ਹੋਏ ਕਿ ਉਸ ਸਮੇਂ ਦੇ ਇੰਡੀਆਂ ਦੇ ਵਜ਼ੀਰ-ਏ-ਆਜ਼ਮ ਜੋ ਕਾਂਗਰਸ ਜਮਾਤ ਦੇ ਸ੍ਰੀ ਨਰਸਿਮਾਰਾਓ ਸਨ, ਉਨ੍ਹਾਂ ਨੇ ਆਪਣੀ ਇਸ ਵੱਡੀ ਕਾਨੂੰਨੀ ਤੇ ਇਖ਼ਲਾਕੀ ਜਿ਼ੰਮੇਵਾਰੀ ਨੂੰ ਨਾ ਨਿਭਾਕੇ ਹਮਲਾਵਰਾਂ ਨੂੰ ਕੇਵਲ ਉਤਸਾਹਿਤ ਹੀ ਨਹੀਂ ਕੀਤਾ, ਬਲਕਿ ਇਸ ਗੈਰ-ਕਾਨੂੰਨੀ ਅਮਲ ਵਿਚ ਹਰ ਤਰ੍ਹਾਂ ਸਹਿਯੋਗ ਕੀਤਾ ਅਤੇ ਕੋਈ ਐਕਸ਼ਨ ਨਹੀਂ ਲਿਆ । ਕਿੰਨੀ ਸ਼ਰਮਨਾਕ ਗੱਲ ਹੈ ਕਿ ਮੁਲਕ ਦਾ ਵਜ਼ੀਰ-ਏ-ਆਜ਼ਮ ਅਤੇ ਵਿਰੋਧੀਆਂ ਨਾਲ ਮਿਲਕੇ ਇਕ ਸਾਜਿ਼ਸ ਅਧੀਨ ਕਿਸੇ ਘੱਟ ਗਿਣਤੀ ਕੌਮ ਦੇ ਧਾਰਮਿਕ ਸਥਾਂਨ ਨੂੰ ਗਿਰਾ ਦੇਵੇ ਅਤੇ ਕੋਈ ਕਾਨੂੰਨੀ ਅਮਲ ਨਾ ਹੋਵੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੁਸਲਿਮ ਕੌਮ ਦੀ ਬਾਬਰੀ ਮਸਜਿਦ ਨੂੰ ਗਿਰਾਉਣ ਅਤੇ ਇਕ ਬਹੁਤ ਹੀ ਸਾਜਸ਼ੀ ਢੰਗ ਨਾਲ ਸੁਪਰੀਮ ਕੋਰਟ ਦੇ ਮੁੱਖ ਜੱਜ ਸ੍ਰੀ ਗੰਗੋਈ ਨੂੰ ਇਕ ਸੁਪਰੀਮ ਕੋਰਟ ਦੀ ਮਹਿਲਾ ਅਧਿਕਾਰੀ ਦੇ ਅਸਲੀਲ ਕੇਸ ਵਿਚ ਬਲੈਕਮੇਲ ਕਰਕੇ ਉਸ ਤੋਂ ਬਾਬਰੀ ਮਸਜਿਦ ਦੇ ਹੱਕ ਵਿਚ ਫੈਸਲਾ ਕਰਵਾਉਣ ਦੇ ਗੈਰ-ਵਿਧਾਨਿਕ ਅਮਲਾਂ ਉਤੇ ਗਹਿਰਾ ਦੁੱਖ ਅਤੇ ਅਫ਼ਸੋਸ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੀੜ੍ਹਤ ਸੁਪਰੀਮ ਕੋਰਟ ਦੀ ਮਹਿਲਾ ਅਧਿਕਾਰੀ ਦੀ ਇਸ ਦਿਸ਼ਾ ਵੱਲ ਐਫ.ਆਈ.ਆਰ. ਦਰਜ ਕਰਨ ਅਤੇ ਕਾਨੂੰਨੀ ਪ੍ਰਕਿਰਿਆ ਤੋਂ ਵੀ ਜ਼ਬਰੀ ਰੋਕਿਆ ਗਿਆ । ਇਥੇ ਹੀ ਬਸ ਨਹੀ ਇਸ ਵੱਡੇ ਅਪਮਾਨਜ਼ਨਕ ਕਾਰਵਾਈ ਵਿਚ ਸ੍ਰੀ ਗੰਗੋਈ ਦੋਸ਼ੀ ਨਾ ਪਾਏ ਜਾਣ, ਨੂੰ ਮੁੱਖ ਰੱਖਕੇ ਸੁਪਰੀਮ ਕੋਰਟ ਦੀ ਇਕ ਕਮੇਟੀ ਬਣਾ ਦਿੱਤੀ ਗਈ । ਜਿਸ ਨੇ ਸ੍ਰੀ ਗੰਗੋਈ ਨੂੰ ਨਿਰਦੋਸ਼ ਐਲਾਨਣ ਦਾ ਦੁੱਖਦਾਇਕ ਅਮਲ ਕੀਤਾ । ਇਹ ਹੋਰ ਵੀ ਬੇਇਨਸਾਫ਼ੀ ਵਾਲੀ ਕਾਰਵਾਈ ਹੋਈ ਹੈ ਕਿ ਜਦੋਂ ਵਿਧਾਨ ਦੀ ਧਾਰਾ 21 ਹਰ ਨਾਗਰਿਕ ਨੂੰ ਅਦਾਲਤ ਅੱਗੇ ਆਪਣਾ ਪੱਖ ਪੇਸ਼ ਕਰਨ ਲਈ ਆਪਣਾ ਵਕੀਲ ਕਰਨ ਅਤੇ ਦਲੀਲ ਕਰਨ ਦੀ ਵਿਧਾਨਿਕ ਇਜ਼ਾਜਤ ਹੈ, ਉਸ ਪੀੜ੍ਹਤ ਬੀਬੀ ਦੇ ਵਕੀਲ ਨੂੰ ਵੀ ਕਮੇਟੀ ਅੱਗੇ ਪੇਸ਼ ਨਹੀਂ ਹੋਣ ਦਿੱਤਾ ਗਿਆ । ਜਿਸ ਤੋਂ ਸਾਬਤ ਹੁੰਦਾ ਹੈ ਕਿ ਹੁਕਮਰਾਨਾਂ ਅਤੇ ਰਿਸਵਤਖੋਰ ਦੋਸ਼ਪੂਰਨ ਅਦਾਲਤਾਂ ਅਤੇ ਜੱਜਾਂ ਨੇ ਸੱਚ ਨੂੰ ਦਬਾਉਣ ਲਈ ਪੀੜ੍ਹਤ ਬੀਬੀ ਅਤੇ ਉਸਦੇ ਵਕੀਲ ਦੀ ਕੋਈ ਵੀ ਅਪੀਲ-ਦਲੀਲ ਸੁਣਨ ਤੋਂ ਨਾਂਹ ਕਰ ਦਿੱਤੀ । ਅਜਿਹਾ ਇਸ ਕਰਕੇ ਕੀਤਾ ਗਿਆ ਤਾਂ ਕਿ ਸ੍ਰੀ ਗੰਗੋਈ ਨੂੰ ਇਸ ਅਸਲੀਲ ਕੇਸ ਵਿਚ ਬਲੈਕਮੇਲ ਕਰਕੇ ਅਯੁੱਧਿਆ ਦੇ ਬਾਬਰੀ ਮਸਜਿਦ ਦੇ ਕੇਸ ਨੂੰ ਬਹੁਗਿਣਤੀ ਹਿੰਦੂ ਕੌਮ ਅਤੇ ਰਾਮ ਮੰਦਰ ਦੇ ਹੱਕ ਵਿਚ ਕਰਵਾਇਆ ਜਾ ਸਕੇ । ਇਸ ਮਕਸਦ ਦੀ ਪ੍ਰਾਪਤੀ ਲਈ ਸ੍ਰੀ ਗੰਗੋਈ ਨਾਲ ਗੁਪਤ ਰੂਪ ਵਿਚ ਇਹ ਵੀ ਸੌਦਾ ਤਹਿ ਕੀਤਾ ਗਿਆ ਕਿ ਉਹ ਅਯੁੱਧਿਆ ਬਾਬਰੀ ਮਸਜਿਦ ਦੇ ਫੈਸਲੇ ਨੂੰ ਬਹੁਗਿਣਤੀ ਦੇ ਹੱਕ ਵਿਚ ਕਰਨ ਤੇ ਉਸਦੇ ਰਿਟਾਇਰ ਹੋਣ ਤੇ ਉਸ ਨੂੰ ਕੋਈ ਵੱਡਾ ਸਿਆਸੀ ਮਾਣ-ਸਨਮਾਨ ਦਿੱਤਾ ਜਾਵੇਗਾ । ਜਿਸ ਅਧੀਨ ਸ੍ਰੀ ਗੰਗੋਈ ਦੇ ਰਿਟਾਇਰ ਹੋਣ ਉਪਰੰਤ ਹੁਕਮਰਾਨਾਂ ਵੱਲੋਂ ਉਸ ਨੂੰ ਬਤੌਰ ਰਾਜ ਸਭਾ ਮੈਂਬਰ ਦੇ ਨਾਮਜ਼ਦ ਕਰਕੇ ਇਵਜਾਨਾਂ ਦਿੱਤਾ ਗਿਆ । ਇਹ ਅਮਲ ਹੁਕਮਰਾਨਾਂ, ਅਦਾਲਤਾਂ, ਜੱਜਾਂ ਦੀ ਮਿਲੀਭੁਗਤ ਅਤੇ ਇਥੋਂ ਦੇ ਨਿਵਾਸੀਆਂ ਨੂੰ ਬਣਦਾ ਇਨਸਾਫ਼ ਨਾ ਦੇਣ ਨੂੰ ਸਪੱਸਟ ਰੂਪ ਵਿਚ ਪ੍ਰਤੱਖ ਕਰਦੇ ਹਨ ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਜੋ ਆਪਣੇ ਜਨਮ ਤੋਂ ਹੀ ਹਰ ਤਰ੍ਹਾਂ ਦੇ ਜ਼ਬਰ-ਜੁਲਮ ਜਾਂ ਬੇਇਨਸਾਫ਼ੀ ਵਿਰੁੱਧ ਦ੍ਰਿੜਤਾ ਨਾਲ ਜੂਝਦੀ ਆ ਰਹੀ ਹੈ ਅਤੇ ਬਿਨ੍ਹਾਂ ਕਿਸੇ ਪੱਖਪਾਤ ਤੋਂ ‘ਸਰਬੱਤ ਦੇ ਭਲੇ’ ਦੀ ਸੋਚ ਅਧੀਨ ਸਮੁੱਚੀ ਮਨੁੱਖਤਾ ਦੀ ਬਿਹਤਰੀ ਲੋੜਦੀ ਅਤੇ ਅਮਲ ਕਰਦੀ ਆ ਰਹੀ ਹੈ, ਉਹ ਗੰਭੀਰਤਾ ਨਾਲ ਮੰਗ ਕਰਦੀ ਹੈ ਕਿ ਅਯੁੱਧਿਆ ਬਾਬਰੀ ਮਸਜਿਦ ਦੇ ਗੰਭੀਰ ਮਾਮਲੇ ਅਤੇ ਸੁਪਰੀਮ ਕੋਰਟ ਦੀ ਮਹਿਲਾ ਬੀਬੀ ਨਾਲ ਸਾਬਕਾ ਮੁੱਖ ਜੱਜ ਸ੍ਰੀ ਗੰਗੋਈ ਵੱਲੋਂ ਅਸਲੀਲ ਢੰਗ ਨਾਲ ਦੁਰਵਿਹਾਰ ਕਰਨ, ਸ੍ਰੀ ਗੰਗੋਈ ਨੂੰ ਜੱਜਾਂ ਦੀ ਕਮੇਟੀ ਵੱਲੋਂ ਨਿਰਦੋਸ਼ ਸਾਬਤ ਕਰਨ ਅਤੇ ਬੀਬੀ ਨੂੰ ਬਣਦਾ ਇਨਸਾਫ਼ ਨਾ ਦੇਣ ਦੀ ਕਿਸੇ ਵੀ ਕੌਮਾਂਤਰੀ ਜਾਂ ਕੌਮੀ ਨਿਰਪੱਖਤਾ ਵਾਲੀ ਏਜੰਸੀ ਤੋਂ ਜਾਂਚ ਕਰਵਾਈ ਜਾਵੇ ਅਤੇ ਉਪਰੋਕਤ ਤਿੰਨੋ ਗੰਭੀਰ ਮੁੱਦਿਆ ਦਾ ਸੱਚ ਸਾਹਮਣੇ ਲਿਆਂਦਾ ਜਾਵੇ । ਅਜਿਹਾ ਅਮਲ ਕਰਕੇ ਹੀ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ, ਫਿਰਕੇ ਅਤੇ ਇਨਸਾਫ਼ ਪਸ਼ੰਦ ਨਿਵਾਸੀਆ ਨੂੰ ਅਦਾਲਤਾਂ ਅਤੇ ਜੱਜਾਂ ਵਿਚ ਵਿਸਵਾਸ ਨੂੰ ਕਾਇਮ ਰੱਖਿਆ ਜਾ ਸਕਦਾ ਹੈ, ਵਰਨਾ ਇਸ ਦਿਸ਼ਾ ਵੱਲ ਬਹੁਤ ਵੱਡੀ ਠੇਸ ਪਹੁੰਚੀ ਹੋਈ ਹੈ ।

ਸ. ਮਾਨ ਨੇ ਕਿਹਾ ਕਿ ਬੇਸ਼ੱਕ ਹੁਕਮਰਾਨਾਂ ਨੇ ਅਮਰਨਾਥ ਯਾਤਰਾ ਨੂੰ ਸਥਿਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਰੱਦ ਕਰ ਦਿੱਤਾ ਹੈ, ਇਹ ਉਨ੍ਹਾਂ ਦਾ ਮਾਮਲਾ ਹੈ । ਪਰ ਜੋ ਇੰਡੀਆ ਵਿਧਾਨ ਧਰਮ ਨਿਰਪੱਖਤਾ ਦੀ ਗੱਲ ਕਰਦਾ ਹੈ, ਉਸਦੇ ਵਿਰੁੱਧ ਜਾ ਕੇ ਹੁਕਮਰਾਨਾਂ ਵੱਲੋਂ ਸਾਡੀ ਸਿੱਖ ਕੌਮ ਦੀ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਤੇ ਜੋ ਰੋਕ ਲਗਾ ਦਿੱਤੀ ਗਈ ਹੈ, ਇਹ ਤਾਂ ਵਿਧਾਨਿਕ ਆਜ਼ਾਦੀ ਉਤੇ ਜ਼ਬਰਨ ਡਾਕਾ ਮਾਰਨ ਦੀ ਕਾਰਵਾਈ ਹੈ, ਦੂਜਾ ਸਿੱਧੇ ਤੌਰ ਤੇ ਸਿੱਖ ਕੌਮ ਦੇ ਅੰਦਰੂਨੀ ਮਾਮਲਿਆ ਵਿਚ ਮੁਤੱਸਵੀ ਹੁਕਮਰਾਨਾਂ ਵੱਲੋਂ ਦਖਲ ਦੇ ਕੇ ਸਾਡੀ ਧਾਰਮਿਕ ਆਜ਼ਾਦੀ ਅਤੇ ਸਾਡੀ ਕੌਮੀ ਅਣਖ-ਗੈਰਤ ਨੂੰ ਚੁਣੋਤੀ ਦੇਣ ਵਾਲੇ ਅਮਲ ਹਨ । ਜਿਸਦੇ ਨਤੀਜੇ ਕਦੀ ਵੀ ਲਾਹੇਵੰਦ ਸਾਬਤ ਨਹੀਂ ਹੋ ਸਕਦੇ । ਦੂਸਰਾ ਹੁਕਮਰਾਨ ਲੰਮੇਂ ਸਮੇਂ ਤੋਂ ਹਰ ਪੱਖੋ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਸਮਾਜਿਕ, ਮਾਲੀ, ਭੂਗੋਲਿਕ, ਧਾਰਮਿਕ ਵਿਤਕਰੇ ਕਰਦੇ ਆ ਰਹੇ ਹਨ । ਜੋ ਹਰ ਕੀਮਤ ਤੇ ਹੁਕਮਰਾਨਾਂ ਨੂੰ ਬੰਦ ਕਰਨੇ ਪੈਣਗੇ ਵਰਨਾ ਇਥੇ ਅਰਾਜਕਤਾ ਨੂੰ ਜਨਮ ਦੇਣ ਤੇ ਫੈਲਾਉਣ ਲਈ ਹੁਕਮਰਾਨਾਂ ਦੀਆਂ ਅਜਿਹੀਆ ਵਿਧਾਨਿਕ ਵਿਰੋਧੀ ਕਾਰਵਾਈਆ ਤੇ ਅਮਲ ਹੀ ਜਿ਼ੰਮੇਵਾਰ ਹੋਣਗੇ ।

