Select your Top Menu from wp menus
Header
Header
ਤਾਜਾ ਖਬਰਾਂ

ਅਕਾਲ ਚੈਨਲ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਜੁਆਬ

6467/ਸਅਦਅ/2019 03 ਜੂਨ 2019
ਸਤਿਕਾਰਯੋਗ ਗੁਰੂ ਰੂਪ ਖ਼ਾਲਸਾ ਜੀਓ,
ਵਾਹਿਗੁਰੂ ਜੀ ਕਾ ਖ਼ਾਲਸਾ,
ਵਾਹਿਗੁਰੂ ਜੀ ਕੀ ਫ਼ਤਹਿ॥
ਆਪ ਜੀ ਨੂੰ ਇਹ ਜਾਣਕਾਰੀ ਦੇਣਾ ਆਪਣਾ ਫਰਜ ਸਮਝਦੇ ਹਾਂ ਕਿ ਅਕਾਲ ਚੈਨਲ ਯੂ.ਕੇ. ਵੱਲੋਂ ਜੋ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸੰਬੰਧੀ ਆਪਣੇ ਚੈਨਲ ਦੀ ਦੁਰਵਰਤੋਂ ਕਰਦੇ ਹੋਏ ਸਿੱਖ ਕੌਮ ਵਿਚ ਗਲਤ ਫਹਿਮੀਆ ਪੈਦਾ ਕਰਨ ਹਿੱਤ ਕਾਰਵਾਈਆ ਕੀਤੀਆ ਜਾ ਰਹੀਆ ਹਨ, ਉਨ੍ਹਾਂ ਦਾ ਜੁਆਬ ਹਰ ਕੀਮਤ ਤੇ ਅਕਾਲ ਚੈਨਲ ਯੂ.ਕੇ. ਨੂੰ ਸੰਗਤਾਂ ਨੂੰ ਦੇਣਾ ਪਵੇਗਾ । ਕਿਉਂਕਿ ਸ. ਸਿਮਰਨਜੀਤ ਸਿੰਘ ਮਾਨ ਆਪਣੀ ਕੌਮੀ ਜੜ੍ਹ ਧਰਤੀ ਨਾਲ ਜੁੜਕੇ ਮਨੁੱਖੀ ਅਧਿਕਾਰਾਂ ਸੰਬੰਧੀ ਅਤੇ ਕੌਮ ਦੀ ਆਜ਼ਾਦੀ ਨਾਲ ਸੰਬੰਧਿਤ ਮਸਲਿਆ ਨੂੰ ਬਾਦਲੀਲ ਢੰਗ ਨਾਲ ਤੇ ਦ੍ਰਿੜਤਾ ਨਾਲ ਜਿਥੇ 35 ਸਾਲਾ ਤੋਂ ਉਠਾਉਦੇ ਆ ਰਹੇ ਹਨ, ਉਥੇ ਕੌਮ ਨੂੰ ਸਿੱਖ ਕੌਮ ਦੀ ਆਜ਼ਾਦੀ ਜਿਸਦੀ ਨੀਂਹ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਨੇ ਆਪਣੀ ਮਹਾਨ ਸ਼ਹਾਦਤ ਦੇ ਕੇ ਰੱਖੀ ਸੀ, ਉਸ ਨੂੰ ਅੱਗੇ ਵਧਾਉਦੇ ਹੋਏ ਸਮੁੱਚੇ ਮੁਲਕਾਂ ਦੀਆਂ ਕੌਮਾਂ ਤੇ ਉਥੋਂ ਦੇ ਹੁਕਮਰਾਨਾਂ ਨੂੰ ਕੌਮਾਂਤਰੀ ਕਾਨੂੰਨ ਦੀ ਪ੍ਰੀਪੇਖ ਵਿਚ ਆਪਣੇ ਮਿਸ਼ਨ ਨਾਲ ਜੋੜਦੇ ਆ ਰਹੇ ਹਨ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਭਾਰਤੀ ਖੂਫੀਆ ਏਜੰਸੀਆ ਆਈ.ਬੀ, ਰਾਅ ਆਦਿ ਨੇ ਜੋ ਸੂਖਮ ਢੰਗ ਨਾਲ ਅਜਿਹੇ ਚੈਨਲਾਂ ਦੀ ਡਿਊਟੀ ਲਗਾਕੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਖਸ਼ੀਅਤ ਨੂੰ ਸ਼ੱਕੀ ਬਣਾਉਣ ਹਿੱਤ ਅਤੇ ਸਿੱਖ ਕੌਮ ਵਿਚ ਦੁਫੇੜ ਪਾਉਣ ਹਿੱਤ ਜੋ ਕਾਰਵਾਈਆ ਸੁਰੂ ਕੀਤੀਆ ਹਨ, ਉਸ ਤੋਂ ਸਮੁੱਚੀ ਸਿੱਖ ਕੌਮ ਤੇ ਗੁਰੂ ਰੂਪ ਖ਼ਾਲਸਾ ਨੂੰ ਸੁਚੇਤ ਰਹਿਣਾ ਪਵੇਗਾ ਤਾਂ ਕਿ ਕੋਈ ਵੀ ਭਾਰਤੀ ਏਜੰਸੀ ਜਾਂ ਉਨ੍ਹਾਂ ਦੀ ਅਗਵਾਈ ਵਿਚ ਚੱਲਣ ਵਾਲਾ ਕੋਈ ਚੈਨਲ, ਮੀਡੀਆ ਸਿੱਖ ਕੌਮ ਦੇ ਆਜ਼ਾਦੀ ਦੇ ਮਿਸ਼ਨ ਵਿਚ ਕੋਈ ਰੁਕਾਵਟ ਖੜ੍ਹੀ ਨਾ ਕਰ ਸਕੇ ਅਤੇ ਸਿੱਖ ਕੌਮ ਵਿਚ ਭਰਾਮਾਰੂ ਜੰਗ ਕਰਵਾਉਣ ਵਿਚ ਕਾਮਯਾਬ ਨਾ ਹੋ ਸਕੇ ।
ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਅਜਿਹੇ ਜੋ ਚੈਨਲ ਅਤੇ ਮੀਡੀਏ ਦੇ ਪ੍ਰਤੀਨਿਧ ਸ. ਸਿਮਰਨਜੀਤ ਸਿੰਘ ਮਾਨ ਨੂੰ ਵਾਰ-ਵਾਰ ਇਹੀ ਸਵਾਲ ਪੁੱਛਦੇ ਹਨ:-
ਕਿ ਤੈਨੂੰ ਐਮ.ਪੀ. ਜਿਤਾਕੇ ਭੇਜਿਆ ਸੀ, ਤੂ ਅੱਗੇ ਨਹੀਂ ਵੱਧ ਸਕਿਆ
ਤੂ ਕਿਰਪਾਨ ਦਾ ਅੜਿਕਾ ਡਾਹਕੇ ਬੈਠ ਗਿਆ, ਤੈਨੂੰ ਵੋਟਾਂ ਕਿਉਂ ਘੱਟ ਪੈਦੀਆ ਹਨ
ਜਦੋਂਕਿ ਸ. ਸਿਮਰਨਜੀਤ ਸਿੰਘ ਮਾਨ ਨਿਰੰਤਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੀ ਮਹਾਨ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੀ ਸੋਚ ਨੂੰ ਲੈਕੇ ਜਮਹੂਰੀਅਤ ਢੰਗਾਂ ਰਾਹੀ ਲੜਾਈ ਲੜ੍ਹਦੇ ਆ ਰਹੇ ਹਨ ਅਤੇ ਉਸ ਸੋਚ ਉਤੇ ਦ੍ਰਿੜਤਾ ਨਾਲ ਪਹਿਰਾ ਦਿੰਦੇ ਆ ਰਹੇ ਹਨ । ਇਥੇ ਸੰਗਤਾਂ ਨੂੰ ਇਸ ਗੱਲ ਦੀ ਵੀ ਜਾਣਕਾਰੀ ਦੇਣਾ ਆਪਣਾ ਫਰਜ ਸਮਝਦੇ ਹਾਂ ਕਿ ਕਦੀ ਮਰਹੂਮ ਗੁਰਚਰਨ ਸਿੰਘ ਟੋਹੜਾ ਵੀ ਮਾਨ ਸਾਹਿਬ ਨੂੰ ਇਨ੍ਹਾਂ ਏਜੰਸੀਆ ਦੇ ਇਸਾਰੇ ਤੇ ਅੜਿਕਾ ਸਿੰਘ ਕਹਿੰਦੇ ਰਹੇ ਹਨ । ਜਦੋਂ ਭਾਰਤੀ ਮੀਡੀਆ ਤੇ ਆਪਣੇ ਆਪ ਨੂੰ ਸਿੱਖਾਂ ਦੇ ਚੈਨਲ ਕਹਾਉਣ ਵਾਲੇ ਉਪਰੋਕਤ ਸਿਆਸੀ ਦਿਸ਼ਾ ਆਦੇਸ਼ ਅਨੁਸਾਰ ਦਿੱਤੇ ਗਏ ਸਵਾਲ ਹੀ ਸ. ਮਾਨ ਨੂੰ ਪੁੱਛਣ ਤਾਂ ਖੁਦ-ਬ-ਖੁਦ ਸਮਝ ਆ ਜਾਂਦੀ ਹੈ ਕਿ ਇਹ ਖੇਡ ਕਿਥੋਂ ਖੇਡੀ ਜਾ ਰਹੀ ਹੈ ਅਤੇ ਇਸ ਖੇਡ ਪਿੱਛੇ ਕਿਹੜੀਆ ਤਾਕਤਾਂ ਹਨ । ਇਸੇ ਤਰ੍ਹਾਂ ਇਕ ਵਾਰੀ ਇਟਲੀ ਵਿਚ ਜਦੋਂ ਆਪਣੇ ਆਪ ਨੂੰ ਸਿੱਖ ਕੌਮ ਦਾ ਚੈਨਲ ਕਹਾਉਣ ਵਾਲਾ ਇਹ ਚੈਨਲ ਲਾਈਵ ਪ੍ਰੋਗਰਾਮ ਕਰ ਰਿਹਾ ਸੀ ਤਾਂ ਸ. ਮਾਨ ਜਦੋਂ ਬੋਲਣ ਲੱਗੇ ਤਾਂ ਇਨ੍ਹਾਂ ਨੇ ਲਾਈਵ ਕਾਸਟ ਬੰਦ ਕਰ ਦਿੱਤਾ, ਕੀ ਸੰਗਤ ਅਤੇ ਅਸੀਂ ਇਹ ਨਹੀਂ ਸਮਝ ਸਕਦੇ ਕਿ ਅਜਿਹੇ ਕੌਮੀ ਪ੍ਰੋਗਰਾਮਾਂ ਨੂੰ ਚੈਨਲਾਂ ਅਤੇ ਮੀਡੀਏ ਉਤੇ ਕਿਹੜੀ ਤਾਕਤ ਬੰਦ ਕਰਵਾਉਦੀ ਹੈ ਅਤੇ ਉਹ ਕੌਣ ਲੋਕ ਨੇ ਜੋ ਸ. ਮਾਨ ਨੂੰ ਬਾਰ-ਬਾਰ ਉਹੀ ਸਵਾਲ ਪੁੱਛਕੇ ਸਿੱਖ ਕੌਮ ਦੇ ਕੌਮੀ ਮਿਸ਼ਨ ਤੋਂ ਥਿੜਕਾਉਣ ਅਤੇ ਉਸਦੀ ਦਿਸ਼ਾ ਬਦਲਣ ਦੀ ਮੰਦਭਾਵਨਾ ਅਧੀਨ ਅਸਫ਼ਲ ਕੋਸਿ਼ਸ਼ਾਂ ਕਰ ਰਹੇ ਹਨ ?
ਅਸੀਂ ਇਹ ਵੀ ਸਪੱਸਟ ਕਰ ਦੇਣਾ ਚਾਹੁੰਦੇ ਹਾਂ ਕਿ ਸਾਡੀ ਕਿਸੇ ਨਾਲ ਵੀ ਨਿੱਜੀ ਲੜਾਈ ਨਹੀਂ । ਪਰ ਅਸੀਂ ਭਾਰਤੀ ਹੁਕਮਰਾਨਾਂ ਵਰਗੀ ਮੁਕਾਰਤਾ ਅਤੇ ਐਟਮੀ ਤਾਕਤਾਂ ਦੇ ਵਿਰੁੱਧ 35 ਸਾਲਾ ਤੋਂ ਨਿੱਗਰ ਲੜਾਈ ਲੜ੍ਹਦੇ ਆ ਰਹੇ ਹਾਂ ਅਤੇ ਸਾਡੇ ਪੈਮਾਨਾ ਸਿੱਖ ਸਿਧਾਂਤ ਅਤੇ ਸਰਬੱਤ ਦੇ ਭਲੇ ਵਾਲੀ ਮਨੁੱਖਤਾ ਪੱਖੀ ਸੋਚ ਹੈ । ਅਸੀਂ ਕਿਸੇ ਵੀ ਲੱਲੀ-ਛੱਲੀ ਨੂੰ ਛੋਟੀਆ-ਮੋਟੀਆ ਮੰਦਭਾਵਨਾ ਅਧੀਨ ਕੀਤੇ ਜਾ ਰਹੇ ਸਵਾਲਾ ਦੇ ਜੁਆਬ ਦੇਣ ਦੇ ਪਾਬੰਦ ਨਹੀਂ ਹਾਂ । ਫਿਰ ਜੋ ਤਾਕਤਾਂ ਜਾਂ ਚੈਨਲ ਭਾਰਤੀ ਏਜੰਸੀਆਂ ਦੇ ਇਸਾਰਿਆ ਤੇ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਤਾਂ ਅਸੀਂ ਬਿਲਕੁਲ ਵੀ ਜੁਆਬਦੇਹ ਨਹੀਂ ਹਾਂ । ਆਪ ਜੀ ਇਤਿਹਾਸ ਦੀ ਉਸ ਗੱਲ ਸੰਬੰਧੀ ਭਰਪੂਰ ਜਾਣਕਾਰੀ ਰੱਖਦੇ ਹੋ ਕਿ ਜਰਨਲ ਸ਼ਾਮ ਸਿੰਘ ਅਟਾਰੀਵਾਲੇ ਨੂੰ ਪਤਾ ਸੀ ਕਿ ਸਾਡੀ ਜਿੱਤ ਵੀ ਨਹੀਂ ਹੋ ਸਕਦੀ ਅਤੇ ਸ਼ਹੀਦੀ ਵੀ ਅਟੱਲ ਹੈ ਤਦ ਵੀ ਉਹ ਸਿੱਖ ਫੌ਼ਜ ਦੀ ਅਗਵਾਈ ਕਰਨ ਲਈ ਰਣ ਵਿਚ ਗਏ ਤੇ ਸ਼ਹੀਦੀ ਪ੍ਰਾਪਤ ਕੀਤੀ । ਇਸੇ ਤਰ੍ਹਾਂ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਨੂੰ ਵੀ ਪਤਾ ਸੀ ਕਿ ਤਰਨਤਾਰਨ ਲਾਹੌਰ ਦੀ ਸੜਕ ਉਤੇ ਜੋ ਉਨ੍ਹਾਂ ਨੇ ਚੂੰਗੀ ਲਗਾਈ ਹੈ, ਉਸਦੇ ਨਤੀਜੇ ਤੇ ਖਮਿਆਜਾ ਉਨ੍ਹਾਂ ਨੂੰ ਭੁਗਤਣਾ ਪਵੇਗਾ, ਪਰ ਫਿਰ ਵੀ ਉਨ੍ਹਾਂ ਨੇ ਕੌਮ ਦੀ ਅਣਖ਼-ਗੈਰਤ ਨੂੰ ਮੁੱਖ ਰੱਖਦੇ ਹੋਏ ਬਿਨ੍ਹਾਂ ਕਿਸੇ ਭੈ-ਖੌਫ ਤੋਂ ਆਪਣੀ ਕੌਮੀ ਸ਼ਕਤੀ ਅਤੇ ਆਜ਼ਾਦੀ ਦਾ ਦ੍ਰਿੜਤਾ ਨਾਲ ਪ੍ਰਗਟਾਵਾ ਕੀਤਾ । ਇਸੇ ਤਰ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਨੂੰ ਵੀ ਪਤਾ ਸੀ ਕਿ ਉਨ੍ਹਾਂ ਨੂੰ ਤਿੰਨ ਮੁਲਕਾਂ ਰੂਸ, ਬਰਤਾਨੀਆ ਤੇ ਭਾਰਤੀ ਫ਼ੌਜਾਂ ਤੇ ਹਕੂਮਤਾਂ ਨੇ ਘੇਰਾ ਪਾ ਲਿਆ ਹੈ, ਪਰ ਉਨ੍ਹਾਂ ਨੇ ਇਸਦੇ ਬਾਵਜੂਦ ਵੀ ਸਿੱਖ ਇਤਿਹਾਸ ਤੇ ਪਹਿਰਾ ਦਿੰਦੇ ਹੋਏ ਆਤਮ ਸਮਰਪਨ ਬਿਲਕੁਲ ਨਾ ਕਰਨ ਦੀ ਗੱਲ ਕਰਕੇ ਕੌਮੀ ਯੁੱਧ ਨੂੰ ਪਹਿਲ ਦਿੱਤੀ ਤੇ ਸ਼ਹੀਦੀ ਪਾਈ ।
ਕੀ ਅਜਿਹੇ ਏਜੰਸੀਆ ਦੇ ਇਸਾਰਿਆ ਤੇ ਕੰਮ ਕਰਨ ਵਾਲੇ ਚੈਨਲ ਜਾਂ ਮੀਡੀਆ ਸ਼ਹੀਦ ਜਰਨਲ ਸ਼ਾਮ ਸਿੰਘ, ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਅਤੇ ਹੋਰ ਅਨੇਕਾ ਸ਼ਹੀਦਾਂ ਨੂੰ ਵੀ ਪੁੱਛਣਗੇ ਕਿ ਉਨ੍ਹਾਂ ਨੂੰ ਅਜਿਹੀਆ ਸ਼ਹੀਦੀਆ ਦੇਣ ਤੇ ਯੁੱਧ ਕਰਨ ਦਾ ਕੀ ਫਾਇਦਾ ਹੋਇਆ ? ਜਿਹੜੀਆ ਇੰਨਕਲਾਬੀ ਸੋਚ ਉਤੇ ਤੁਰਨ ਵਾਲੀਆ ਸਖਸ਼ੀਅਤਾਂ ਹੁੰਦੀਆ ਹਨ, ਉਨ੍ਹਾਂ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੁੰਦੀ ਕਿ ਕਿੰਨਿਆ ਨੇ ਪਸੰਦ ਕੀਤਾ ਹੈ ਅਤੇ ਕਿੰਨਿਆ ਨੇ ਨਿਖੇਧੀ ਕੀਤੀ ਹੈ । ਉਹ ਆਪਣੀ ਮਸਤ ਹਾਥੀ ਵਾਲੀ ਚਾਲ ਬਿਨ੍ਹਾਂ ਕਿਸੇ ਰੋਕ-ਟੋਕ ਜਾਂ ਬਿਨ੍ਹਾਂ ਕਿਸੇ ਡਰ-ਭੈ ਤੋਂ ਆਪਣੀ ਮਿੱਥੀ ਮੰਜਿ਼ਲ ਵੱਲ ਅਡੋਲ ਵੱਧਦੇ ਰਹਿੰਦੇ ਹਨ । ਜੋ ਕਾਂਗਰਸ, ਆਮ ਆਦਮੀ ਪਾਰਟੀ, ਆਰ.ਐਸ.ਐਸ-ਬੀਜੇਪੀ, ਬਾਦਲ ਦਲ ਆਪਣੇ ਸਿਆਸੀ ਅਕਾਵਾ ਨੂੰ ਖੁਸ਼ ਕਰਨ ਲਈ ਕਰ ਰਹੇ ਹਨ, ਸਾਨੂੰ ਇਨ੍ਹਾਂ ਉਤੇ ਕੋਈ ਇਤਰਾਜ ਨਹੀਂ । ਪਰ ਸਿੱਖ ਹੋ ਕੇ ਅਤੇ ਸਿੱਖ ਕੌਮ ਦੇ ਨਾਮ ਦੀ ਵਰਤੋਂ ਕਰਕੇ ਜੋ ਗੁੰਮਰਾਹ ਕਰ ਰਹੇ ਹਨ, ਉਨ੍ਹਾਂ ਉਤੇ ਸਾਨੂੰ ਡੂੰਘਾਂ ਸਿਕਵਾ ਵੀ ਹੈ ਅਤੇ ਕੌਮ ਨੂੰ ਅਜਿਹਿਆ ਤੋਂ ਸੁਚੇਤ ਰਹਿਣਾ ਵੀ ਜਰੂਰੀ ਹੈ ।
ਇਹ ਪੱਤਰ ਅਸੀਂ 46 ਡਿਗਰੀ ਸੈਟੀਗ੍ਰੇਟ ਦੀ ਲੂ ਵਾਲੀ ਗਰਮੀ ਵਿਚ ਬੈਠਕੇ ਲਿਖ ਰਹੇ ਹਾਂ ਅਤੇ ਆਪਣੀ ਕੌਮੀ ਮੰਜਿ਼ਲ ਲਈ ਅਡੋਲ ਸੰਘਰਸ਼ ਵੀ ਕਰ ਰਹੇ ਹਾਂ । ਪਰ ਅਜਿਹੀਆ ਕਾਰਵਾਈਆ ਕਰਨ ਵਾਲੇ ਮਖਮਲ ਦੀਆਂ ਰੇਸਮੀ ਰਜਾਈਆ ਵਿਚ ਆਪਣੇ ਮੁਲਕਾਂ ਦੀ ਠੰਡੇ ਤੇ ਸੁਖਾਵੇ ਮਾਹੌਲ ਦਾ ਆਨੰਦ ਮਾਣ ਰਹੇ ਹਨ ਅਤੇ ਇਸ ਤੋਂ ਵੀ ਉਪਰ ਨਿਡਰਤਾ ਤੇ ਦੂਰਅੰਦੇਸ਼ੀ ਨਾਲ ਸਿੱਖ ਕੌਮ ਦੇ ਸੰਘਰਸ਼ ਦਾ ਸਾਥ ਦੇਣ ਦੀ ਬਜਾਇ ਉਨ੍ਹਾਂ ਹਿੰਦੂਤਵ ਤਾਕਤਾਂ ਦੀਆਂ ਸਾਜਿ਼ਸਾਂ ਦਾ ਸਿ਼ਕਾਰ ਹੋ ਰਹੇ ਹਨ ਜਿਨ੍ਹਾਂ ਨੇ ਪਹਿਲੇ 1947 ਵਿਚ ਫਿਰ 1984 ਵਿਚ ਬਲਿਊ ਸਟਾਰ ਦੇ ਸਮੇਂ ਫਿਰ ਅਕਤੂਬਰ 1984 ਵਿਚ ਸਿੱਖ ਕੌਮ ਦਾ ਕਤਲੇਆਮ ਕਰਵਾਇਆ । ਅਮਰੀਕਾ ਦੇ ਪ੍ਰੈਜੀਡੈਟ ਕੈਨੇਡੀ ਨੇ ਕਿਹਾ ਸੀ ਕਿ :-
THINK NOT WHAT YOUR COUNTRY CAN DO FOR YOU, THINK WHAT YOU CAN DO FOR YOUR COUNTRY? ਅਰਥਾਂਤ ਇਹ ਨਾ ਸੋਚੋ ਕਿ ਤੁਹਾਡਾ ਮੁਲਕ ਤੁਹਾਡੇ ਲਈ ਕੀ ਕਰ ਸਕਦਾ ਹੈ, ਇਹ ਸੋਚੋ ਕਿ ਤੁਸੀਂ ਆਪਣੇ ਮੁਲਕ ਲਈ ਕੀ ਕਰ ਸਕਦੇ ਹੋ ? ਹੁਣ ਸਿੱਖ ਚੈਨਲ ਅਤੇ ਹੋਰ ਅਜਿਹੇ ਮੀਡੀਆ ਜੋ ਸਿੱਖ ਹੋ ਕੇ ਵੀ ਸਿੱਖਾਂ ਉਤੇ ਹੀ ਜਾਂ ਸਿੱਖ ਸੰਘਰਸ਼ ਉਤੇ ਹੀ ਕਿੰਤੂ-ਪ੍ਰੰਤੂ ਕਰਦੇ ਹਨ ਉਨ੍ਹਾਂ ਨੂੰ ਕੈਨੇਡੀ ਦੇ ਅਰਥ ਭਰਪੂਰ ਅਰਥਾਂ ਨੂੰ ਜ਼ਰੂਰ ਵਾਂਚ ਲੈਣਾ ਚਾਹੀਦਾ ਹੈ । ਫਿਰ ਉਨ੍ਹਾਂ ਨੂੰ ਆਪਣੀ ਆਤਮਾ ਤੋਂ ਸਹੀ ਜੁਆਬ ਮਿਲ ਸਕੇ ।
ਅਜਿਹੇ ਹਕੂਮਤੀ ਤਾਕਤਾਂ ਦਾ ਸਾਥ ਦੇਣ ਵਾਲਿਆ ਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਤਾਂ ਇਹ ਤਾਕਤਾਂ ਝੱਟ ਵਿਜੇ ਪ੍ਰਦਾਨ ਕਰ ਦਿੰਦੀਆ ਹਨ । ਲੇਕਿਨ ਸਿੱਖ ਕੌਮ ਦੀ ਆਜ਼ਾਦੀ ਦੀ ਅਗਵਾਈ ਕਰਨ ਵਾਲੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਬਰਤਾਨੀਆ, ਕੈਨੇਡਾ, ਅਮਰੀਕਾ ਵੀਜਾ ਹੀ ਨਹੀਂ ਦਿੰਦੇ ? ਸਾਨੂੰ ਇਹ ਵੀ ਜਾਣਕਾਰੀ ਹੈ ਕਿ ਸਿੱਖ ਕੌਮ ਦੀ ਅਸੀਮਤ ਸ਼ਕਤੀ ਨੂੰ ਕੋਈ ਵੀ ਦੁਨੀਆ ਦੀ ਤਾਕਤ ਢਾਅ ਨਹੀਂ ਲਗਾ ਸਕਦੀ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਉਸ ਕਹਾਵਤ ‘ਘਰ ਦਾ ਭੇਤੀ ਲੰਕਾਂ ਢਾਹੇ’ ਦੇ ਅਨੁਸਾਰ ਅੱਜ ਕੁਝ ਦੁਨਿਆਵੀ, ਪਰਿਵਾਰਿਕ ਅਤੇ ਮਾਲੀ ਸਵਾਰਥਾਂ ਦੇ ਗੁਲਾਮ ਬਣਕੇ ਕੁਝ ਲੋਕ ਅਤੇ ਕੁਝ ਚੈਨਲ ਤੇ ਮੀਡੀਆ ਵੀ ਉਪਰੋਕਤ ਕਹਾਵਤ ਨੂੰ ਪੂਰਨ ਕਰ ਰਿਹਾ ਹੈ । ਲੇਕਿਨ ਇਹ ਲੋਕ ਭੁੱਲ ਜਾਂਦੇ ਹਨ ਕਿ ਉਸ ਅਕਾਲ ਪੁਰਖ ਦੀ ਕਚਹਿਰੀ ਵਿਚ ਅਤੇ ਸਿੱਖ ਕੌਮ ਦੀ ਕਚਹਿਰੀ ਵਿਚ ਇਨ੍ਹਾਂ ਨੂੰ ਆਖਿਰ ਜੁਆਬ ਦੇਣਾ ਪਵੇਗਾ ਅਤੇ ਇਤਿਹਾਸ ਨੇ ਨਾ ਪਹਿਲਾ ਕਦੇ ਅਜਿਹੇ ਹੁਕਮਰਾਨਾਂ ਦੀਆ ਸਾਜਿ਼ਸਾਂ ਦਾ ਸਿਕਾਰ ਹੋਏ ਸਿੱਖਾਂ ਨੂੰ ਮੁਆਫ਼ ਕੀਤਾ ਹੈ ਅਤੇ ਨਾ ਹੀ ਆਉਣ ਵਾਲਾ ਇਤਿਹਾਸ ਇਨ੍ਹਾਂ ਨੂੰ ਮੁਆਫ਼ ਕਰੇਗਾ ਅਤੇ ਨਾ ਹੀ ਇਹ ਅਜਿਹੀਆ ਕਾਰਵਾਈਆ ਕਰਕੇ ਸ. ਸਿਮਰਨਜੀਤ ਸਿੰਘ ਮਾਨ ਵਰਗੀ ਬੇਦਾਗ, ਨਿੱਧੜਕ, ਇਮਾਨਦਾਰ ਅਤੇ ਇਰਾਦੇ ਦੀ ਪੱਕੀ ਸ਼ਖਸੀਅਤ ਨੂੰ ਕੋਈ ਕੌਮੀ ਨੁਕਸਾਨ ਪਹੁੰਚਾ ਸਕਣਗੇ । ਸਿੱਖ ਕੌਮ ਦੀ ਮੰਜਿਲ ਅਵੱਸ ਮਿਲੇਗੀ ਅਤੇ ਅਜਿਹੇ ਸਾਜਿ਼ਸਕਾਰ ਧੂੜ ਵਿਚ ਹੀ ਰੁਲ ਜਾਣਗੇ । ਇਸ ਲਈ ਅਜਿਹੇ ਸਾਜਿਸਕਾਰਾਂ ਤੇ ਉਨ੍ਹਾਂ ਦੇ ਸਹਿਯੋਗੀਆ ਲਈ ਬਿਹਤਰ ਹੋਵੇਗਾ ਕਿ ਉਹ ਚੰਦ ਦੁਨਿਆਵੀ ਸਵਾਰਥੀ ਕਾਰਵਾਈਆ ਨੂੰ ਅਲਵਿਦਾ ਕਹਿਕੇ ਕੌਮੀ ਪਾੜੇ ਵਿਚ ਖਲੋਣ ਅਤੇ ਆਜਾਦੀ ਦੀ ਮੰਜਿ਼ਲ ਨੂੰ ਪ੍ਰਾਪਤ ਕਰਨ ਵਿਚ ਯੋਗਦਾਨ ਪਾਉਣ ।
ਪੂਰਨ ਸਤਿਕਾਰ ਤੇ ਉਮੀਦ ਸਾਹਿਤ,
ਗੁਰੂਘਰ ਤੇ ਪੰਥ ਦਾ ਦਾਸ,
ਪ੍ਰੋ. ਮਹਿੰਦਰਪਾਲ ਸਿੰਘ,
ਜਰਨਲ ਸਕੱਤਰ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)।
ਸਤਿਕਾਰਯੋਗ ਗੁਰੂ ਰੂਪ ਖ਼ਾਲਸਾ ਜੀਓ,
ਅਤੇ ਪ੍ਰਬੰਧਕ ਅਕਾਲ ਚੈਨਲ ਯੂ.ਕੇ. 

About The Author

Related posts

Leave a Reply

Your email address will not be published. Required fields are marked *