ਅਖ਼ਬਾਰਾਂ ਦੇ ਸੰਪਾਦਕਾਂ, ਜਰਨਲਿਸਟਾਂ ਵੱਲੋਂ ਸਿੱਖਾਂ ਦੇ ਨਾਮ ਨਾਲੋਂ ‘ਸਿੰਘ’ ਸ਼ਬਦ ਨੂੰ ਗਾਇਬ ਕਰਨ ਦਾ ਵਰਤਾਰਾ ਸਿੱਖ ਕੌਮ ਦੀ ਤੋਹੀਨ ਕਰਨ ਵਾਲਾ ਅਸਹਿ ਅਮਲ : ਮਾਨ
ਫ਼ਤਹਿਗੜ੍ਹ ਸਾਹਿਬ, 17 ਮਾਰਚ ( ) “ਭਾਵੇ ਸਾਡੇ ਕਾਂਗਰਸ, ਬਾਦਲ ਦਲ, ਬੀਜੇਪੀ, ਸੀ.ਪੀ.ਆਈ, ਸੀ.ਪੀ.ਐਮ ਜਾਂ ਹੋਰ ਸਿਆਸੀ ਜਮਾਤਾਂ ਨਾਲ ਕਿਸੇ ਤਰ੍ਹਾਂ ਦਾ ਪਾਲਸੀ ਆਦਿ ਦਾ ਸੰਬੰਧ ਨਹੀਂ ਹੈ । ਸਾਡੀ ਸਿਆਸੀ ਤੇ ਸਮਾਜਿਕ ਜੱਦੋਂ-ਜ਼ਹਿਦ ਦੇ ਵੱਖੋ-ਵੱਖਰੇ ਢੰਗ ਅਤੇ ਮਿਸ਼ਨ ਹਨ । ਪਰ ਫਿਰ ਵੀ ਸਭ ਸਿਆਸੀ ਜਮਾਤਾਂ, ਸਮਾਜਿਕ ਸੰਗਠਨਾਂ ਅਤੇ ਹੋਰ ਸੰਸਥਾਵਾਂ ਵਿਚ ਵਿਚਰਣ ਵਾਲੇ ਸਿੱਖ ਆਗੂਆਂ ਅਤੇ ਸਿੱਖਾਂ ਦੇ ਸੰਬੰਧ ਵਿਚ ਜਦੋਂ ਅਖ਼ਬਾਰਾਂ ਤੇ ਮੀਡੀਏ ਵਿਚ ਖ਼ਬਰਾ ਪ੍ਰਕਾਸਿ਼ਤ ਅਤੇ ਨਸਰ ਕੀਤੀਆ ਜਾਂਦੀਆ ਹਨ, ਤਾਂ ਉਨ੍ਹਾਂ ਦੇ ਨਾਮ ਨਾਲੋ ‘ਸਿੰਘ’ ਸ਼ਬਦ ਨੂੰ ਗਾਇਬ ਕਰਨ ਦੇ ਹੋ ਰਹੇ ਦੁੱਖਦਾਇਕ ਅਮਲ ਸਿੱਖ ਕੌਮ ਦਾ ਅਪਮਾਨ ਕਰਨ ਵਾਲੇ ਹਨ । ਕਿਉਂਕਿ ਸਿੰਘ ਸ਼ਬਦ ਸਿੱਖ ਕੌਮ ਨੂੰ ਬਹੁਤ ਹੀ ਕੁਰਬਾਨੀਆਂ ਅਤੇ ਸੰਘਰਸ਼ ਉਪਰੰਤ ਪ੍ਰਾਪਤ ਹੋਇਆ ਹੈ । ਜੋ ਅਖ਼ਬਾਰਾਂ ਤੇ ਮੀਡੀਏ ਵੱਲੋਂ ਅਜਿਹਾ ਕਰਕੇ ਸਿੱਖ ਕੌਮ ਦੇ ਸਤਿਕਾਰ-ਮਾਣ ਨੂੰ ਠੇਸ ਪਹੁੰਚਾਈ ਜਾ ਰਹੀ ਹੈ, ਉਹ ਤੁਰੰਤ ਬੰਦ ਹੋਣੀ ਚਾਹੀਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਅਖ਼ਬਾਰਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਬਤੌਰ ਮੁੱਖ ਮੰਤਰੀ ਬਣਨ ‘ਤੇ ਵੱਖ-ਵੱਖ ਅਖ਼ਬਾਰਾਂ ਵਿਚ ਉਨ੍ਹਾਂ ਸੰਬੰਧੀ ਪ੍ਰਕਾਸਿ਼ਤ ਹੋਣ ਵਾਲੀਆਂ ਖ਼ਬਰਾ ਦੇ ਨਾਲ ਕੇਵਲ ਕੈਪਟਨ ਅਮਰਿੰਦਰ ਲਿਖਣ ਅਤੇ ਸਿੰਘ ਸ਼ਬਦ ਨੂੰ ਹਟਾਉਣ ਉਤੇ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਇਜ਼ਹਾਰ ਕਰਦੇ ਹੋਏ ਅਖ਼ਬਾਰਾਂ, ਬਿਜਲਈ ਮੀਡੀਏ ਦਾ ਧਿਆਨ ਸਿੱਖ ਕੌਮ ਦੇ ਹਿਰਦਿਆ ਨੂੰ ਠੇਸ ਪਹੁੰਚਾਉਣ ਦੇ ਹੋ ਰਹੇ ਅਮਲਾਂ ਵੱਲ ਧਿਆਨ ਕੇਦਰਿਤ ਕਰਕੇ ਇਸ ਹੋ ਰਹੀ ਗੁਸਤਾਖੀ ਨੂੰ ਸੁਧਾਰਨ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਸੀਂ ਕਈ ਵਾਰ ਪਹਿਲੇ ਵੀ ਇਸ ਮੁੱਦੇ ਸੰਬੰਧੀ ਵੱਖ-ਵੱਖ ਅਖ਼ਬਾਰਾਂ ਦੇ ਸੰਪਾਦਕਾਂ, ਮੀਡੀਏ ਨੂੰ ਇਸ ਹੋ ਰਹੀ ਬਜਰ ਗੁਸਤਾਖੀ ਨੂੰ ਸੁਧਾਰਨ ਲਈ ਲਿਖਦੇ ਆਏ ਹਾਂ । ਪਰ ਇਨ੍ਹਾਂ ਅਖ਼ਬਾਰਾਂ ਅਤੇ ਬਿਜਲਈ ਮੀਡੀਏ ਦੇ ਸੰਪਾਦਕਾਂ ਅਤੇ ਜਰਨਲਿਸਟਾਂ ਵੱਲੋਂ ਸਿੱਖ ਆਗੂਆਂ ਦੇ ਨਾਮਾਂ ਨਾਲ ਸਿੰਘ ਹਟਾਕੇ ਕੈਪਟਨ ਅਮਰਿੰਦਰ, ਸੁਖਬੀਰ ਬਾਦਲ, ਮਨਪ੍ਰੀਤ ਬਾਦਲ, ਨਵਜੋਤ ਸਿੱਧੂ ਆਦਿ ਲਿਖਕੇ ਸਿੱਖ ਕੌਮ ਦੀ ਜਾਣਬੁੱਝ ਕੇ ਤੋਹੀਨ ਕਰਨ ਦੇ ਨਾਲ-ਨਾਲ ਸਿੱਖ ਮਨਾਂ ਤੇ ਆਤਮਾਵਾਂ ਨੂੰ ਡੂੰਘੀ ਠੇਸ ਪਹੁੰਚਾਉਦੇ ਆ ਰਹੇ ਹਨ । ਜਿਸ ਦੇ ਨਤੀਜੇ ਇਥੋ ਦੇ ਅਮਨ-ਚੈਨ ਅਤੇ ਜਮਹੂਰੀਅਤ ਨੂੰ ਕਾਇਮ ਰੱਖਣ ਲਈ ਕਦੀ ਵੀ ਕਾਰਗਰ ਸਾਬਤ ਨਹੀਂ ਹੋ ਸਕਣਗੇ । ਉਨ੍ਹਾਂ ਉਦਾਹਰਣ ਦਿੰਦੇ ਹੋਏ ਕਿਹਾ ਕਿ ਜੇਕਰ ਸ੍ਰੀ ਨਰਿੰਦਰ ਮੋਦੀ ਦਾ ਨਾਮ ਪ੍ਰਕਾਸਿ਼ਤ ਕਰਦੇ ਹੋਏ “ਨਰਿੰਦਰ” ਲਿਖ ਦਿੱਤਾ ਜਾਵੇ ਤੇ ਭਾਰਤ ਦੇ ਪ੍ਰੈਜੀਡੈਟ ਸ੍ਰੀ ਪ੍ਰਣਾਬ ਮੁਖਰਜੀ ਦਾ ਪੂਰਾ ਨਾਮ ਲਿਖਣ ਦੀ ਬਜਾਇ “ਪ੍ਰਣਾਬ” ਲਿਖਿਆ ਜਾਵੇ, ਕੀ ਅਜਿਹਾ ਕਰਨਾ ਅਜਿਹੇ ਆਗੂਆਂ ਤੇ ਸਖਸ਼ੀਅਤਾਂ ਦਾ ਅਪਮਾਨ ਨਹੀਂ ਹੋਵੇਗਾ ? ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਭਾਰਤ ਤੇ ਪੰਜਾਬ ਵਿਚ ਪ੍ਰਕਾਸਿ਼ਤ ਹੋਣ ਵਾਲੀਆ ਸਭ ਅੰਗਰੇਜੀ, ਪੰਜਾਬੀ, ਹਿੰਦੀ ਦੀਆਂ ਅਖ਼ਬਾਰਾਂ ਦੇ ਸੰਪਾਦਕਾਂ, ਜਰਨਲਿਸਟਾਂ ਅਤੇ ਵੱਖ-ਵੱਖ ਚੈਨਲਾਂ ਦੇ ਸੰਪਾਦਕਾਂ ਨੂੰ ਗੰਭੀਰਤਾ ਪੂਰਵਕ ਜਨਤਕ ਤੌਰ ਤੇ ਅਪੀਲ ਕਰਨੀ ਚਾਹਵੇਗਾ ਕਿ ਉਹ ਸਿੱਖ ਮਨਾਂ ਤੇ ਆਤਮਾਵਾਂ ਨੂੰ ਠੇਸ ਪਹੁੰਚਾਉਣ ਵਾਲੀਆ ਹੁੰਦੀਆਂ ਆ ਰਹੀਆਂ ਕਾਰਵਾਈਆ ਨੂੰ ਤੁਰੰਤ ਬੰਦ ਕਰਨ ਹਿੱਤ ਆਪਣੇ ਅਦਾਰੇ ਦੇ ਅਹੁਦੇਦਾਰਾਂ ਤੇ ਮੈਬਰਾਂ ਨੂੰ ਸਿੱਖਾਂ ਦੇ ਨਾਮ ਨਾਲ ਸਿੰਘ ਸ਼ਬਦ ਪ੍ਰਕਾਸਿ਼ਤ ਕਰਨ ਅਤੇ ਸਤਿਕਾਰ ਸਹਿਤ ਉਨ੍ਹਾਂ ਦਾ ਨਾਮ ਖ਼ਬਰ ਵਿਚ ਦਰਜ ਕਰਨ ਦੀ ਹਦਾਇਤ ਕੀਤੀ ਜਾਵੇ । ਘੱਟੋ-ਘੱਟ ਗੱਲ ਸੁਰੂ ਕਰਦੇ ਹੋਏ ਪੂਰਾ ਨਾਮ ਲਿਖਿਆ ਜਾਵੇ, ਬਾਅਦ ਵਿਚ ਜਦੋਂ ਵੀ ਕੋਈ ਗੱਲ ਆਵੇ ਤਾਂ ਸ੍ਰੀ ਸਿੰਘ ਜਾਂ ਮਿਸਟਰ ਸਿੰਘ ਦੀ ਗੱਲ ਦੁਹਰਾਈ ਜਾ ਸਕਦੀ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਭਾਰਤ ਤੇ ਪੰਜਾਬ ਦੇ ਮਾਹੌਲ ਨੂੰ ਅਮਨਮਈ ਤੇ ਜਮਹੂਰੀਅਤ ਪੱਖੀ ਰੱਖਣ ਹਿੱਤ ਅਖ਼ਬਾਰਾਂ ਦੇ ਸੰਪਾਦਕ, ਜਰਨਲਿਸਟ ਹੁੰਦੀ ਆ ਰਹੀ ਬਜ਼ਰ ਗੁਸਤਾਖੀ ਨੂੰ ਸਹੀ ਕਰ ਲੈਣਗੇ ।