ਸ. ਮਾਨ ਨੇ ਲਦਾਂਖ ਦੇ ਗੰਭੀਰ ਮੁੱਦੇ ਉਤੇ ਗੱਲ ਕਰਦੇ ਹੋਏ ਕਿਹਾ ਕਿ ਇੰਡੀਆ ਜੋ ਚੀਨ ਦੀ ਪੀ.ਐਲ.ਏ. ਵਰਗੀ ਸਿਖਾਂਦਰੂ ਫ਼ੌਜ ਅਤੇ ਚੀਨ ਵਰਗੇ ਵੱਡੇ ਮੁਲਕ ਦੀ ਤਾਕਤ ਦਾ ਮੁਕਾਬਲਾ ਕਰਨ ਜਾਂ ਉਸ ਨੂੰ ਲਦਾਂਖ ਦੀ ਸਰਹੱਦ ਤੋਂ ਪਿੱਛੇ ਹਟਾਉਣ ਦੀ ਸਮਰੱਥਾਂ ਨਹੀਂ ਰੱਖਦਾ । ਇਥੋਂ ਤੱਕ ਕਿ ਅਮਰੀਕਾ ਦੇ ਇੰਡੀਅਨ ਓਸੀਅਨ ਵਿਚ ਸਮੁੰਦਰੀ ਬੇੜਾ ਆ ਜਾਣ ਤੇ ਵੀ ਚੀਨ ਬਿਲਕੁਲ ਨਹੀਂ ਘਬਰਾਇਆ ਅਤੇ ਨਾ ਹੀ ਉਸਨੇ ਆਪਣੀਆ ਫ਼ੌਜਾਂ ਨੂੰ ਪਿੱਛੇ ਹਟਾਇਆ ਹੈ, ਤੋਂ ਕੌਮਾਂਤਰੀ ਸਥਿਤੀ ਇਹ ਸੰਦੇਸ਼ ਦਿੰਦੀ ਹੈ ਕਿ ਅਜਿਹੇ ਸਰਹੱਦੀ ਮਸਲਿਆ ਨੂੰ ਗੰਭੀਰਤਾ ਨਾਲ ਆਪਸੀ ਟੇਬਲਟਾਕ ਰਾਹੀ ਹੀ ਹੱਲ ਕੀਤਾ ਜਾ ਸਕਦਾ ਹੈ । ਨਾ ਕਿ ਜੰਗਾਂ-ਯੁੱਧਾਂ ਦੇ ਮਨੁੱਖਤਾ ਵਿਰੋਧੀ ਅਮਲਾਂ ਨਾਲ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਖ਼ਾਲਸਾ ਲਾਹੌਰ ਦਰਬਾਰ ਦੀਆਂ ਫ਼ੌਜਾਂ ਨੇ 1834 ਵਿਚ ਲਦਾਂਖ ਨੂੰ ਫ਼ਤਹਿ ਕੀਤਾ ਸੀ ਅਤੇ 1819 ਵਿਚ ਅਫ਼ਗਾਨੀਸਤਾਨ ਸੂਬੇ ਦੇ ਕਸ਼ਮੀਰ ਨੂੰ ਫ਼ਤਹਿ ਕਰਕੇ ਖ਼ਾਲਸਾ ਰਾਜ ਦਰਬਾਰ ਵਿਚ ਸਾਮਿਲ ਕੀਤਾ ਸੀ । ਅਫ਼ਗਾਨੀਸਤਾਨ ਵਿਚ ਰੂਸ ਦੀਆਂ ਫ਼ੌਜਾਂ, ਅੰਗਰੇਜ਼ ਅਤੇ ਹੁਣ ਅਮਰੀਕਾ ਵੀ ਅਸਫ਼ਲ ਸਾਬਤ ਹੋ ਚੁੱਕਾ ਹੈ । ਇਹ ਸੇਹਰਾ ਸਿੱਖ ਫ਼ੌਜਾਂ ਨੂੰ ਹੀ ਜਾਂਦਾ ਹੈ ਜਿਨ੍ਹਾਂ ਨੇ ਅਫ਼ਗਾਨੀਆਂ ਉਤੇ ਫ਼ਤਹਿ ਪ੍ਰਾਪਤ ਕੀਤੀ । ਚੀਨ ਵੀ ਇਹ ਪ੍ਰਵਾਨ ਕਰਦਾ ਹੈ ਕਿ ਲਦਾਂਖ ਸਿੱਖ ਕੌਮ ਦੀ ਮਲਕੀਅਤ ਹੈ ਅਤੇ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ । ਜੋ ਇੰਡੀਅਨ ਹੁਕਮਰਾਨ ਅਤੇ ਇਥੋਂ ਦੀਆਂ ਮੁਤੱਸਵੀ ਜਮਾਤਾਂ ਚੀਨ, ਪਾਕਿਸਤਾਨ ਜਾਂ ਹੋਰ ਕਿਸੇ ਗੁਆਂਢੀ ਮੁਲਕ ਨਾਲ ਜੰਗਾਂ-ਯੁੱਧਾਂ ਦਾ ਰੌਲਾ ਪਾ ਰਹੇ ਹਨ, ਅਜਿਹਾ ਸਿੱਖ ਵਸੋਂ ਵਾਲੇ ਇਲਾਕਿਆ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦੇ ਕੱਛ ਨੂੰ ਜੰਗ ਦਾ ਅਖਾੜਾ ਬਣਾਉਣ ਹਿੱਤ ਅਤੇ ਸਿੱਖ ਕੌਮ ਦੀ ਨਸ਼ਲੀ ਸਫ਼ਾਈ ਕਰਨ ਦੀ ਮੰਦਭਾਵਨਾ ਹਿੱਤ ਕੀਤਾ ਜਾ ਰਿਹਾ ਜਿਸ ਨੂੰ ਸਿੱਖ ਕੌਮ ਨਾ ਤਾਂ ਪ੍ਰਵਾਨ ਕਰੇਗੀ ਅਤੇ ਨਾ ਹੀ ਅਜਿਹੇ ਜੰਗਾਂ-ਯੁੱਧਾਂ ਦੀ ਕਿਸੇ ਤਰ੍ਹਾਂ ਪ੍ਰਵਾਨਗੀ ਦੇਵੇਗੀ । ਕਿਉਂਕਿ ਹੁਕਮਰਾਨਾਂ ਨੇ 1947 ਤੋਂ ਲੈਕੇ ਅੱਜ ਤੱਕ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਕੋਈ ਇਨਸਾਫ਼ ਨਹੀਂ ਦਿੱਤਾ ਅਤੇ ਹੁਣ ਵੀ ਘਸੀਆ-ਪਿੱਟੀਆ ਮੁਲਕ ਦੀ ਸੁਰੱਖਿਆ ਨੂੰ ਖ਼ਤਰੇ ਦੀਆਂ ਦਲੀਲਾਂ ਤੇ ਕੇ ਸਿੱਖ ਕੌਮ ਨੂੰ ਬਿਨ੍ਹਾਂ ਵਜਹ ਨਿਸ਼ਾਨਾਂ ਬਣਾਕੇ ਦਹਿਸਤ ਵੀ ਪਾਈ ਜਾ ਰਹੀ ਹੈ ਤੇ ਸਿੱਖ ਵਸੋਂ ਵਾਲੇ ਇਲਾਕੇ ਨੂੰ ਜੰਗ ਦੇ ਬੂਥੇ ਵਿਚ ਧਕੇਲਣ ਦੀਆਂ ਅਸਫ਼ਲ ਕੋਸਿ਼ਸ਼ਾਂ ਕੀਤੀਆ ਜਾ ਰਹੀਆ ਹਨ । ਜਿਸਦੀ ਸਮੁੱਚੇ ਮੁਲਕਾਂ ਵਿਚ ਬੈਠੀ ਸਿੱਖ ਕੌਮ ਅਤੇ ਅਮਨ ਪਸ਼ੰਦ ਸਭ ਵਰਗਾਂ ਨਾਲ ਸੰਬੰਧਤ ਸਖਸ਼ੀਅਤਾਂ, ਮੁਲਕ ਅਤੇ ਜਥੇਬੰਦੀਆਂ ਜੋਰਦਾਰ ਵਿਰੋਧ ਕਰ ਰਹੀਆ ਹਨ । ਅਜਿਹੀ ਸਿੱਖ ਵਿਰੋਧੀ ਸਾਜਿ਼ਸ ਨੂੰ ਪੂਰਨ ਕਰਨ ਵਿਚ ਹੁਕਮਰਾਨ ਕਤਈ ਕਾਮਯਾਬ ਨਹੀਂ ਹੋ ਸਕਣਗੇ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *